ਮੁੱਖ ਮੰਤਰੀ ਦੀ ਕਾਰ ਚੋਰੀ ਕਰਨ ਵਾਲੇ 4 ਫੜੇ

0
114

ਵੈਨਕੂਵਰ : ਓਂਟਾਰੀਓ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਦੀ ਈਟੋਬੀਕੇ ਸਥਿਤ ਰਿਹਾਇਸ਼ ’ਤੇ ਖੜ੍ਹੀ ਕਾਰ ਚੋਰੀ ਕਰਨ ਦੇ ਦੋਸ਼ ਵਿੱਚ ਪੁਲਸ ਨੇ ਦੋ ਨਾਬਾਲਗਾਂ ਸਮੇਤ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਦੇ ਕਬਜ਼ੇ ’ਚੋਂ ਕਾਰਾਂ ਦੀਆਂ ਡਿਜੀਟਲ ਨਕਲੀ ਚਾਬੀਆਂ ਵਾਲਾ ਪ੍ਰੋਗਰਾਮਰ ਅਤੇ ਕੁਝ ਚਾਬੀਆਂ ਫੜੀਆਂ ਹਨ।
ਡੱਗ ਫੋਰਡ ਨੇ ਚੋਰਾਂ ਦੇ ਹੌਸਲੇ ’ਤੇ ਤਨਜ਼ ਕੱਸਦਿਆਂ ਕਿਹਾ ਕਿ ਇਹ ਸਾਰਾ ਕੁਝ ਕੈਨੇਡਾ ਦੇ ਨਰਮ ਕਾਨੂੰਨਾਂ ਦਾ ਨਤੀਜਾ ਹੈ। ਬੇਸ਼ੱਕ ਚੋਰ ਅਪਰਾਧ ਕਰਦਿਆਂ ਫੜੇ ਗਏ, ਪਰ ਉਹ ਕੱਲ੍ਹ ਨੂੰ ਜ਼ਮਾਨਤ ’ਤੇ ਬਾਹਰ ਆ ਕੇ ਮੁੜ ਇਹੀ ਕੰਮ ਕਰਨਗੇ। ਅਜਿਹੀ ਮਾਨਸਿਕਤਾ ਵਾਲੇ ਲੋਕਾਂ ਦੀ ਥਾਂ ਜੇਲ੍ਹ ਹੋਣੀ ਚਾਹੀਦੀ ਹੈ, ਪਰ ਨਰਮ ਕਾਨੂੰਨਾਂ ਕਰਕੇ ਅਮਨਪਸੰਦ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ਼ ਉੱਠ ਰਿਹਾ ਹੈ। ਡੱਗ ਫੋਰਡ ਨੇ ਕਿਹਾ ਕਿ ਇਹ ਘਟਨਾ ਉਨ੍ਹਾਂ ਲੋਕਾਂ ਲਈ ਸਬਕ ਹੈ, ਜੋ ਕਾਨੂੰਨ ਵਿੱਚ ਸੋਧ ਦਾ ਵਿਰੋਧ ਕਰਦੇ ਹਨ। ਦੋਵਾਂ ਨਾਬਾਲਗਾਂ ਨੂੰ 16 ਜੁਲਾਈ ਤੱਕ ਘਰ ਵਿੱਚ ਬੰਦੀ ਬਣਾ ਦਿੱਤਾ ਗਿਆ ਹੈ, ਜਦ ਕਿ ਬਾਲਗਾਂ ਖਿਲਾਫ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਏਗੀ।