ਦੁਬਈ : ਇਜ਼ਰਾਈਲ ਤੇ ਈਰਾਨ ਨੇ ਸੋਮਵਾਰ ਚੌਥੇ ਦਿਨ ਵੀ ਮਿਜ਼ਾਈਲੀ ਹਮਲੇ ਜਾਰੀ ਰੱਖੇ। ਇਜ਼ਰਾਈਲ ਨੇ ਦਾਅਵਾ ਕੀਤਾ ਕਿ ਉਸ ਨੇ ਪੱਛਮੀ ਈਰਾਨ ਤੋਂ ਰਾਜਧਾਨੀ ਤਹਿਰਾਨ ਤੱਕ ਦੇ ਆਕਾਸ਼ ’ਤੇ ਕਬਜ਼ਾ ਕਰ ਲਿਆ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਈਰਾਨ ਪ੍ਰਮਾਣੂ ਅਪਸਾਰ ਸੰਧੀ ਵਿੱਚੋਂ ਬਾਹਰ ਨਿਕਲਣ ਬਾਰੇ ਬਿੱਲ ਤਿਆਰ ਕਰ ਰਿਹਾ ਹੈ। ਇਸ ਨਾਲ ਉਹ ਪ੍ਰਮਾਣੂ ਬੰਬ ਬਣਾਉਣ ਵਿਰੁੱਧ ਕੌਮਾਂਤਰੀ ਪ੍ਰਮਾਣੂ ਏਜੰਸੀ ਦੀਆਂ ਬੰਦਿਸ਼ਾਂ ਤੋਂ ਬਾਹਰ ਹੋ ਜਾਵੇਗਾ।
ਈਰਾਨ ਵੱਲੋਂ ਸੋਮਵਾਰ ਤੜਕੇ ਦਾਗੀਆਂ ਮਿਜ਼ਾਈਲਾਂ ਨੇ ਤੇਲ ਅਵੀਵ ਤੇ ਹਾਈਫਾ ਦੇ ਸੰਘਣੇ ਰਿਹਾਇਸ਼ੀ ਇਲਾਕਿਆਂ ’ਚ ਇਮਾਰਤਾਂ, ਬਾਜ਼ਾਰਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ। ਕਈ ਥਾਈਂ ਅੱਗਾਂ ਲੱਗ ਗਈਆਂ। ਹਾਈਫਾ ’ਚ ਡਿੱਗੀਆਂ ਮਿਜ਼ਾਈਲਾਂ ਨਾਲ ਇੱਕ ਪਾਵਰ ਪਲਾਂਟ ਨੂੰ ਅੱਗ ਲੱਗ ਗਈ ਤੇ ਕਰੀਬ 30 ਲੋਕ ਜ਼ਖਮੀ ਹੋ ਗਏ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡਾਂ ਨੇ ਕਿਹਾ ਕਿ ਇਜ਼ਰਾਈਲ ਦੇ ਡਿਫੈਂਸ ਸਿਸਟਮ ਨੂੰ ਝਕਾਨੀ ਦੇਣ ਲਈ ਉਨ੍ਹਾਂ ਨਵਾਂ ਤਰੀਕਾ ਵਰਤਿਆ ਹੈ। ਇਸ ਨਾਲ ਉਨ੍ਹਾਂ ਦੀਆਂ ਕਈ ਮਿਜ਼ਾਈਲਾਂ ਨਿਸ਼ਾਨੇ ’ਤੇ ਲੱਗੀਆਂ ਹਨ।
ਈਰਾਨ ਨੇ ਕਿਹਾ ਹੈ ਕਿ ਇਜ਼ਰਾਈਲ ਵੱਲੋਂ ਸ਼ੁੱਕਰਵਾਰ ਤੋਂ ਸ਼ੁਰੂ ਕੀਤੇ ਹਮਲਿਆਂ ਵਿੱਚ ਹੁਣ ਤੱਕ 224 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਜ਼ਖ਼ਮੀ ਹੋਏ ਫੌਜੀ ਅਧਿਕਾਰੀਆਂ ਤੇ ਨਾਗਰਿਕਾਂ ਦੀ ਗਿਣਤੀ 1,277 ਹੈ।
ਇਜ਼ਰਾਈਲ ਨੇ ਕਿਹਾ ਹੈ ਕਿ ਈਰਾਨ ਨੇ 270 ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਵਿੱਚੋਂ 22 ਦੇਸ਼ ਦੀ ਅਤਿ-ਆਧੁਨਿਕ ਬਹੁਪਰਤੀ ਹਵਾਈ ਸੁਰੱਖਿਆ ’ਚ ਸੰਨ੍ਹ ਲਾ ਕੇ ਰਿਹਾਇਸ਼ੀ ਉਪ ਨਗਰਾਂ ਵਿੱਚ ਤਬਾਹੀ ਮਚਾਉਣ ਵਾਲੀਆਂ ਮਿਜ਼ਾਈਲਾਂ ਸਨ। ਇਨ੍ਹਾਂ ਹਮਲਿਆਂ ਵਿਚ 14 ਵਿਅਕਤੀ ਮਾਰੇ ਗਏ ਤੇ 340 ਹੋਰ ਜ਼ਖਮੀ ਹੋਏ ਹਨ।
ਇਜ਼ਰਾਈਲ ਇਸ ਜੰਗ ਵਿੱਚ ਕਿਸ ਹੱਦ ਤੱਕ ਜਾ ਸਕਦਾ ਹੈ, ਉਸ ਦਾ ਸੰਕੇਤ ਇਸ ਗੱਲ ਤੋਂ ਮਿਲਦਾ ਹੈ ਕਿ ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨੀ ਨੂੰ ਮਾਰਨ ਦੀ ਇਜ਼ਰਾਈਲੀ ਯੋਜਨਾ ਨੂੰ ਰੱਦ ਕਰ ਦਿੱਤਾ। ਖਮੇਨੀ ਈਰਾਨ ਦਾ ਸੁਪਰੀਮ ਆਗੂ ਹੈ, ਜਿਸ ਕੋਲ ਸਾਰੀਆਂ ਪ੍ਰਮੁੱਖ ਨੀਤੀਆਂ ’ਤੇ ਅੰਤਮ ਫੈਸਲਾ ਲੈਣ ਦਾ ਅਧਿਕਾਰ ਹੈ। ਉਹ ਹਥਿਆਰਬੰਦ ਸੈਨਾਵਾਂ ਦੇ ਕਮਾਂਡਰ-ਇਨ-ਚੀਫ ਵਜੋਂ ਸੇਵਾ ਨਿਭਾਉਂਦਾ ਹੈ ਅਤੇ ਉਸ ਕੋਲ ਸ਼ਕਤੀਸ਼ਾਲੀ ਰੈਵੋਲਿਊਸ਼ਨਰੀ ਗਾਰਡ ਦਾ ਕੰਟਰੋਲ ਹੈ।
ਇਜ਼ਰਾਈਲ, ਜੋ ਮੱਧ-ਪੂਰਬ ਦਾ ਇਕਲੌਤਾ, ਪਰ ਅਣਐਲਾਨਿਆ ਪ੍ਰਮਾਣੂ ਹਥਿਆਰਬੰਦ ਦੇਸ਼ ਹੈ, ਨੇ ਕਿਹਾ ਹੈ ਕਿ ਉਸ ਨੇ ਹਮਲਾ ਈਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ ਕੀਤਾ ਸੀ। ਈਰਾਨ ਨੇ ਮੈਟਰੋ ਸਟੇਸ਼ਨਾਂ ਤੇ ਮਸਜਿਦਾਂ ਨੂੰ ਹਮਲਿਆਂ ਤੋਂ ਬਚਾਅ ਲਈ ਸ਼ੈਲਟਰਾਂ ਵਿੱਚ ਤਬਦੀਲ ਕਰ ਦਿੱਤਾ ਹੈ। ਇਜ਼ਰਾਈਲ ਨੇ ਕਿਹਾ ਕਿ ਉਸ ਨੇ ਐਤਵਾਰ ਈਰਾਨ ਦੇ ਰੱਖਿਆ ਮੰਤਰਾਲੇ, ਮਿਜ਼ਾਈਲ-ਲਾਂਚ ਸਾਈਟਾਂ ਅਤੇ ਹਵਾਈ-ਰੱਖਿਆ ਦੇ ਹਿੱਸੇ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਨਿਸ਼ਾਨਾ ਬਣਾਇਆ। ਈਰਾਨ ਨੇ ਇਹ ਵੀ ਮੰਨਿਆ ਕਿ ਇਜ਼ਰਾਈਲ ਨੇ ਰੈਵੋਲਿਊਸ਼ਨਰੀ ਗਾਰਡ ਇੰਟੈਲੀਜੈਂਸ ਮੁਖੀ ਜਨਰਲ ਮੁਹੰਮਦ ਕਾਜ਼ਮੀ ਸਮੇਤ ਚੋਟੀ ਦੇ ਹੋਰ ਜਰਨੈਲਾਂ ਨੂੰ ਮਾਰ ਦਿੱਤਾ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਸਈਦ ਖਾਤਿਬਜ਼ਾਦੇਹ ਤੇ ਹੋਰ ਈਰਾਨੀ ਡਿਪਲੋਮੈਟਾਂ ਨੇ ਵਿਦੇਸ਼ ਮੰਤਰਾਲੇ ਦੇ ਦਫਤਰਾਂ ਤੇ ਲਾਇਬਰੇਰੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਗੋਲੀਬਾਰੀ ਵਿੱਚ ਤਬਾਹ ਹੋ ਗਈਆਂ ਹਨ। ਈਰਾਨ ਦੇ ਸਰਕਾਰੀ ਟੀ ਵੀ ਨੇ ਤਹਿਰਾਨ ਵਿੱਚ ਇਜ਼ਰਾਈਲੀ ਮਿਜ਼ਾਈਲਾਂ ਨਾਲ ਖੰਡਰ ਬਣੀਆਂ ਰਿਹਾਇਸ਼ੀ ਇਮਾਰਤਾਂ ਦੀ ਫੁਟੇਜ਼ ਪ੍ਰਸਾਰਤ ਕੀਤੀ ਹੈ, ਜਿਸ ਵਿਚ ਧੂੜ ਤੇ ਖੂਨ ’ਚ ਸਨੇ ਬੱਚਿਆਂ ਨੂੰ ਚੁੱਕਦੇ ਹੋਏ ਪੁਰਸ਼ ਅਤੇ ਔਰਤਾਂ ਦਿਖਾਈ ਦੇ ਰਹੀਆਂ ਹਨ। ਈਰਾਨੀ ਸਿਹਤ ਮੰਤਰਾਲੇ ਦੇ ਬੁਲਾਰੇ ਹੁਸੈਨ ਕਰਮਨਪੁਰ ਨੇ ਕਿਹਾ ਕਿ ਐਤਵਾਰ ਤੱਕ ਮਾਰੇ ਗਏ 224 ਲੋਕਾਂ ਵਿੱਚੋਂ 90 ਫੀਸਦੀ ਆਮ ਲੋਕ ਹਨ। ਵਾਸ਼ਿੰਗਟਨ ਅਧਾਰਤ ਹਿਊਮਨ ਰਾਈਟਸ ਐਕਟੀਵਿਸਟਸ ਨਾਂਅ ਦੇ ਸਮੂਹ ਨੇ ਇਜ਼ਰਾਈਲੀ ਹਮਲਿਆਂ ’ਚ ਈਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਕਿਤੇ ਵੱਧ ਦੱਸੀ ਹੈ। ਸਮੂਹ ਮੁਤਾਬਕ ਘੱਟੋ-ਘੱਟ 406 ਲੋਕ ਮਾਰੇ ਗਏ ਹਨ ਅਤੇ 654 ਹੋਰ ਜ਼ਖਮੀ ਹੋਏ ਹਨ।





