ਦੁਬਈ : ਈਰਾਨ ਨੇ ਮੰਗਲਵਾਰ ਤੇਲ ਅਵੀਵ ਵਿੱਚ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਹੈੱਡਕੁਆਰਟਰ ’ਤੇ ਹਮਲਾ ਕੀਤਾ ਅਤੇ ਮਿਲਟਰੀ ਇੰਟੈਲੀਜੈਂਸ ਨਾਲ ਜੁੜੀ ਖੁਫੀਆ ਏਜੰਸੀ ਏ ਐੱਮ ਏ ਐੱਨ ਦੀ ਬਿਲਡਿੰਗ ਨੂੰ ਵੀ ਨਿਸ਼ਾਨਾ ਬਣਾਇਆ। ਉਧਰ, ਇਜ਼ਰਾਈਲ ਨੇ ਈਰਾਨ ਦੇ ਨਵੇਂ ਵਾਰ ਚੀਫ ਮੇਜਰ ਜਨਰਲ ਅਲੀ ਸ਼ਾਦਮਾਨੀ ਨੂੰ ਮਾਰ ਦੇਣ ਦਾ ਦਾਅਵਾ ਕੀਤਾ ਹੈ ਜਿਸਨੇ ਮੇਜਰ ਜਨਰਲ ਗੁਲਾਮ ਅਲੀ ਰਾਸ਼ਿਦ ਦੇ ਮਾਰੇ ਜਾਣ ਤੋਂ ਬਾਅਦ ਕਮਾਨ ਸੰਭਾਲੀ ਸੀ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਈਰਾਨੀਆਂ ਨੂੰ ਤਹਿਰਾਨ ਸ਼ਹਿਰ ਖਾਲੀ ਕਰਨ ਦੀ ਚੇਤਾਵਨੀ ਦੇ ਬਾਅਦ ਮੰਗਲਵਾਰ ਸਵੇਰੇ ਪੁਰਾਣਾ ਸ਼ਹਿਰ ਖਾਲੀ ਹੋਣਾ ਸ਼ੁਰੂ ਹੋ ਗਿਆ, ਕਈ ਦੁਕਾਨਾਂ ਬੰਦ ਹੋ ਗਈਆਂ ਅਤੇ ਸ਼ਹਿਰ ਦਾ ਪ੍ਰਾਚੀਨ ਗ੍ਰੈਂਡ ਬਾਜ਼ਾਰ ਵੀ ਬੰਦ ਹੋ ਗਿਆ। ਤਹਿਰਾਨ ਮੱਧ ਪੂਰਬ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ, ਜਿਸਦੀ ਆਬਾਦੀ ਲਗਭਗ 1 ਕਰੋੜ ਹੈ, ਜੋ ਕਿ ਇਜ਼ਰਾਈਲ ਦੀ ਪੂਰੀ ਆਬਾਦੀ ਦੇ ਲਗਪਗ ਬਰਾਬਰ ਹੈ। ਇਸੇ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਸਭ ਕੁਝ ਕੰਟਰੋਲ ਵਿੱਚ ਹੈ ਅਤੇ ਲੋਕਾਂ ਨੂੰ ਕੀ ਕਰਨਾ ਹੈ, ਬਾਰੇ ਕੋਈ ਸਲਾਹ ਨਹੀਂ ਦਿੱਤੀ ਗਈ ਹੈ। ਇਸੇ ਦੌਰਾਨ ਤਹਿਰਾਨ ਵਿਚਲੇ ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਤੋਂ ਇਲਾਵਾ ਉਥੇ ਰਹਿ ਰਹੇ ਅਜਿਹੇ ਭਾਰਤੀ, ਜੋ ਸਵੈ-ਨਿਰਭਰ ਹਨ ਅਤੇ ਜਿਨ੍ਹਾਂ ਕੋਲ ਆਪਣੇ ਆਵਾਜਾਈ ਸਾਧਨ ਹਨ, ਨੂੰ ਵੀ ਸ਼ਹਿਰ ਤੋਂ ਬਾਹਰ ਜਾਣ ਦੀ ਸਲਾਹ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਕਿਹਾ ਕਿ ਕੁਝ ਭਾਰਤੀ ਨਾਗਰਿਕ ਈਰਾਨ ਦੀ ਅਰਮੀਨੀਆ ਨਾਲ ਲੱਗਦੀ ਉੱਤਰ-ਪੱਛਮੀ ਸਰਹੱਦ ਤੋਂ ਜ਼ਮੀਨ ਰਾਸਤੇ ਈਰਾਨ ਤੋਂ ਬਾਹਰ ਨਿਕਲ ਗਏ ਹਨ।