ਨਿਊ ਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਤਿੱਖੀ ਬਹਿਸ ਤੋਂ ਬਾਅਦ ਐਲਨ ਮਸਕ ਨੂੰ ਇਸ ਦਾ ਪਛਤਾਵਾ ਹੋ ਰਿਹਾ ਹੈ। ਉਨ੍ਹਾ ਸੋਸ਼ਲ ਮੀਡੀਆ ’ਤੇ ਆਪਣੇ ਕਹੇ ਸ਼ਬਦਾਂ ’ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਟਰੰਪ ’ਤੇ ਲਿਖਦੇ ਸਮੇਂ ਮੈਂ ਹੱਦਾਂ ਲੰਘ ਗਿਆ, ਜਿਸ ਦਾ ਮੈਨੂੰ ਦੁੱਖ ਹੈ।
ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਟੈਸਲਾ ਦੇ ਸੀ ਈ ਓ ਐਲਨ ਮਸਕ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਈ ਬਹਿਸ ਨਾਲ ਖਲਬਲੀ ਮਚ ਗਈ ਸੀ। ਵਿਵਾਦ ਉਦੋਂ ਸ਼ੁਰੂ ਹੋਇਆ ਸੀ, ਜਦ ਮਸਕ ਨੇ ਟਰੰਪ ਦੁਆਰਾ ਲਿਆਂਦੇ ਜਾਣ ਵਾਲੇ ਇੱਕ ਕਾਨੂੰਨ ਦਾ ਜਨਤਕ ਰੂਪ ’ਚ ਵਿਰੋਧ ਕੀਤਾ ਸੀ।
ਬੁੱਧਵਾਰ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ’ਤੇ ਇੱਕ ਪੋਸਟ ’ਚ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ। ਮਸਕ ਨੇ ਲਿਖਿਆ, ‘ਮੇਰੇ ਵੱਲੋਂ ਪਿਛਲੇ ਹਫ਼ਤੇ ਟਰੰਪ ਬਾਰੇ ਕੀਤੀਆਂ ਟਿੱਪਣੀਆਂ ’ਤੇ ਮੈਨੂੰ ਦੁੱਖ ਹੈ, ਮੈਂ ਹੱਦਾਂ ਲੰਘ ਗਿਆ।’
ਬੀਤੇ ਕੁਝ ਹਫ਼ਤੇ ਤੱਕ ਇੱਕ-ਦੂਜੇ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਟਰੰਪ ਅਤੇ ਮਸਕ ਵਿਚਾਲੇ ਚੱਲੀ ਜ਼ਬਾਨੀ ਜੰਗ ਵਿਚਕਾਰ ਦੋਵਾਂ ਵੱਲੋਂ ਇੱਕ-ਦੂਜੇ ’ਤੇ ਦੋਸ਼ ਲਾਏ ਗਏ ਸਨ।





