ਪਤੀ ਪੀੜਤਾ ਦੇ ਮੁਆਵਜ਼ੇ ’ਚ ਵੀਹ ਗੁਣਾ ਵਾਧਾ

0
100

ਮੁੰਬਈ : ਇੱਥੋਂ ਦੀ ਇੱਕ ਸੈਸ਼ਨ ਅਦਾਲਤ ਨੇ ਘਰੇਲੂ ਹਿੰਸਾ ਦੇ ਇੱਕ ਮਾਮਲੇ ਵਿੱਚ ਮਹਿਲਾ ਨੂੰ ਦਿੱਤੇ ਗਏ ਮੁਆਵਜ਼ੇ ਨੂੰ 5 ਲੱਖ ਰੁਪਏ ਤੋਂ ਵਧਾ ਕੇ ਇੱਕ ਕਰੋੜ ਰੁਪਏ ਕਰ ਦਿੱਤਾ ਹੈ। ਅਦਾਲਤ ਨੇ ਨੋਟਿਸ ਕੀਤਾ ਕਿ ਔਰਤ ਦਾ ਪਤੀ, ਜੋ ਇੱਕ ਲਿਫਟ ਕੰਪਨੀ ਚਲਾਉਂਦਾ ਹੈ ਅਤੇ ਉਸ ਦਾ ਪਰਵਾਰ ਕਰੋੜਪਤੀ ਹੈ। ਮੁਆਵਜ਼ੇ ਤੋਂ ਇਲਾਵਾ ਅਦਾਲਤ ਨੇ ਔਰਤ ਅਤੇ ਉਸ ਦੀ ਧੀ ਨੂੰ ਦਿੱਤਾ ਜਾਣ ਵਾਲਾ ਮਹੀਨਾਵਾਰ ਗੁਜ਼ਾਰਾ ਭੱਤਾ ਵੀ ਇੱਕ ਲੱਖ ਰੁਪਏ ਤੋਂ ਵਧਾ ਕੇ ਡੇਢ ਲੱਖ ਰੁਪਏ ਕਰ ਦਿੱਤਾ ਹੈ।
ਇਸ ਦੌਰਾਨ ਅਦਾਲਤ ਨੇ ਮੰਨਿਆ ਕਿ ਸ਼ਿਕਾਇਤਕਰਤਾ ਨੂੰ ਆਪਣੇ ਪਤੀ ਨਾਲ ਰਹਿੰਦੇ ਹੋਏ ਸਰੀਰਕ ਅਤੇ ਮਾਨਸਿਕ ਤਸੀਹੇ ਝੱਲਣੇ ਪਏ ਅਤੇ ਕਿਹਾ, ‘ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।’ ਪਿਛਲੇ ਮਹੀਨੇ ਦਿੱਤੇ ਗਏ ਆਪਣੇ ਹੁਕਮ ਵਿੱਚ ਐਡੀਸ਼ਨਲ ਸੈਸ਼ਨ ਜੱਜ ਐੱਸ ਜੇ. ਅੰਸਾਰੀ ਨੇ ਫੈਸਲਾ ਸੁਣਾਇਆ ਕਿ ਮੈਜਿਸਟਰੇਟ ਵੱਲੋਂ ਦਿੱਤਾ ਗਿਆ 5 ਲੱਖ ਰੁਪਏ ਦਾ ਸ਼ੁਰੂਆਤੀ ਮੁਆਵਜ਼ਾ ਮਾਮੂਲੀ ਸੀ, ਕਿਉਂਕਿ ਔਰਤ ਨੇ 20 ਸਾਲਾਂ ਤੱਕ ਤਸ਼ੱਦਦ ਅਤੇ ਬੇਇੱਜ਼ਤੀ ਸਹਿਣ ਕੀਤੀ। 41 ਸਾਲਾ ਪੀੜਤ ਮਹਿਲਾ ਨੇ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਬਾਰੇ ਐਕਟ ਦੇ ਤਹਿਤ ਮੈਜਿਸਟਰੇਟ ਵੱਲੋਂ ਫਰਵਰੀ 2020 ਵਿੱਚ ਪਾਸ ਕੀਤੇ ਗਏ ਮੁਆਵਜ਼ੇ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਉਸ ਨੇ ਦਸੰਬਰ 1997 ਵਿੱਚ ਵਿਆਹ ਤੋਂ ਬਾਅਦ ਪਤੀ ਅਤੇ ਸਹੁਰਿਆਂ ਵੱਲੋਂ ਸਰੀਰਕ, ਭਾਵਨਾਤਮਕ ਅਤੇ ਆਰਥਕ ਸ਼ੋਸ਼ਣ ਦਾ ਇੱਕ ਲੰਮਾ ਇਤਿਹਾਸ ਹੋਣ ਦਾ ਦੋਸ਼ ਲਗਾਇਆ। ਸੈਸ਼ਨ ਅਦਾਲਤ ਨੇ ਨੋਟ ਕੀਤਾ ਕਿ ਔਰਤ ਨੂੰ ਵਿਆਹ ਦੇ ਲਗਭਗ 20 ਸਾਲਾਂ ਦੌਰਾਨ ਕੁੱਟਮਾਰ, ਗੰਭੀਰ ਹਮਲੇ, ਤਾਅਨੇ ਅਤੇ ਇੱਥੋਂ ਤੱਕ ਕਿ ਵਿੱਤੀ ਤੰਗੀ ਸਹਿਣ ਤੋਂ ਬਾਅਦ ਆਖਰੀ ਉਪਾਅ ਵਜੋਂ ਗੁਜ਼ਾਰਾ ਭੱਤੇ ਲਈ ਕਾਨੂੰਨੀ ਮਦਦ ਲੈਣ ਲਈ ਮਜਬੂਰ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਔਰਤ ਵੱਲੋਂ ਆਪਣੇ ਪਤੀ ਨਾਲ ਰਹਿੰਦਿਆਂ ਸਹਿਣ ਕੀਤੇ ਗਏ ਸਰੀਰਕ ਅਤੇ ਮਾਨਸਕ ਤਸੀਹਿਆਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸੈਸ਼ਨ ਜੱਜ ਨੇ ਇਹ ਵੀ ਨੋਟ ਕੀਤਾ ਕਿ ਮੈਜਿਸਟਰੇਟ ਨੇ ਪੀੜਤ ਔਰਤ ਨੂੰ 5 ਲੱਖ ਰੁਪਏ ਦਿੱਤੇ ਸਨ। ਹੁਕਮ ਦੇ ਅਨੁਸਾਰ ਜਦੋਂ ਕਿ ਔਰਤ ਨੇ ਰਕਮ ਨੂੰ ਬਹੁਤ ਘੱਟ ਦੱਸਿਆ, ਉਸ ਦੇ ਪਤੀ ਨੇ ਦਲੀਲ ਦਿੱਤੀ ਕਿ ਉਹ ਮੁਆਵਜ਼ੇ ਵਜੋਂ ਕਿਸੇ ਵੀ ਪੈਸੇ ਦੀ ਹੱਕਦਾਰ ਨਹੀਂ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਪਤੀ ਅਤੇ ਉਸ ਦੇ ਪਿਤਾ ਕੋਲ 2012 ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਦੀ ਜ਼ਮੀਨ ਦੇ ਨਾਲ-ਨਾਲ ਫਲੈਟ ਖਰੀਦਣ ਦੀ ਵਿੱਤੀ ਸਮਰੱਥਾ ਸੀ। ਅਦਾਲਤ ਨੇ ਕਿਹਾ ਕਿ ਵਿਅਕਤੀ ਆਪਣੀ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਇਹ ਸਾਬਤ ਨਹੀਂ ਕਰ ਸਕਿਆ ਕਿ ਉਸ ਦੀ ਵਿੱਤੀ ਸਥਿਤੀ ਚੰਗੀ ਨਹੀਂ ਸੀ। ਅਦਾਲਤ ਨੇ ਇਹ ਨੋਟ ਕੀਤਾ ਕਿ ਉਹ ਬਹੁਤ ਅਮੀਰ ਹੈ ਅਤੇ ਮੈਜਿਸਟਰੇਟ ਵੱਲੋਂ ਦਿੱਤਾ ਗਿਆ 5 ਲੱਖ ਰੁਪਏ ਦਾ ਮੁਆਵਜ਼ਾ ਬਹੁਤ ਮਾਮੂਲੀ ਰਕਮ ਹੈ। ਅਦਾਲਤ ਨੇ ਫੈਸਲਾ ਸੁਣਾਇਆ, ‘ਇਸ ਵਿੱਚ ਬਹੁਤ ਜ਼ਿਆਦਾ ਵਾਧਾ ਕਰਨ ਦੀ ਲੋੜ ਹੈ, ਤਾਂ ਜੋ ਸ਼ਿਕਾਇਤਕਰਤਾ ਨੂੰ 20 ਸਾਲਾਂ ਦੇ ਤਸ਼ੱਦਦ, ਅਪਮਾਨ, ਆਰਥਕ ਸ਼ੋਸ਼ਣ, ਤਾਅਨੇ-ਮਿਹਣਿਆਂ ਆਦਿ ਲਈ ਮੁਆਵਜ਼ਾ ਦਿੱਤਾ ਜਾ ਸਕੇ।’
ਅਦਾਲਤ ਨੇ ਕਿਹਾ ਕਿ ਔਰਤ ਨੂੰ ਹੁਣ ਆਪਣੇ ਦੋ ਪੁੱਤਰਾਂ ਤੋਂ ਦੂਰ ਹੋਣ ਦਾ ਵੀ ਦੁੱਖ ਝੱਲਣਾ ਪੈ ਰਿਹਾ ਹੈ। ਜੱਜ ਨੇ ਕਿਹਾ ਕਿ ਪਤੀ ਨੇ ਪੁੱਤਰਾਂ ਨੂੰ ਉਨ੍ਹਾਂ ਦੀ ਮਾਂ ਦੇ ਵਿਰੁੱਧ ਪ੍ਰਭਾਵਤ ਕੀਤਾ ਹੈ। ਇਹ ਵੀ ਇੱਕ ਅਜਿਹੀ ਚੀਜ਼ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਰੇ ਪਹਿਲੂਆਂ ’ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਔਰਤ ਅਤੇ ਉਸ ਦੀ ਧੀ ਨੂੰ ਦਿੱਤੇ ਗਏ ਮੁਆਵਜ਼ੇ ਦੇ ਨਾਲ-ਨਾਲ ਗੁਜ਼ਾਰਾ ਭੱਤਾ ਵੀ ਵਧਾ ਦਿੱਤਾ।