ਨਿਊ ਯਾਰਕ : ਭਾਰਤੀ-ਅਮਰੀਕੀ ਕਾਰੋਬਾਰੀ ਕੁਨਾਲ ਜੈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ’ਤੇ ਨਿਊ ਜਰਸੀ ਦੇ ਨੇਵਾਰਕ ਹਵਾਈ ਅੱਡੇ ਤੋਂ ਇੱਕ ਭਾਰਤੀ ਵਿਦਿਆਰਥੀ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦੀ ਘਟਨਾ ਸਾਂਝੀ ਕੀਤੀ। ਜੈਨ ਨੇ ਲਿਖਿਆ, ‘ਮੈਂ ਕੱਲ੍ਹ ਰਾਤ ਇੱਕ ਨੌਜਵਾਨ ਭਾਰਤੀ ਵਿਦਿਆਰਥੀ ਨੂੰ ਨੇਵਾਰਕ ਹਵਾਈ ਅੱਡੇ ਤੋਂ ਦੇਸ਼ ਨਿਕਾਲਾ ਦਿੰਦੇ ਦੇਖਿਆਉਸ ਦੇ ਹੱਥਕੜੀਆਂ ਲਗਾਈਆਂ ਹੋਈਆਂ ਸਨ, ਉਹ ਰੋ ਰਿਹਾ ਸੀ, ਇੱਕ ਅਪਰਾਧੀ ਵਾਂਗ ਵਿਹਾਰ ਕੀਤਾ ਗਿਆ। ਉਹ ਸੁਪਨਿਆਂ ਦਾ ਪਿੱਛਾ ਕਰਦੇ ਹੋਏ ਆਇਆ ਸੀ, ਕੋਈ ਨੁਕਸਾਨ ਕਰਨ ਲਈ ਨਹੀਂ। ਇੱਕ ਐੱਨ ਆਰ ਆਈ ਹੋਣ ਦੇ ਨਾਤੇ, ਮੈਂ ਬੇਵੱਸ ਅਤੇ ਦਿਲ ਟੁੱਟਿਆ ਹੋਇਆ ਮਹਿਸੂਸ ਕੀਤਾ। ਇਹ ਇੱਕ ਮਨੁੱਖੀ ਦੁਖਾਂਤ ਹੈ।’
ਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਾਪਰੀ ਘਟਨਾ ਦੀਆਂ ਫੋਟੋਆਂ ਸਾਂਝੀਆਂ ਕਰਦਿਆਂ ਜੈਨ ਨੇ ਕਿਹਾ ਕਿ ਵਿਦਿਆਰਥੀ ਹਰਿਆਣਵੀ ਭਾਸ਼ਾ ਵਿੱਚ ਬੋਲ ਰਿਹਾ ਸੀ। ਉਸ ਨੂੰ ਪੋਰਟ ਅਥਾਰਟੀ ਪੁਲਸ ਨੇ ਫੜਿਆ ਹੋਇਆ ਸੀ। ਪੋਰਟ ਅਥਾਰਟੀ ਪੁਲਸ ਵਿਭਾਗ ਇੱਕ ਪ੍ਰਮੁੱਖ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ, ਜੋ ਨਿਊ ਯਾਰਕ ਅਤੇ ਨਿਊ ਜਰਸੀ ਵਿੱਚ ਆਵਾਜਾਈ ਨਾਲ ਸੰਬੰਧਤ ਸੁਰੱਖਿਆ ਦੀ ਨਿਗਰਾਨੀ ਕਰਦੀ ਹੈ।
ਇਹ ਹਵਾਈ ਅੱਡਿਆਂ, ਪੁਲਾਂ, ਸੁਰੰਗਾਂ ਅਤੇ ਵਰਲਡ ਟਰੇਡ ਸੈਂਟਰ ਸਮੇਤ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਰੱਖਿਆ ਕਰਦੀ ਹੈ।
ਜੈਨ ਅਨੁਸਾਰ, ਵਿਦਿਆਰਥੀ ਸਪੱਸ਼ਟ ਤੌਰ ’ਤੇ ਪਰੇਸ਼ਾਨ ਸੀ ਅਤੇ ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਸੀ, ‘ਮੈਂ ਪਾਗਲ ਨਹੀਂ ਹਾਂ, ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੈਂ ਪਾਗਲ ਹਾਂ।’ ਜੈਨ ਨੇ ਕਿਹਾ ਕਿ ਹਰ ਰੋਜ਼ ਤਿੰਨ ਤੋਂ ਚਾਰ ਅਜਿਹੇ ਮਾਮਲੇ ਹੋ ਰਹੇ ਹਨ।