ਪਲੱਕੜ : ਕੇਰਲਾ ਦੀ ਅਦਾਲਤ ਨੇ ਰਾਜ ਦੇ ਪਲੱਕੜ ਜ਼ਿਲ੍ਹੇ ਦੇ ਕਰਿੰਬਾ ਪਿੰਡ ’ਚ ਨਾਬਾਲਗ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ 90 ਸਾਲਾ ਵਿਅਕਤੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਫਾਸਟ ਟ੍ਰੈਕ ਸਪੈਸ਼ਲ ਕੋਰਟ ਦੇ ਜੱਜ ਸਤੀਸ਼ ਕੁਮਾਰ ਨੇ ਦੋਸ਼ੀ ਨੂੰ 2020 ਵਿਚ 15 ਸਾਲਾ ਕੁੜੀ, ਜੋ ਉਸ ਦੀ ਗੁਆਂਢਣ ਸੀ, ਦਾ ਜਿਨਸੀ ਸ਼ੋਸ਼ਣ ਕਰਨ ਲਈ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਉਸ ਨੂੰ ਜਿਨਸੀ ਸ਼ੋਸ਼ਣ ਦੇ ਅਪਰਾਧ ਲਈ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਆਫੈਂਸ (ਪੋਕਸੋ) ਐਕਟ ਦੀ ਧਾਰਾ 7 ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਪੋਕਸੋ ਐਕਟ ਦੀ ਧਾਰਾ 7 ਦੇ ਤਹਿਤ ਅਪਰਾਧ ਲਈ ਘੱਟੋ-ਘੱਟ ਤਿੰਨ ਸਾਲ ਅਤੇ ਵੱਧ ਤੋਂ ਵੱਧ ਪੰਜ ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ।