ਇਜ਼ਰਾਈਲ ਨੂੰ ਇਸ ਗੱਲ ਦਾ ਘਮੰਡ ਸੀ ਕਿ ਉਸ ਦੇ ਆਇਰਨ ਡੋਮ, ਯਾਨਿ ਲੋਹ-ਕਵਚ ਨੂੰ ਕੋਈ ਵਿੰਨ੍ਹ ਨਹੀਂ ਸਕਦਾ, ਪਰ ਈਰਾਨ ਨੇ ਉਸ ਦੇ ਹਮਲੇ ਦਾ ਜਵਾਬ ਦਿੰਦਿਆਂ ਤੇਲ ਅਵੀਵ ਤੇ ਹੋਰਨਾਂ ਸ਼ਹਿਰਾਂ ਵੱਲ ਡੇਢ ਸੌ ਤੋਂ ਵੱਧ ਮਿਜ਼ਾਈਲਾਂ ਦਾਗ ਕੇ ਇਜ਼ਰਾਈਲੀ ਸਰਕਾਰ ਨੂੰ ਇੱਕ ਵਾਰ ਤਾਂ ਕੰਬਾਅ ਦਿੱਤਾ। ਹੁਣ ਤੱਕ ਇਜ਼ਰਾਈਲ ਦਾ ਪਾਲਾ ਗਾਜ਼ਾ ਦੇ ਫਲਸਤੀਨੀਆਂ, ਲਿਬਨਾਨ ਦੇ ਹਿਜ਼ਬੁਲ੍ਹਾ ਲੜਾਕਿਆਂ ਤੇ ਯਮਨ ਦੇ ਹੂਤੀਆਂ ਨਾਲ ਪਿਆ ਸੀ, ਜਿਹੜੇ ਕਿ ਪੂਰੀ ਤਰ੍ਹਾਂ ਮੁਲਕ ਵੀ ਨਹੀਂ ਹਨ। ਅਰਬਾਂ ਨਾਲ ਹੋਈਆਂ ਤਿੰਨ ਜੰਗਾਂ ਜਿੱਤ ਚੁੱਕੇ ਇਜ਼ਰਾਈਲ ਦੇ ਲੋਕ ਆਪਣੇ ਰਾਸ਼ਟਰ ਨੂੰ ਕਿਸੇ ਸੁਪਰਮੈਨ ਨਾਲੋਂ ਘੱਟ ਨਹੀਂ ਸਮਝਦੇ ਸਨ। ਇਸ ਦੇ ਇਲਾਵਾ ਅਮਰੀਕਾ ਤੇ ਪੱਛਮ ਦੇ ਤਾਕਤਵਰ ਦੇਸ਼ਾਂ ਦੀ ਹਮਾਇਤ ਨਾਲ ਤਾਂ ਉਨ੍ਹਾਂ ਦਾ ਘਮੰਡ ਅਸਮਾਨ ਚੜ੍ਹ ਕੇ ਬੋਲਦਾ ਹੈ, ਪਰ ਈਰਾਨ ਦੇ ਜਵਾਬੀ ਹਮਲਿਆਂ ਨੇ ਉਨ੍ਹਾਂ ਦਾ ਘਮੰਡ ਚਕਨਾਚੂਰ ਕਰ ਦਿੱਤਾ। ਇਜ਼ਰਾਈਲ ਦੇ ਬਹੁਤੇ ਫੌਜੀ ਟਿਕਾਣੇ ਰਿਹਾਇਸ਼ੀ ਇਲਾਕਿਆਂ ਵਿੱਚ ਹੀ ਬਣੇ ਹਨ, ਇਸ ਕਰਕੇ ਈਰਾਨੀ ਮਿਜ਼ਾਈਲਾਂ ਨਾਲ ਉਨ੍ਹਾਂ ਦੇ ਲਾਗੇ ਰਹਿੰਦੇ ਲੋਕਾਂ ਦੇ ਮਕਾਨਾਂ ਨੂੰ ਵੀ ਕਾਫੀ ਹਾਨੀ ਪਹੁੰਚੀ ਹੈ। ਜਿਹੜੀਆਂ ਤਸਵੀਰਾਂ ਕੁਝ ਦਿਨ ਪਹਿਲਾਂ ਗਾਜ਼ਾ ਤੋਂ ਆਉਦੀਆਂ ਸਨ, ਘੱਟ-ਵੱਧ ਉਹੀ ਨਜ਼ਾਰਾ ਇਨ੍ਹਾਂ ਹਮਲਿਆਂ ਦੇ ਬਾਅਦ ਇਜ਼ਰਾਈਲ ਦਾ ਸੀ।
ਦੋ ਦੇਸ਼ਾਂ ਵਿਚਾਲੇ ਲੜਾਈ ਵਿੱਚ ਅੱਜਕੱਲ੍ਹ ਇਹ ਐਲਾਨੀਆ ਨਿਯਮ ਹੈ ਕਿ ਕੋਈ ਵੀ ਦੇਸ਼ ਇੱਕ-ਦੂਜੇ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲਾ ਨਹੀਂ ਕਰੇਗਾ, ਪਰ ਇਜ਼ਰਾਈਲ ਨਾ ਤਾਂ ਕੋਈ ਕੌਮਾਂਤਰੀ ਕਾਨੂੰਨ ਮੰਨਦਾ ਹੈ ਤੇ ਨਾ ਨਿਯਮ। ਉਸ ਨੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਈਰਾਨੀ ਪ੍ਰਮਾਣੂ ਟਿਕਾਣਿਆਂ ’ਤੇ ਹਮਲਾ ਕੀਤਾ। ਜਦੋਂ ਈਰਾਨ ਨੇ ਜਵਾਬੀ ਮਿਜ਼ਾਈਲਾਂ ਦਾਗੀਆਂ ਤਾਂ ਉਨ੍ਹਾਂ ਨੂੰ ਰੋਕਣ ਲਈ ਅਮਰੀਕਾ ਨੇ ਮੱਧ-ਪੂਰਬ ਵਿਚਲੇ ਆਪਣੇ ਅੱਡਿਆਂ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਸਾਊਦੀ ਅਰਬ ਤੋਂ ਲੈ ਕੇ ਕਤਰ ਸਮੇਤ ਤਮਾਮ ਅਮਰੀਕਾ ਪਿੱਠੂ ਦੇਸ਼ ਵੀ ਅੰਦਰਖਾਤੇ ਇਜ਼ਰਾਈਲ ਦੀ ਹਮਾਇਤ ਕਰ ਰਹੇ ਹਨ। ਇਹ ਆਪਣੀ ਕਿਸਮ ਦੀ ਪਹਿਲੀ ਜੰਗ ਹੋਵੇਗੀ, ਜਿਸ ਵਿੱਚ ਅਰਬ ਦੁਨੀਆ ਦਾ ਇੱਕ ਹਿੱਸਾ ਫਲਸਤੀਨ ਤੇ ਈਰਾਨ ਦੇ ਖਿਲਾਫ ਖੜ੍ਹਾ ਹੈ, ਦੂਜੇ ਪਾਸੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਈਰਾਨੀ ਆਗੂ ਖੁਮੈਨੀ ਨੂੰ ਫੋਨ ਕਰਕੇ ਹਮਦਰਦੀ ਪ੍ਰਗਟਾਈ ਹੈ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਗੱਲ ਕਰਕੇ ਹਮਲੇ ਦੀ ਨਿੰਦਾ ਕੀਤੀ ਹੈ। ਚੀਨ ਨੇ ਵੀ ਇਜ਼ਰਾਈਲੀ ਹਮਲੇ ਦੀ ਨਿੰਦਾ ਕਰਕੇ ਆਪਣੀ ਮਨਸ਼ਾ ਜ਼ਾਹਰ ਕਰ ਦਿੱਤੀ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਰੂਸ ਤੇ ਚੀਨ ਈਰਾਨ ਦੀ ਕਿਸ ਤਰ੍ਹਾਂ ਮਦਦ ਕਰਦੇ ਹਨ। ਦੂਜੇ ਪਾਸੇ ਇੰਗਲੈਂਡ ਤੇ ਫਰਾਂਸ ਇਜ਼ਰਾਈਲ ਦਾ ਖੁੱਲ੍ਹ ਕੇ ਸਾਥ ਦੇਣ ਤੋਂ ਝਿਜਕ ਰਹੇ ਹਨ ਤੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਅਮਰੀਕਾ ਕਿੰਨਾ ਚਿਰ ਇਜ਼ਰਾਈਲ ਨਾਲ ਖੜ੍ਹਾ ਰਹਿੰਦਾ ਹੈ। ਇਹ ਵੀ ਦਿਲਚਸਪੀ ਨਾਲ ਦੇਖਿਆ ਜਾਵੇਗਾ ਕਿ ਈਰਾਨ ਦਾ ਕਿਸੇ ਵੇਲੇ ਸਭ ਤੋਂ ਵੱਡਾ ਦੋਸਤ ਰਿਹਾ ਭਾਰਤ ਕੀ ਸਟੈਂਡ ਲੈਂਦਾ ਹੈ।