ਮੁੰਬਈ : ਭਾਰਤ-ਪਾਕਿ ਜੰਗਬੰਦੀ ਨੂੰ ਲੈ ਕੇ ਸ਼ਿਵ ਸੈਨਾ (ਯੂ ਬੀ ਟੀ) ਸਾਂਸਦ ਸੰਜੈ ਰਾਊਤ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਇਆ ਹੈ। ਉਨ੍ਹਾ ਕਿਹਾ ਕਿ ਹੁਣ ਤੱਕ ਸਰਕਾਰ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਡੋਨਾਲਡ ਟਰੰਪ ਦੀ ਵਿਚੋਲਗੀ ’ਚ ਜੰਗਬੰਦੀ ਨਹੀਂ ਹੋਈ ਸੀ। ਪ੍ਰਧਾਨ ਮੰਤਰੀ ਨੇ ਮੰਗਲਵਾਰ ਸਰਬ ਪਾਰਟੀ ਪ੍ਰਤੀਨਿਧੀ ਮੰਡਲ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਅਤੇ ਪ੍ਰਤੀਨਿਧੀ ਮੰਡਲ ’ਚ ਸ਼ਾਮਲ ਸਾਂਸਦਾਂ ਦੀ ਮੁਲਾਕਾਤ ’ਤੇ ਜਦ ਸ਼ਿਵ ਸੈਨਾ (ਯੂ ਬੀ ਟੀ) ਸਾਂਸਦ ਸੰਜੈ ਰਾਊਤ ਤੋਂ ਬੁੱਧਵਾਰ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਨ੍ਹਾ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਇਸ ਤਰ੍ਹਾਂ ਦੇ ਸਮਾਗਮ ਕਰਦੇ ਰਹਿੰਦੇ ਹਨ, ਪਰ ਪ੍ਰਧਾਨ ਮੰਤਰੀ ਨੇ ਹਾਲੇ ਤੱਕ ਆਪਣੀ ਭੂਮਿਕਾ ਸਪੱਸ਼ਟ ਨਹੀਂ ਕੀਤੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੋ ਜੰਗਬੰਦੀ ਹੋਈ, ਉਹ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਬਾਅ ’ਚ ਹੋਈ ਜਾਂ ਨਹੀਂ। ਦੇਸ਼ ਇਹ ਜਾਨਣਾ ਚਾਹੁੰਦਾ ਹੈ, ਕਿਉਂਕਿ ਹੁਣ ਤੱਕ 15 ਵਾਰ ਟਰੰਪ ਨੇ ਕਿਹਾ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਦਬਾਅ ਬਣਾਇਆ ਕਿ ਜੰਗਬੰਦੀ ਦਾ ਐਲਾਨ ਕੀਤਾ ਜਾਵੇ। ਪ੍ਰਤੀਨਿਧੀ ਮੰਡਲ ਨੇ ਵਿਦੇਸ਼ ਵਾਪਸੀ ’ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ, ਪਰ ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਕੀ ਟਰੰਪ ਦੀ ਵਿਚੋਲਗੀ ’ਚ ਜੰਗਬੰਦੀ ਹੋਈ। ਜੇਕਰ ਇਹ ਚਰਚਾ ਪ੍ਰਧਾਨ ਮੰਤਰੀ ਅਤੇ ਪ੍ਰਤੀਨਿਧੀ ਮੰਡਲ ’ਚ ਹੋਈ ਹੈ ਤਾਂ ਮੈਂ ਇਸ ਨੂੰ ਮਹੱਤਵ ਦੇਵਾਂਗਾ।’



