ਪਹਿਲਾਂ ਪੁਲਵਾਮਾ ਤੇ ਫਿਰ ਪਹਿਲਗਾਮ ’ਚ ਦਹਿਸ਼ਤਗਰਦਾਂ ਦੇ ਹਮਲਿਆਂ ਨੇ ਭਾਰਤ ਦੀ ਅਜਿਹੇ ਹਮਲਿਆਂ ਨਾਲ ਨਿਬੜਨ ਦੀ ਸਮਰੱਥਾ ’ਤੇ ਸੁਆਲੀਆ ਨਿਸ਼ਾਨ ਲਾਏ ਹਨ। ਇਨ੍ਹਾਂ ਹਮਲਿਆਂ ਨੇ ਇਸ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ। ਇਨ੍ਹਾਂ ਕਮਜ਼ੋਰੀਆਂ ਨੂੰ ਦਹਿਸ਼ਤਗਰਦੀ ਦੇ ਅਸਲ ਕਾਰਨਾਂ ਦਾ ਪਤਾ ਲਾ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਇੱਕ ਗੱਲ ਤਾਂ ਸਾਫ ਹੈ ਕਿ ਭਾਰਤ ’ਚ ਹਮਲੇ ਕਰਨ ਵਾਲੀਆਂ ਜਥੇਬੰਦੀਆਂ ਪਾਕਿਸਤਾਨ ਕੇਂਦਰਤ ਹਨ। ਇਹ ਉਹੀ ਜਥੇਬੰਦੀਆਂ ਹਨ, ਜਿਹੜੀਆਂ ਅਫਗਾਨਿਸਤਾਨ ਵਿੱਚ ਸੋਵੀਅਤ ਯੂਨੀਅਨ ਦੀ ਹਮਾਇਤ ਹਾਸਲ ਸਰਕਾਰ ਨੂੰ ਬੇਦਖਲ ਕਰਨ ਲਈ ਅਮਰੀਕਾ ਨੇ ਖੜ੍ਹੀਆਂ ਕੀਤੀਆਂ ਸਨ। ਚੂੰਕਿ ਅਮਰੀਕਾ ਅਫਗਾਨਿਸਤਾਨ ਵਿੱਚ ਸੋਵੀਅਤ ਫੌਜਾਂ ਦਾ ਸਿੱਧਾ ਟਾਕਰਾ ਕਰਨ ਦੀ ਸਥਿਤੀ ਵਿੱਚ ਨਹੀਂ ਸੀ, ਇਸ ਲਈ ਉਸ ਨੇ ਪਾਕਿਸਤਾਨ ਵਿਚਲੇ ਮਦਰੱਸਿਆਂ ਦੀ ਮਦਦ ਕਰਕੇ ਤਾਲਿਬਾਨ ਵਰਗੀਆਂ ਜਥੇਬੰਦੀਆਂ ਪੈਦਾ ਕਰਵਾਈਆਂ। ਇਨ੍ਹਾਂ ਮਦਰੱਸਿਆਂ ਦਾ ਸਿਲੇਬਸ ਇਸ ਤਰ੍ਹਾਂ ਤਿਆਰ ਕਰਵਾਇਆ ਗਿਆ, ਜਿਸ ਵਿੱਚ ਕਮਿਊਨਿਸਟਾਂ ਨੂੰ ਕਾਫਰ ਦੱਸਿਆ ਗਿਆ। ਕਾਫਰਾਂ ਨੂੰ ਕਤਲ ਕਰਨਾ ਇੱਕ ਟੀਚਾ ਤੇ ਉਪਲੱਬਧੀ ਅਤੇ ਅਜਿਹਾ ਕਰਨ ਵਿੱਚ ਜਾਨ ਤੋਂ ਹੱਥ ਧੋਣ ਨੂੰ ਜੰਨਤ ਨਸੀਬ ਹੋਣਾ ਦੱਸਿਆ ਗਿਆ। ਅਮਰੀਕਾ ਨੇ ਇਨ੍ਹਾਂ ਮਦਰੱਸਿਆਂ ’ਤੇ 8 ਅਰਬ ਡਾਲਰ ਖਰਚ ਕੀਤੇ ਅਤੇ ਦਹਿਸ਼ਤਗਰਦਾਂ ਨੂੰ ਸਟਿੰਗਰ ਮਿਜ਼ਾਈਲਾਂ ਵਰਗੇ ਹਥਿਆਰ ਤੇ ਗੋਲਾ-ਬਾਰੂਦ ਮੁਹੱਈਆ ਕਰਵਾਇਆ। ਦਹਿਸ਼ਤਗਰਦੀ ਨੂੰ ਬੜ੍ਹਾਵਾ ਦੇ ਕੇ ਅਮਰੀਕਾ ਪੱਛਮੀ ਏਸ਼ੀਆ ਦੇ ਤੇਲ ਖੂਹਾਂ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਜਿਸ ਕਾਰਨ ਇਸ ਇਲਾਕੇ ਵਿੱਚ ਕਾਫੀ ਤਬਾਹੀ ਹੋਈ। ਇੱਥੋਂ ਤੱਕ ਕਿ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਵੀ ਦਹਿਸ਼ਤਗਰਦਾਂ ਹੱਥੋਂ ਮਾਰੀ ਗਈ। ਇਸ ਵੇਲੇ ਸਥਿਤੀ ਇਹ ਹੈ ਕਿ ਪਾਕਿਸਤਾਨ ਦਹਿਸ਼ਤਗਰਦੀ ਨਾਲ ਭਾਰਤ ਨਾਲੋਂ ਕਿਤੇ ਵੱਧ ਪੀੜਤ ਹੈ। ਵਿਸ਼ਵ ਦਹਿਸ਼ਤਗਰਦੀ ਸੂਚਕ ਅੰਕ ਪੰਜ ਵਰ੍ਹਿਆਂ ਦੀ ਔਸਤ ਨਾਲ ਚਾਰ ਅੰਕੜਿਆਂ ਨਾਲ ਮਾਪਿਆ ਜਾਂਦਾ ਹੈਘਟਨਾਵਾਂ, ਮੌਤਾਂ, ਜ਼ਖਮੀਆਂ ਦੀ ਗਿਣਤੀ ਤੇ ਬੰਦੀਆਂ ਦੀ ਗਿਣਤੀ। ਇਸ ਸੂਚਕ ਅੰਕ ਵਿੱਚ ਪਾਕਿਸਤਾਨ ਦਾ ਨੰਬਰ ਦੂਜਾ ਤੇ ਭਾਰਤ ਦਾ ਚੌਦਵਾਂ ਹੈ।
ਭਾਰਤ ਨੂੰ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਵੇਲੇ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਤਾਂ ਕਰਨਾ ਪੈਣਾ ਹੈ, ਪਰ ਇਸ ਦੇ ਨਾਲ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਦਹਿਸ਼ਤਗਰਦੀ ਦੇ ਇਸ ਕੈਂਸਰ ਦੇ ਬੀਜ ਸਾਮਰਾਜੀ ਤਾਕਤਾਂ ਵੱਲੋਂ ਤੇਲ ਭੰਡਾਰਾਂ ’ਤੇ ਕੰਟਰੋਲ ਕਰਨ ਦੀਆਂ ਲਾਲਸਾਵਾਂ ਪੂਰੀਆਂ ਕਰਨ ਲਈ ਬੀਜੇ ਗਏ ਸਨ ਤੇ ਇਸ ਨੂੰ ਵਿਸ਼ਵ ਸਹਿਯੋਗ ਨਾਲ ਹੀ ਜੜ੍ਹੋਂ ਉਖਾੜਿਆ ਜਾ ਸਕਦਾ ਹੈ। ਸਾਮਰਾਜੀਆਂ ਦੀਆਂ ਇਨ੍ਹਾਂ ਕਰਤੂਤਾਂ ਦੇ ਨਤੀਜੇ ਭਾਰਤ ਵੀ ਭੁਗਤ ਹੀ ਰਿਹਾ ਹੈ ਤੇ ਪਾਕਿਸਤਾਨੀ ਲੋਕ ਵੀ ਭੁਗਤ ਰਹੇ ਹਨ। ਬਿਹਤਰ ਇਹੀ ਹੋਵੇਗਾ ਕਿ ਦੋਨੋਂ ਦੇਸ਼ ਇਸ ਸਮੱਸਿਆ ਦਾ ਡੂੰਘਾਈ ਨਾਲ ਅਧਿਐਨ ਕਰਕੇ ਮਿਲ ਕੇ ਟਾਕਰਾ ਕਰਨ। ਇਹ ਗੱਲ ਦਿਮਾਗ ਵਿੱਚ ਰੱਖਦੇ ਹੋਏ ਕਿ ਜਿਹੜਾ ਅਮਰੀਕਾ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਕਰਾਉਣ ਦਾ ਦਾਅਵਾ ਕਰ ਰਿਹਾ ਹੈ, ਖਿੱਤੇ ਵਿੱਚ ਸਾਰੇ ਪੁਆੜੇ ਉਸ ਦੇ ਹੀ ਪਾਏ ਹੋਏ ਹਨ।