ਮੁੰਬਈ : ਨਵਜੋਤ ਸਿੰਘ ਸਿੱਧੂ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਤੀਜੇ ਸੀਜ਼ਨ ਵਿੱਚ 21 ਜੂਨ ਨੂੰ ਐਂਟਰੀ ਕਰਨ ਜਾ ਰਹੇ ਹਨ। ਨੈੱਟਫਲਿਕਸ ਵੱਲੋਂ ਜਾਰੀ ਕੀਤੇ ਗਏ ਪ੍ਰੀਮੀਅਰ ਵਿੱਚ ‘‘ਸਿੱਧੂ ਵਾਪਸ ਆ ਗਏ ਓਏ’’ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਇਸ ਪ੍ਰੀਮੀਅਰ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਅਰਚਨਾ ਪੂਰਨ ਸਿੰਘ ਨੂੰ ਇੱਕ ਸਰਪਰਾਈਜ਼ ਦਿੰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਉਹ ਸਰਪਰਾਈਜ਼ ਕੁੱਝ ਹੋਰ ਨਹੀਂ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੈ। ਵੀਡੀਓ ਵਿੱਚ ਉਹ ਅਰਚਨਾ ਪੂਰਨ ਸਿੰਘ ਨੂੰ ਮੂੰਹ ’ਤੇ ਪੱਟੀ ਬੰਨ੍ਹਣ ਲਈ ਵੀ ਕਹਿੰਦਾ ਹੈ, ‘‘ਕਿਉਂਕਿ ਸਿੱਧੂ ਭਾਜੀ ਨੇ ਹੁਣ ਤੁਹਾਨੂੰ ਬੋਲਣ ਨਹੀਂ ਦੇਣਾ।’’ ਉਜ, ਅਰਚਨਾ ਸ਼ੋਅ ਤੋਂ ਬਾਹਰ ਨਹੀਂ ਹੋ ਰਹੀ ਤੇ ਉਹ ਵੀ ਨਜ਼ਰ ਆਵੇਗੀ। ਸਿੱਧੂ ਨੇ ਕਿਹਾ, ‘‘ਸ਼ੋਅ ਵਿੱਚ ਵਾਪਸੀ ਘਰ ਵਾਪਸ ਆਉਣ ਵਰਗਾ ਮਹਿਸੂਸ ਹੋ ਰਿਹਾ ਹੈ ਅਤੇ ਇਸ ਸ਼ੋਅ ਦਾ ਹਿੱਸਾ ਬਨਣ ’ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।’’ ਸੁਨੀਲ ਗਰੋਵਰ, ਕਿ੍ਰਸ਼ਨਾ ਅਭਿਸ਼ੇਕ ਅਤੇ ਕੀਕੂ ਸ਼ਾਰਦਾ ਵੀ ਇਸ ਸ਼ੋਅ ਦਾ ਹਿੱਸਾ ਹੋਣਗੇ।




