ਵੈਨਕੂਵਰ : ਪੀਲ ਪੁਲਸ ਨੇ ਪ੍ਰੋਜੈਕਟ ਆਊਟਸੋਰਸ ਅਧੀਨ ਲੰਮੀ ਪੜਤਾਲ ਤੋਂ ਬਾਅਦ ਫਿਰੌਤੀਆਂ, ਲੁੱਟਮਾਰ, ਚੋਰੀਆਂ ਤੇ ਧੋਖਾਧੜੀ ਕਰਨ ਵਾਲੇ ਦੋ ਗਰੋਹਾਂ ਦੇ 18 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ। ਇਨ੍ਹਾਂ ਵਿੱਚ 16 ਭਾਰਤੀ ਮੂਲ ਦੇ ਅਤੇ ਇੱਕ ਔਰਤ ਸ਼ਾਮਲ ਹਨ। ਇਨ੍ਹਾਂ ਤੋਂ ਕਰੀਬ 27 ਕਰੋੜ ਰੁਪਏ (42 ਲੱਖ ਡਾਲਰ) ਦਾ ਸਾਮਾਨ ਬਰਾਮਦ ਕੀਤਾ ਹੈ, ਜੋ ਇਨ੍ਹਾਂ ਨੇ ਵੱਖ-ਵੱਖ ਅਪਰਾਧ ਕਰਕੇ ਇਕੱਠਾ ਕੀਤਾ ਸੀ।
ਪੀਲ ਅਤੇ ਛੇ ਹੋਰਨਾਂ ਖੇਤਰਾਂ ਵਿੱਚ ਦਰਜ 97 ਮਾਮਲਿਆਂ ਵਿੱਚ ਇਨ੍ਹਾਂ ਨੂੰ ਨਾਮਜ਼ਦ ਕਰਕੇ ਦੋਸ਼ ਪੱਤਰ ਤਿਆਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚੋਂ ਅੱਧੇ ਕੁ ਪਹਿਲਾਂ ਹੀ ਹੋਰਨਾਂ ਮਾਮਲਿਆਂ ਵਿੱਚ ਜ਼ਮਾਨਤ ’ਤੇ ਸਨ। ਪੁਲਸ ਚੀਫ ਨਿਸ਼ਾਨ ਦੁਰੈਫਾ ਨੇ ਭਰੋਸਾ ਪ੍ਰਗਟਾਇਆ ਹੈ ਕਿ ਗਰੋਹ ਦੇ ਮੈਂਬਰਾਂ ਦੀ ਗਿ੍ਰਫਤਾਰੀ ਤੋਂ ਬਾਅਦ ਵਾਹਨ ਚੋਰੀ ਅਤੇ ਨਾਜਾਇਜ਼ ਬੀਮਾ ਕਲੇਮ ਘਟਣਗੇ। ਕਾਬੂ ਕੀਤੇ ਭਾਰਤੀ ਮੂਲ ਦੇ ਮੁਲਜ਼ਮਾਂ ਦੀ ਪਛਾਣ ਗਰੋਹ ਦੇ ਮੁਖੀ ਇੰਦਰਜੀਤ ਧਾਮੀ (38), ਪ੍ਰੀਤੋਸ਼ ਚੋਪੜਾ (32), ਗੁਰਬਿੰਦਰ ਸਿੰਘ (28), ਕੁਲਵਿੰਦਰ ਪੁਰੀ (25), ਪਰਮਿੰਦਰ ਪੁਰੀ (31), ਇੰਦਰਜੀਤ ਬੱਲ (29), ਵਰੁਣ ਔਲ (31), ਕੇਤਨ ਚੋਪੜਾ (30), ਪਵਨਦੀਪ ਸਿੰਘ (25), ਦਿਪਾਂਸ਼ੂ ਗਰਗ (24), ਰਾਹੁਲ ਵਰਮਾ (27), ਕਰਨ ਬੋਪਾਰਾਏ (26), ਮਨਕੀਰਤ ਬੋਪਾਰਾਏ (22), ਸਿਮਰ ਬੋਪਾਰਾਏ (21), ਜੋਵਨ ਸਿੰਘ (23) ਤੇ ਅਭਿਨਵ ਭਾਰਦਵਾਜ (25) ਵਜੋਂ ਦੱਸੀ ਗਈ ਹੈ। ਇਹ ਸਾਰੇ ਬਰੈਂਪਟਨ ਵਾਸੀ ਹਨ। ਇਨ੍ਹਾਂ ਵਿੱਚੋਂ ਕੁਝ ਸਮਾਜਕ ਸੇਵਾਦਾਰ ਵਜੋਂ ਵਿਚਰਦੇ ਸਨ। ਉਹ ਅਕਸਰ ਲੰਗਰ ਲਾਉਂਦੇ ਅਤੇ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਵੀਡੀਓ ਪਾਉਂਦੇ ਸਨ। ਪੁਲਸ ਅਧਿਕਾਰੀ ਅਨੁਸਾਰ ਇਨ੍ਹਾਂ ਤੋਂ 18 ਟੋਅ ਟਰੱਕ, 4 ਮਹਿੰਗੀਆਂ ਲਗਜ਼ਰੀ ਕਾਰਾਂ, 5 ਹੋਰ ਵਾਹਨ, 6 ਨਾਜਾਇਜ਼ ਬੰਦੂਕਾਂ, 2 ਬੁਲੇਟ ਪਰੂਫ ਜੈਕਟਾਂ ਸਮੇਤ ਕਈ ਛੋਟੇ ਮਾਰੂ ਹਥਿਆਰ ਅਤੇ 586 ਗੋਲੀਆਂ ਸਮੇਤ 45 ਹਜ਼ਾਰ ਡਾਲਰ ਦੀ ਨਕਦੀ ਬਰਾਮਦ ਕੀਤੀ ਗਈ ਹੈ। ਦੋਵੇਂ ਗਰੋਹ ਸਰਟੀਫਾਈਡ ਰੋਡਸਾਈਡ ਅਤੇ ਹੰਬਲ ਰੋਡਸਾਈਡ ਨਾਂਅ ਦੀਆਂ ਟੋਅ ਕੰਪਨੀਆਂ ਚਲਾਉਂਦੇ ਸਨ ਤੇ ਟੋਅ ਕੀਤੇ ਵਾਹਨ ਦਾ ਰਸਤੇ ’ਚ ਐਕਸੀਡੈਂਟ ਦਿਖਾ ਕੇ ਲੱਖਾਂ ਡਾਲਰਾਂ ਦਾ ਕਲੇਮ ਲੈਣ ਵਿੱਚ ਸਫਲ ਹੁੰਦੇ ਰਹੇ। ਗਰੋਹ ਮੈਂਬਰ ਵਪਾਰੀਆਂ ਨੂੰ ਫਿਰੌਤੀ ਕਾਲਾਂ ਕਰਕੇ ਮੋਟੀਆਂ ਰਕਮਾਂ ਮੰਗਦੇ ਤੇ ਨਾ ਦੇਣ ’ਤੇ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਕਾਲ ਦੀ ਪ੍ਰਵਾਹ ਨਾ ਕਰਨ ਵਾਲਿਆਂ ’ਤੇ ਉਹ ਗੋਲੀਬਾਰੀ ਵੀ ਕਰਦੇ ਸਨ। ਫਿਰੌਤੀ ਕਾਲਾਂ ਰਾਹੀਂ ਉਗਰਾਹੀ ਰਕਮ ਬਾਰੇ ਪੁੱਛੇ ਜਾਣ ’ਤੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਪੀੜਤਾਂ ਵੱਲੋਂ ਪੁਲਸ ਕੋਲ ਰਿਪੋਰਟ ਨਾ ਕਰਨ ਕਰਕੇ ਸਹੀ ਅਨੁਮਾਨ ਨਹੀਂ, ਪਰ ਇਹ 10 ਲੱਖ ਡਾਲਰ ਤੋਂ ਵੱਧ ਹੋਵੇਗੀ।