ਡਾਕਟਰਾਂ ਨੇ ਮੰਤਰੀ ਤੋਂ ਮੁਆਫੀ ਮੰਗਵਾਈ

0
129

ਪਣਜੀ : ਗੋਆ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਡਾਕਟਰਾਂ ਦੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਸੋਮਵਾਰ ਇੱਕ ਡਾਕਟਰ ਪ੍ਰਤੀ ਆਪਣੇ ਵਿਵਹਾਰ ਲਈ ਮੁਆਫੀ ਮੰਗ ਲਈ। ਉਸ ਡਾਕਟਰ ਦੀ ਮੁਅੱਤਲੀ ਦਾ ਹੁਕਮ ਉਸ ਨੇ ਜਨਤਕ ਤੌਰ ’ਤੇ ਦਿੱਤਾ ਸੀ ਅਤੇ ਕਿਹਾ ਸੀ ਕਿ ਡਾਕਟਰੀ ਸੇਵਾਵਾਂ ਵਿੱਚ ਵਿਘਨ ਨਹੀਂ ਪਾਉਣਾ ਚਾਹੀਦਾ। ਉਧਰ ਵਿਰੋਧੀ ਪਾਰਟੀ ਕਾਂਗਰਸ ਨੇ ਸ਼ਨਿੱਚਰਵਾਰ ਨੂੰ ਵਾਪਰੀ ਘਟਨਾ ’ਤੇ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
ਸੋਸ਼ਲ ਮੀਡੀਆ ਪੋਸਟ ਵਿੱਚ ਰਾਣੇ ਨੇ ਲਿਖਿਆ, ‘‘ਕਾਲਜ ਦੀ ਆਪਣੀ ਫੇਰੀ ਦੌਰਾਨ ਕਹੇ ਗਏ ਕਠੋਰ ਸ਼ਬਦਾਂ ਲਈ ਮੈਂ ਡਾ. ਕੁਟੀਕਰ ਤੋਂ ਦਿਲੋਂ ਮੁਆਫੀ ਮੰਗਦਾ ਹਾਂ। ਉਸ ਸਮੇਂ ਮੇਰੀਆਂ ਭਾਵਨਾਵਾਂ ਮੇਰੇ ਪ੍ਰਗਟਾਵੇ ’ਤੇ ਹਾਵੀ ਹੋ ਗਈਆਂ ਅਤੇ ਮੈਨੂੰ ਸਥਿਤੀ ਨੂੰ ਸੰਬੋਧਤ ਕਰਨ ਦੇ ਤਰੀਕੇ ’ਤੇ ਬਹੁਤ ਅਫਸੋਸ ਹੈ।’’
ਸਿਹਤ ਮੰਤਰੀ ਰਾਣੇ ਨੇ ਮਰੀਜ਼ਾਂ ਨਾਲ ਕਥਿਤ ਤੌਰ ’ਤੇ ਦੁਰਵਿਵਹਾਰ ਕਰਨ ਲਈ ਮੁੱਖ ਮੈਡੀਕਲ ਅਫਸਰ ਡਾਕਟਰ ਰੁਦਰੇਸ਼ ਕੁਟੀਕਰ ’ਤੇ ਗੁੱਸਾ ਜ਼ਾਹਰ ਕੀਤਾ ਸੀ ਅਤੇ ਉਸ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਮੁੱਖ ਮੰਤਰੀ ਪਰਮੋਦ ਸਾਵੰਤ ਨੇ ਐਤਵਾਰ ਵਿਵਾਦਪੂਰਨ ਫੈਸਲੇ ਨੂੰ ਰੱਦ ਕਰਦਿਆਂ ਮਾਮਲੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਈ ਐੱਮ ਏ ਗੋਆ ਸਮੇਤ ਕਈ ਮੈਡੀਕਲ ਯੂਨੀਅਨਾਂ ਨੇ ਮੰਤਰੀ ਨੂੰ ਆਪਣੇ ਵਿਵਹਾਰ ਲਈ ਮੁਆਫੀ ਮੰਗਣ ਲਈ 48 ਘੰਟਿਆਂ ਦੀ ਸਮਾਂ-ਸੀਮਾ ਦਿੱਤੀ ਸੀ।