ਲਾਸ ਏਂਜਲਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਸ ਏਂਜਲਸ ’ਚ ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਦੇ ਵਿਰੋਧ ਕਾਰਨ ਐਤਵਾਰ ਤਣਾਅ ਹੋਰ ਵਧ ਗਿਆ ਹੈ। ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ’ਤੇ ਉੱਤਰ ਆਏ ਤੇ ਉਨ੍ਹਾਂ ਇੱਕ ਪ੍ਰਮੁੱਖ ਸ਼ਾਹਰਾਹ ਜਾਮ ਕਰ ਦਿੱਤਾ। ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਇਸ ਦੌਰਾਨ ਘੋੜਿਆਂ ’ਤੇ ਸਵਾਰ ਪੁਲਸ ਕਰਮੀਆਂ ਨੂੰ ਸੜਕਾਂ ’ਤੇ ਗਸ਼ਤ ਕਰਦਿਆਂ ਦੇਖਿਆ ਗਿਆ। ਫੌਜੀ ਜਵਾਨਾਂ ਨੂੰ ਨਜ਼ਰਬੰਦੀ ਸੈਂਟਰ ਦੀ ਸੁਰੱਖਿਆ ਵਿੱਚ ਤਾਇਨਾਤ ਕੀਤਾ ਗਿਆ ਹੈ, ਜਿੱਥੇ ਹਾਲ ਹੀ ਵਿਚ ਕੁਝ ਗੈਰ-ਪਰਵਾਸੀਆਂ ਨੂੰ ਲਿਆਂਦਾ ਗਿਆ ਸੀ। ਦੁਪਹਿਰ ਤੱਕ ਸੈਂਕੜੇ ਲੋਕ ਲਾਸ ਏਂਜਲਸ ਵਿੱਚ ਮੈਟਰੋਪਾਲਿਟਨ ਨਜ਼ਰਬੰਦੀ ਸੈਂਟਰ ਦੇ ਬਾਹਰ ਇਕੱਠੇ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਵਿਰੁੱਧ ‘ਸ਼ਰਮ ਕਰੋ’ ਅਤੇ ‘ਵਾਪਸ ਜਾਓ’ ਦੇ ਨਾਅਰੇ ਲਗਾਏ। ਕੁਝ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਗਾਰਡਜ਼ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਵਰਦੀਧਾਰੀ ਅਧਿਕਾਰੀਆਂ ਦੇ ਇੱਕ ਸਮੂਹ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ। ਕੁਝ ਮਿੰਟਾਂ ਬਾਅਦ, ਲਾਸ ਏਂਜਲਸ ਪੁਲਸ ਵਿਭਾਗ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਭੀੜ ਕੰਟਰੋਲ ਕਰਨ ਵਾਲੇ ਹਥਿਆਰਾਂ ਦੀ ਵਰਤੋਂ ਕੀਤੀ। ਪ੍ਰਦਰਸ਼ਨਕਾਰੀਆਂ ਨੇ ਫਿਰ ਹਾਈਵੇਅ 101 ’ਤੇ ਆਵਾਜਾਈ ਰੋਕੀ, ਪਰ ਬਾਅਦ ਵਿੱਚ ਕੈਲੀਫੋਰਨੀਆ ਹਾਈਵੇਅ ਪੈਟਰੋਲ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ। ਐਤਵਾਰ ਦੁਪਹਿਰ ਨੂੰ ਟਰੰਪ ਨੂੰ ਭੇਜੇ ਗਏ ਇੱਕ ਪੱਤਰ ਵਿੱਚ, ਗਵਰਨਰ ਗੈਵਿਨ ਨਿਊਸਮ ਨੇ ਕਿਹਾ ਕਿ ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਨਾਲ ਤਣਾਅ ਵਧ ਰਿਹਾ ਹੈ। ਉਧਰ, ਟਰੰਪ ਨੇ ਕਿਹਾ ਕਿ ਨੈਸ਼ਨਲ ਗਾਰਡ ਦੀ ਤਾਇਨਾਤੀ ਜ਼ਰੂਰੀ ਹੈ। ਸ਼ੁੱਕਰਵਾਰ ਨੂੰ ਲਾਸ ਏਂਜਲਸ ਵਿੱਚ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ 44 ਲੋਕਾਂ ਨੂੰ ਗਿ੍ਰਫਤਾਰ ਕੀਤੇ ਜਾਣ ਮਗਰੋਂ ਵਿਰੋਧ ਪ੍ਰਦਰਸ਼ਨ ਜਾਰੀ ਹਨ।




