ਨਵੀਂ ਦਿੱਲੀ : ਪਾਕਿਸਤਾਨੀ ਫੌਜ ਮੁਖੀ ਜਨਰਲ ਆਸੀਮ ਮੁਨੀਰ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੁਪਹਿਰ ਦਾ ਖਾਣਾ ਖਾਣ ਦੀਆਂ ਖਬਰਾਂ ਤੋਂ ਬਾਅਦ ਕਾਂਗਰਸ ਨੇ ਬੁੱਧਵਾਰ ਮੋਦੀ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਭਾਰਤੀ ਕੂਟਨੀਤੀ ਤਬਾਹ ਹੋ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਲਕੁਲ ਚੁੱਪ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਖੁਦ 14 ਵਾਰ ਕਿਹਾ ਹੈ ਕਿ ਉਨ੍ਹਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾਈ, ਭਾਵ ਉਨ੍ਹਾ ‘ਅਪ੍ਰੇਸ਼ਨ ਸਿੰਧੂਰ’ ਖਤਮ ਕਰ ਦਿੱਤਾ।
ਰਮੇਸ਼ ਨੇ ਕਿਹਾ, ‘ਫੀਲਡ ਮਾਰਸ਼ਲ ਆਸੀਮ ਮੁਨੀਰ, ਉਹ ਵਿਅਕਤੀ ਹੈ ਜਿਸ ਦੀਆਂ ਭੜਕਾਊ ਅਤੇ ਉਕਸਾਊ ਟਿੱਪਣੀਆਂ ਦਾ ਸਿੱਧਾ ਸੰਬੰਧ 22 ਅਪਰੈਲ ਦੇ ਪਹਿਲਗਾਮ ਅੱਤਵਾਦੀ ਹਮਲਿਆਂ ਨਾਲ ਸੀ, ਅੱਜ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਟਰੰਪ ਨਾਲ ਦੁਪਹਿਰ ਦਾ ਖਾਣਾ ਖਾ ਰਿਹਾ ਹੈ।’ ਉਨ੍ਹਾ ਪੁੱਛਿਆ ਕਿ ਕੀ ਇਸੇ ਲਈ ਰਾਸ਼ਟਰਪਤੀ ਟਰੰਪ ਨੇ ਜੀ-7 ਸੰਮੇਲਨ ਇੱਕ ਦਿਨ ਪਹਿਲਾਂ ਛੱਡ ਦਿੱਤਾ, ਜਿਸ ਨਾਲ ਨਰਿੰਦਰ ਮੋਦੀ ਨੂੰ ਵੱਡੀ ਜੱਫੀ ਤੋਂ ਵਾਂਝਾ ਕਰ ਦਿੱਤਾ ਗਿਆ। ਕਾਂਗਰਸੀ ਆਗੂ ਨੇ ਕਿਹਾ, ‘ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਮਾਈਕਲ ਕੁਰੀਲਾ ਨੇ ਪਾਕਿਸਤਾਨ ਨੂੰ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਇੱਕ ਅਸਾਧਾਰਨ ਭਾਈਵਾਲ ਕਿਹਾ। ਇਹ ਨਮਸਤੇ ਟਰੰਪ ਵੱਲੋਂ ਹਾਉਡੀ ਮੋਦੀ ਨੂੰ ਤੀਜਾ ਝਟਕਾ ਹੈ!’ ਰਮੇਸ਼ ਨੇ ਕਿਹਾ, ‘ਭਾਰਤੀ ਕੂਟਨੀਤੀ ਤਬਾਹ ਹੋ ਰਹੀ ਹੈ ਅਤੇ ਪ੍ਰਧਾਨ ਮੰਤਰੀ ਬਿਲਕੁਲ ਚੁੱਪ ਹਨ। ਕੱਲ੍ਹ ਉਨ੍ਹਾ ਦੀ (ਬਦਨਾਮ) ਚੀਨ ਨੂੰ ਕਲੀਨ ਚਿੱਟ ਦੀ ਪੰਜਵੀਂ ਵਰ੍ਹੇਗੰਢ ਹੈ।’ ਕਾਂਗਰਸ ਨੇ ਪਿਛਲੇ ਹਫਤੇ ਕਿਹਾ ਸੀ ਕਿ ਅਮਰੀਕਾ ਲਗਾਤਾਰ ਅਜਿਹੇ ਬਿਆਨ ਦੇ ਰਿਹਾ ਹੈ, ਜਿਨ੍ਹਾਂ ਦਾ ਮਤਲਬ ਸਿਰਫ ਇਹ ਕੱਢਿਆ ਜਾ ਸਕਦਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਨੂੰ ਇਕੱਠੇ ਕਰ ਰਿਹਾ ਹੈ। ਇਸ ਨੇ ਜ਼ੋਰ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਬ ਪਾਰਟੀ ਮੀਟਿੰਗ ਅਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਆਪਣੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ।


