ਐਂਟਵਰਪ : ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਯੂਰਪੀ ਦੌਰੇ ’ਤੇ ਆਪਣੀ ਜਿੱਤ ਦੀ ਲੈਅ ਜਾਰੀ ਰੱਖੀ ਅਤੇ ਇੱਕ ਰੋਮਾਂਚਕ ਮੈਚ ’ਚ ਬੈਲਜੀਅਮ ਨੂੰ 2-1 ਨਾਲ ਹਰਾਇਆ। ਮੰਗਲਵਾਰ ਨੂੰ ਬੈਲਜੀਅਮ ਦੇ ਹਾਕੀ ਸੈਂਟਰ ਆਫ ਐਕਸੀਲੈਂਸ, ਵਿਲਰਿਜਕੇ ਪਲੇਨ ਵਿਖੇ ਖੇਡੇ ਗਏ ਮੈਚ ਵਿੱਚ ਲਾਲਥੰਤਲੁੰਗੀ (35ਵੇਂ) ਮਿੰਟ ਅਤੇ ਗੀਤਾ ਯਾਦਵ (50ਵੇਂ) ਨੇ ਭਾਰਤੀ ਟੀਮ ਲਈ ਗੋਲ ਕੀਤੇ।ਪਹਿਲੇ ਹਾਫ ਵਿੱਚ, ਦੋਵੇਂ ਟੀਮਾਂ ਗੋਲ ਕਰਨ ਵਿੱਚ ਅਸਫਲ ਰਹੀਆਂ।35ਵੇਂ ਮਿੰਟ ਵਿੱਚ ਲਾਲਥੰਤਲੰੁਗੀ ਨੇ ਪੈਨਲਟੀ ਸਟ੍ਰੋਕ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਲੀਡ ਦਿਵਾਈ।ਇਸ ਤੋਂ ਬਾਅਦ ਆਖਰੀ ਕੁਆਰਟਰ ਵਿੱਚ, ਬੈਲਜੀਅਮ ਦੀ ਵੈਨ ਹੇਲੇਮੋਂਟ ਨੇ (48ਵੇਂ) ਮਿੰਟ ਵਿੱਚ ਬੈਲਜੀਅਮ ਲਈ ਫੀਲਡ ਗੋਲ ਕੀਤਾ ਅਤੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਹਾਲਾਂਕਿ, ਦੋ ਮਿੰਟ ਬਾਅਦ ਗੀਤਾ ਯਾਦਵ ਨੇ ਭਾਰਤ ਲਈ ਜੇਤੂ ਗੋਲ ਕੀਤਾ। ਇਸ ਤੋਂ ਬਾਅਦ ਭਾਰਤੀ ਟੀਮ ਨੇ ਰੱਖਿਆਤਮਕ ਪ੍ਰਦਰਸ਼ਨ ਕਰਦੇ ਹੋਏ ਮੈਚ ਜਿੱਤਿਆ। ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਵੀਰਵਾਰ ਨੂੰ ਆਪਣੇ ਦੌਰੇ ਵਿੱਚ ਤੀਜੀ ਅਤੇ ਆਖਰੀ ਵਾਰ ਬੈਲਜੀਅਮ ਦਾ ਸਾਹਮਣਾ ਕਰੇਗੀ।