ਮੋਦੀ ਦੀ ਟਰੰਪ ਨਾਲ ਫੋਨ ’ਤੇ ਗੱਲਬਾਤ

0
67

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਪਿਛਲੇ ਮਹੀਨੇ ਭਾਰਤ-ਪਾਕਿਸਤਾਨ ਜੰਗ ਰੋਕਣ ਲਈ ਅਮਰੀਕਾ ਨੇ ਵਪਾਰ ਦਾ ਲਾਲਚ ਦਿੱਤਾ ਸੀ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਕਸ਼ਮੀਰ ਬਾਰੇ ਕਦੇ ਵੀ ਕਿਸੇ ਤੀਜੀ ਧਿਰ ਦਾ ਦਖਲ ਸਵੀਕਾਰ ਨਹੀਂ ਕੀਤਾ ਤੇ ਨਾ ਹੀ ਭਵਿੱਖ ਵਿੱਚ ਕਦੇ ਕਰੇਗਾ।
ਮੋਦੀ ਨੇ ਇਹ ਗੱਲ ਖੁਦ ਜਨਤਕ ਤੌਰ ’ਤੇ ਨਹੀਂ ਦੱਸੀ, ਪਰ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਐੱਕਸ ’ਤੇ ਇਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਮੋਦੀ ਨੇ ਟਰੰਪ ਨਾਲ ਫੋਨ ’ਤੇ 35 ਮਿੰਟ ਦੇ ਕਰੀਬ ਗੱਲਬਾਤ ਕੀਤੀ ਤੇ ਟਰੰਪ ਨੂੰ ਸਾਫ ਕਰ ਦਿੱਤਾ ਕਿ ਇਸ ਪੂਰੇ ਘਟਨਾਕ੍ਰਮ (7 ਤੋਂ 10 ਮਈ) ਦੌਰਾਨ ਕਿਸੇ ਵੀ ਸਮੇਂ, ਕਿਸੇ ਵੀ ਪੱਧਰ ’ਤੇ, ਭਾਰਤ-ਅਮਰੀਕਾ ਵਪਾਰ ਸਮਝੌਤੇ ਜਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਰੀਕਾ ਵੱਲੋਂ ਵਿਚੋਲਗੀ ਵਰਗੇ ਮੁੱਦਿਆਂ ’ਤੇ ਚਰਚਾ ਨਹੀਂ ਕੀਤੀ ਗਈ। ਫੌਜੀ ਕਾਰਵਾਈ ਰੋਕਣ ਦੇ ਫੈਸਲੇ ’ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਸਿੱਧੇ ਤੌਰ ’ਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ ਮੌਜੂਦਾ ਚੈਨਲਾਂ ਰਾਹੀਂ ਚਰਚਾ ਪਾਕਿਸਤਾਨ ਦੀ ਬੇਨਤੀ ’ਤੇ ਕੀਤੀ ਗਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਕਦੇ ਵੀ ਵਿਚੋਲਗੀ ਸਵੀਕਾਰ ਨਹੀਂ ਕੀਤੀ, ਨਾ ਹੀ ਇਸ ਨੂੰ ਕਦੇ ਕਰੇਗਾ। ਇਸ ਮੁੱਦੇ ’ਤੇ ਭਾਰਤ ਵਿੱਚ ਸਿਆਸੀ ਤੌਰ ’ਤੇ ਸਾਰੀਆਂ ਸਿਆਸੀ ਧਿਰਾਂ ’ਚ ਮੁਕੰਮਲ ਸਹਿਮਤੀ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਟਰੰਪ ਨੇ ਪ੍ਰਧਾਨ ਮੰਤਰੀ ਵੱਲੋਂ ਉਠਾਏ ਗਏ ਨੁਕਤਿਆਂ ਨੂੰ ਸਮਝਿਆ ਅਤੇ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਲਈ ਸਹਿਮਤੀ ਦਿੱਤੀ। ਮੋਦੀ ਨੇ ਟਰੰਪ ਨੂੰ ਦੱਸਿਆ ਕਿ ਭਾਰਤ ਹੁਣ ਦਹਿਸ਼ਤੀ ਸਰਗਰਮੀਆਂ ਨੂੰ ਪ੍ਰੋਕਸੀ ਵਜੋਂ ਨਹੀਂ, ਬਲਕਿ ਜੰਗੀ ਕਾਰਵਾਈ ਵਜੋਂ ਲਏਗਾ। ਜ਼ਿਕਰਯੋਗ ਹੈ ਕਿ ਮੋਦੀ ਅਤੇ ਟਰੰਪ ਨੇ 18 ਜੂਨ ਨੂੰ ਵ੍ਹਾਈਟ ਹਾਊਸ ਵਿੱਚ ਟਰੰਪ ਦੇ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਦੁਪਹਿਰ ਦੇ ਖਾਣੇ ਦੀ ਨਿਰਧਾਰਤ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਗੱਲਬਾਤ ਕੀਤੀ।
ਮਿਸਰੀ ਨੇ ਦੱਸਿਆ ਕਿ ਕੈਨੇਡਾ ਵਿੱਚ ਜੀ-7 ਸਿਖਰ ਸੰਮੇਲਨ ਤੋਂ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਬੈਠਕ ਪ੍ਰਸਤਾਵਤ ਸੀ, ਪਰ ਟਰੰਪ ਦੇ ਸੰਮੇਲਨ ਵਿਚਾਲੇ ਛੱਡ ਵਾਸ਼ਿੰਗਟਨ ਪਰਤਣ ਕਰਕੇ ਇਹ ਮੁਲਾਕਾਤ ਨਹੀਂ ਹੋ ਸਕੀ। ਇਹ ਟੈਲੀਫੋਨ ਕਾਲ ਰਾਸ਼ਟਰਪਤੀ ਟਰੰਪ ਦੀ ਬੇਨਤੀ ’ਤੇ ਹੋਈ, ਜਿਨ੍ਹਾ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਸੀ ਕਿ ਕੀ ਉਹ ਕੈਨੇਡਾ ਤੋਂ ਵਾਪਸ ਆਉਂਦੇ ਸਮੇਂ ਅਮਰੀਕਾ ਰੁਕ ਸਕਦੇ ਹਨ। ਮੋਦੀ ਨੇ ਹਾਲਾਂਕਿ ਪਹਿਲਾਂ ਤੋਂ ਨਿਰਧਾਰਤ ਰੁਝੇਵਿਆਂ ਕਾਰਨ ਅਸਮਰੱਥਾ ਜ਼ਾਹਰ ਕੀਤੀ। ਟਰੰਪ ਅਤੇ ਮੋਦੀ ਨੇ ਇਜ਼ਰਾਈਲ-ਈਰਾਨ ਟਕਰਾਅ ’ਤੇ ਵੀ ਚਰਚਾ ਕੀਤੀ। ਰੂਸ-ਯੂਕਰੇਨ ਟਕਰਾਅ ’ਤੇ, ਦੋਵੇਂ ਇਸ ਗੱਲ ’ਤੇ ਸਹਿਮਤ ਹੋਏ ਕਿ ਜਲਦੀ ਸ਼ਾਂਤੀ ਲਈ ਦੋਵਾਂ ਧਿਰਾਂ ਵਿਚਕਾਰ ਸਿੱਧੀ ਗੱਲਬਾਤ ਜ਼ਰੂਰੀ ਹੈ ਅਤੇ ਯਤਨ ਜਾਰੀ ਰਹਿਣੇ ਚਾਹੀਦੇ ਹਨ।