ਦੌਰਿਆਂ ਨਾਲ ਕੀ ਖੱਟਿਆ?

0
37

ਪਹਿਲਗਾਮ ਵਿੱਚ 26 ਸੈਲਾਨੀਆਂ ਦੇ ਕਤਲੇਆਮ ਤੋਂ ਬਾਅਦ ਪਾਕਿਸਤਾਨ ਨੂੰ ਨੰਗਾ ਕਰਨ ਤੇ ਦਹਿਸ਼ਤਗਰਦੀ ਬਾਰੇ ਭਾਰਤ ਦੇ ਸਟੈਂਡ ਤੋਂ ਜਾਣੂੰ ਕਰਾਉਣ ਲਈ ਸਰਕਾਰ ਵੱਲੋਂ ਬਣਾਏ ਗਏ ਸਰਬ ਪਾਰਟੀ ਵਫਦਾਂ ਨੇ 33 ਦੇਸ਼ਾਂ ਦਾ ਦੌਰਾ ਕੀਤਾ। ਤਿ੍ਰਣਮੂਲ ਕਾਂਗਰਸ ਦਾ ਸਾਂਸਦ ਅਭਿਸ਼ੇਕ ਬੈਨਰਜੀ ਵੀ ਅਜਿਹੇ ਇੱਕ ਵਫਦ ਵਿੱਚ ਸ਼ਾਮਲ ਸੀ, ਜਿਸ ਨੇ ਪੰਜ ਏਸ਼ੀਆਈ ਦੇਸ਼ਾਂ ਦਾ ਦੌਰਾ ਕੀਤਾ। ਭਾਰਤ ਵਾਪਸ ਆ ਕੇ ਉਸ ਨੇ ਵਿਦੇਸ਼ਾਂ ਵਿੱਚ ਸਿਵਲ ਸੁਸਾਇਟੀ ਦੇ ਮੈਂਬਰਾਂ ਤੇ ਲੋਕਾਂ ਵੱਲੋਂ ਉਸ ਦੇ ਵਫਦ ਨੂੰ ਕੀਤੇ ਗਏ ਸਵਾਲਾਂ ਦੇ ਸੰਦਰਭ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪਾਈ ਇੱਕ ਲੰਬੀ ਪੋਸਟ ’ਚ ਪਹਿਲਗਾਮ ਦੀ ਘਟਨਾ ਨੂੰ ਲੈ ਕੇ ਕੇਂਦਰ ਅੱਗੇ ਕੁਝ ਸਵਾਲ ਰੱਖੇ ਹਨ। ਇਨ੍ਹਾਂ ਸਵਾਲਾਂ ਵਿੱਚ ਪ੍ਰਮੁੱਖ ਸਵਾਲ ਇਹ ਹੈ ਕਿ ਵਫਦਾਂ ਦੇ ਦੌਰਿਆਂ ਨਾਲ ਦੇਸ਼ ਨੂੰ ਕੀ ਹਾਸਲ ਹੋਇਆ? ਇਸ ਤੋਂ ਇਲਾਵਾ ਉਸ ਨੇ ਇਹ ਸਵਾਲ ਵੀ ਪੁੱਛੇ ਹਨ ਕਿ ਦਹਿਸ਼ਤਗਰਦਾਂ ਨੇ ਸਰਹੱਦ ਕਿਵੇਂ ਟੱਪੀ ਤੇ ਹਮਲੇ ਨੂੰ ਅੰਜਾਮ ਦੇਣ ਵਿੱਚ ਸਫਲ ਕਿਵੇਂ ਹੋ ਗਏ? ਹਰ ਕੋਈ ਜਾਣਦਾ ਹੈ ਕਿ ਪਹਿਲਗਾਮ ਵਿੱਚ ਜੋ ਹੋਇਆ, ਉਹ ਇੰਟੈਲੀਜੈਂਸ ਦੀ ਨਾਕਾਮੀ ਸੀ, ਪਰ ਫਿਰ ਵੀ ਇੰਟੈਲੀਜੈਂਸ ਬਿਊਰੋ ਦੇ ਚੀਫ ਤਪਨ ਕੁਮਾਰ ਡੇਕਾ ਨੂੰ ਜਵਾਬਦੇਹ ਬਣਾਉਣ ਦੀ ਥਾਂ ਉਸ ਦੇ ਸੇਵਾਕਾਲ ਵਿੱਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਗਿਆ। ਸਰਕਾਰ ਦੇ ਵੀ ਕਈ ਲੋਕ ਮੰਨਦੇ ਹਨ ਕਿ ਇੰਟੈਲੀਜੈਂਸ ਨਾਕਾਮ ਰਹੀ, ਪਰ ਫਿਰ ਵੀ ਡੇਕਾ ਦਾ ਸੇਵਾਕਾਲ ਵਧਾਉਣ ਪਿੱਛੇ ਕੀ ਮਜਬੂਰੀ ਸੀ? ਬੈਨਰਜੀ ਨੇ ਇਹ ਵੀ ਸਵਾਲ ਉਠਾਇਆ ਹੈ ਕਿ ਜਦ ਸਰਕਾਰ ਆਪੋਜ਼ੀਸ਼ਨ ਆਗੂਆਂ, ਪੱਤਰਕਾਰਾਂ ਤੇ ਜੱਜਾਂ ਦੀ ਜਾਸੂਸੀ ਕਰਨ ਲਈ ਪੈਗਾਸਸ ਜਾਸੂਸੀ ਯੰਤਰ ਵਰਤ ਸਕਦੀ ਹੈ ਤਾਂ ਉਸ ਨੂੰ ਇਸ ਦੀ ਵਰਤੋਂ ਦਹਿਸ਼ਤਗਰਦਾਂ ਦੇ ਨੈੱਟਵਰਕ ਤੇ ਸ਼ੱਕੀਆਂ ਖਿਲਾਫ ਕਰਨ ਤੋਂ ਕਿਸ ਨੇ ਵਰਜਿਆ? ਬੈਨਰਜੀ ਨੇ ਇਹ ਵੀ ਪੁੱਛਿਆ ਹੈ ਕਿ ਚਾਰ ਹਮਲਾਵਰ ਦਹਿਸ਼ਤਗਰਦਾਂ ਦਾ ਕੀ ਬਣਿਆ? ਕੀ ਉਹ ਜਿਊਂਦੇ ਹਨ ਜਾਂ ਮਾਰੇ ਗਏ? ਜੇ ਮਾਰੇ ਗਏ ਤਾਂ ਸਰਕਾਰ ਸਪੱਸ਼ਟ ਬਿਆਨ ਕਿਉ ਨਹੀਂ ਦਿੰਦੀ? ਜੇ ਫੜੇ ਜਾਂ ਮਾਰੇ ਨਹੀਂ ਗਏ ਤਾਂ ਸਰਕਾਰ ਚੁੱਪ ਕਿਉ ਹੈ? ਬੈਨਰਜੀ ਨੇ ਇਹ ਸਵਾਲ ਵੀ ਕੀਤਾ ਹੈ ਕਿ ਭਾਰਤ ਮਕਬੂਜ਼ਾ ਕਸ਼ਮੀਰ ਨੂੰ ਕਦੋਂ ਹਾਸਲ ਕਰਨ ਦਾ ਇਰਾਦਾ ਰੱਖਦਾ ਹੈ ਅਤੇ ਇਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਬਿਆਨ ਨੂੰ ਸਰਕਾਰੀ ਤੌਰ ’ਤੇ ਕਿਉ ਨਹੀਂ ਝੁਠਲਾਇਆ ਕਿ ਉਸ ਨੇ ਵਪਾਰ ਬੰਦ ਕਰਨ ਦੀ ਧਮਕੀ ਦੇ ਕੇ ਜੰਗ ਰੁਕਵਾਈ? ਜਦੋਂ ਦੇਸ਼ ਹਥਿਆਰਬੰਦ ਫੌਜਾਂ ਦੀ ਪਿੱਠ ’ਤੇ ਸੀ ਤਾਂ ਸਮਝੌਤਾ ਕਿਉ ਕੀਤਾ? ਬੈਨਰਜੀ ਨੇ ਇਹ ਸਵਾਲ ਵੀ ਕੀਤਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਭਾਰਤ ਦੁਨੀਆ ਦੀ ਇੱਕ ਵੱਡੀ ਆਰਥਕ ਸ਼ਕਤੀ ਹੋਣ ਅਤੇ ਖੁਦ ਨੂੰ ਵਿਸ਼ਵ ਗੁਰੂ ਵਜੋਂ ਪੇਸ਼ ਕਰਨ ਦੇ ਬਾਵਜੂਦ ਪਾਕਿਸਤਾਨ ਵਿਸ਼ਵ ਬੈਂਕ ਤੇ ਕੌਮਾਂਤਰੀ ਮਾਲੀ ਫੰਡ ਤੋਂ ਵੱਡੇ ਕਰਜ਼ੇ ਕਿਵੇਂ ਹਾਸਲ ਕਰ ਗਿਆ? ਬੈਨਰਜੀ ਨੇ ਆਪਣੀ ਪੋਸਟ ਦੇ ਅੰਤ ਵਿੱਚ ਇਹ ਤੱਥ ਉਭਾਰਿਆ ਹੈ ਕਿ ਪਿਛਲੇ 10 ਸਾਲ ਵਿੱਚ ਵਿਦੇਸ਼ੀ ਮਾਮਲਿਆਂ (ਪ੍ਰਧਾਨ ਮੰਤਰੀ ਤੇ ਹੋਰਨਾਂ ਦੇ ਦੌਰਿਆਂ) ਉੱਤੇ 2 ਲੱਖ ਕਰੋੜ ਰੁਪਏ ਖਰਚ ਕਰਨ ਤੋਂ ਬਾਅਦ ਦੇਸ਼ ਨੇ ਖੱਟਿਆ ਕੀ ਹੈ? ਦੇਸ਼ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ।
ਬੈਨਰਜੀ ਦੇ ਇਹ ਸਵਾਲ ਅਹਿਮ ਹਨ, ਪਰ ਹਮੇਸ਼ਾ ਵਾਂਗ ਸਰਕਾਰ ਨੇ ਜਵਾਬ ਨਹੀਂ ਦੇਣਾ, ਕਿਉਕਿ ਉਸ ਦੀ ਸੋਚ ਹੈ ਕਿ ਹਰ ਮਹੀਨੇ ਪੰਜ ਕਿੱਲੋ ਮੁਫਤ ਅਨਾਜ ਲੈਣ ਵਾਲੇ 80 ਕਰੋੜ ਲੋਕ ਅਤੇ ਨਕਦ ਰਾਸ਼ੀ ਹਾਸਲ ਕਰਨ ਵਾਲੀਆਂ ਮਹਿਲਾਵਾਂ ਤੇ ਛੋਟੇ ਕਿਸਾਨ ਉਸ ਦੇ ਖਿਲਾਫ ਨਹੀਂ ਬੋਲਣਗੇ, ਭਾਵੇਂ ਆਪੋਜ਼ੀਸ਼ਨ ਆਗੂ ਜੋ ਮਰਜ਼ੀ ਬੋਲੀ ਜਾਣ।