ਇਸਲਾਮਾਬਾਦ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਭਾਰਤ ਨੂੰ ਗੱਲਬਾਤ ਦੀ ਮੇਜ਼ ’ਤੇ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਸਾਰੇ ਬਕਾਇਆ ਮੁੱਦੇ ਸਿਰਫ ਵਿਆਪਕ ਗੱਲਬਾਤ ਰਾਹੀਂ ਹੀ ਹੱਲ ਕੀਤੇ ਜਾ ਸਕਦੇ ਹਨ।
‘ਦ ਐਕਸਪ੍ਰੈਸ ਟਿ੍ਰਬਿਊਨ’ ਅਖਬਾਰ ਦੀ ਰਿਪੋਰਟ ਅਨੁਸਾਰ ਸੰਸਦੀ ਵਫਦ ਦੀ ਅਗਵਾਈ ਕਰ ਰਹੇ ਬਿਲਾਵਲ ਨੇ ਬ੍ਰਸੱਲਜ਼ ਦੇ ਦੌਰੇ ਦੌਰਾਨ ਐਤਵਾਰ ਜਰਮਨ ਪ੍ਰਸਾਰਕ ਡੀ ਡਬਲਯੂ ਉਰਦੂ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਇਹ ਟਿੱਪਣੀਆਂ ਕੀਤੀਆਂ। ਉਨ੍ਹਾ ਕਿਹਾ, ‘‘ਪਾਕਿਸਤਾਨ ਅਤੇ ਭਾਰਤ ਦਰਮਿਆਨ ਸਾਰੇ ਬਕਾਇਆ ਮੁੱਦੇ ਸਿਰਫ ਵਿਆਪਕ ਗੱਲਬਾਤ ਰਾਹੀਂ ਹੀ ਹੱਲ ਕੀਤੇ ਜਾ ਸਕਦੇ ਹਨ। ਜੇ ਭਾਰਤ ਮੇਜ਼ (ਗੱਲਬਾਤ ਲਈ) ’ਤੇ ਨਹੀਂ ਆਉਂਦਾ, ਤਾਂ ਇਹ ਉਸ ਦੇ ਹੱਕ ਵਿੱਚ ਨਹੀਂ ਹੋਵੇਗਾ।’’ ਸਾਬਕਾ ਵਿਦੇਸ਼ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਭਾਰਤ ਵੱਲੋਂ ਪਾਕਿਸਤਾਨ ਦੀ ਪਾਣੀ ਦੀ ਸਪਲਾਈ ਨੂੰ ਰੋਕਣ ਦੀ ਕੋਈ ਵੀ ਕੋਸ਼ਿਸ਼ ਇੱਕ ਹੋਂਦ ਦਾ ਖਤਰਾ ਮੰਨਿਆ ਜਾਵੇਗਾ, ਜਿਸ ਨਾਲ ਪਾਕਿਸਤਾਨ ਕੋਲ ਜੰਗ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਬਚੇਗਾ।
ਇਸ ਤੋਂ ਇੱਕ ਦਿਨ ਪਹਿਲਾਂ ਬਿਲਾਵਲ ਨੇ ਕੌਮਾਂਤਰੀ ਭਾਈਚਾਰੇ ਨੂੰ ਭਾਰਤ ਨੂੰ ਗੱਲਬਾਤ ਲਈ ਮੇਜ਼ ’ਤੇ ਲਿਆਉਣ ਅਤੇ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਯਕੀਨੀ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਸੀ। ਜਿਸ ਵਿੱਚ ਕਸ਼ਮੀਰ ਮੁੱਦਾ, ਪਾਣੀ ਦਾ ਮੁੱਦਾ ਅਤੇ ਅੱਤਵਾਦ ਦਾ ਹੱਲ ਸ਼ਾਮਲ ਹੈ।
ਭਾਰਤ ਨੇ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ ਨਾਲ ਸਿਰਫ ਮਕਬੂਜ਼ਾ ਕਸ਼ਮੀਰ ਦੀ ਵਾਪਸੀ ਅਤੇ ਅੱਤਵਾਦ ਦੇ ਮੁੱਦੇ ’ਤੇ ਹੀ ਗੱਲਬਾਤ ਕਰੇਗਾ। ਗੌਰਤਲਬ ਹੈ ਕਿ ਸੰਯੁਕਤ ਗੱਲਬਾਤ 2003 ਵਿੱਚ ਸ਼ੁਰੂ ਕੀਤੀ ਗਈ ਸੀ ਜਦੋਂ ਜਨਰਲ ਪਰਵੇਜ਼ ਮੁਸ਼ੱਰਫ ਪਾਕਿਸਤਾਨ ’ਤੇ ਰਾਜ ਕਰ ਰਹੇ ਸਨ।
ਪਰ 2008 ਦੇ ਮੁੰਬਈ ਹਮਲਿਆਂ ਤੋਂ ਬਾਅਦ ਗੱਲਬਾਤ ਬੰਦ ਹੋ ਗਈ ਅਤੇ ਸਹੀ ਰੂਪ ਵਿੱਚ ਬਹਾਲ ਨਹੀਂ ਹੋ ਸਕੀ। ਬਿਲਾਵਲ ਨੇ ਕਿਹਾ ਹੈ ਕਿ ਜਦੋਂ ਕਿ ਪਾਕਿਸਤਾਨ ਜੰਗ ਨਹੀਂ ਚਾਹੁੰਦਾ, ਉਹ ਆਪਣੀ ਸੁਰੱਖਿਆ ਜਾਂ ਪਾਣੀ ਦੇ ਅਧਿਕਾਰਾਂ ’ਤੇ ਕੋਈ ਸਮਝੌਤਾ ਨਹੀਂ ਕਰੇਗਾ।



