ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਕਾਰਨ ਦੇਸ਼ ਦੀ ਜਨਤਾ ਆਰਥਕ ਤੌਰ ’ਤੇ ਕੰਗਾਲ ਹੋਈ : ਅਰਸ਼ੀ, ਮਾੜੀ ਮੇਘਾ

0
438

ਜਲਾਲਾਬਾਦ (ਪਰਮਜੀਤ ਢਾਬਾਂ,
ਜੀਤ ਕੁਮਾਰ, ਸਤਨਾਮ ਸਿੰਘ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫਾਜ਼ਿਲਕਾ ਦੀ ਜ਼ਿਲ੍ਹਾ ਕਾਨਫ਼ਰੰਸ ਰਿਸ਼ੀਪਾਲ ਖੁੱਭਣ, ਸੁਰਿੰਦਰ ਢੰਡੀਆਂ, ਜੋਗਿੰਦਰ ਕੌਰ ਜਲਾਲਾਬਾਦ, ਪਰਮਜੀਤ ਢਾਬਾਂ ਅਤੇ ਰਮਨ ਧਰਮੂਵਾਲਾ ਦੀ ਪ੍ਰਧਾਨਗੀ ਮੰਡਲ ’ਤੇ ਆਧਾਰਤ ਕਰਵਾਈ ਗਈ। ਭਾਰਤੀ ਕਮਿਊਨਿਸਟ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਕਮਿਊਨਿਸਟ ਆਗੂ ਦਰਸ਼ਨ ਲਾਧੂਕਾ ਵੱਲੋਂ ਕੀਤੀ ਗਈ। ਕਾਨਫਰੰਸ ਦੀ ਸ਼ੁਰੂਆਤ ਤੋਂ ਪਹਿਲਾਂ ਵਿਛੜੇ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਜ਼ਿਲ੍ਹਾ ਕਾਨਫ਼ਰੰਸ ਕਰਵਾਉਣ ਲਈ ਬਤੌਰ ਨਿਗਰਾਨ ਪਹੁੰਚੇ ਸੀ ਪੀ ਆਈ ਦੇ ਸੂਬਾਈ ਆਗੂ ਹਰਦੇਵ ਅਰਸ਼ੀ ਅਤੇ ਪਿ੍ਰਥੀਪਾਲ ਸਿੰਘ ਮਾੜੀ ਮੇਘਾ ਨੇ ਡੈਲੀਗੇਟ ਹੋਸਟ ਹਾਜ਼ਰ ਸਾਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਲੋਕ-ਵਿਰੋਧੀ ਨੀਤੀਆਂ ਅਤੇ ਕਾਨੂੰਨ ਬਣਾ ਕੇ ਜਿੱਥੇ ਦੇਸ਼ ਦੀ ਜਨਤਾ ਨੂੰ ਆਰਥਕ ਤੌਰ ’ਤੇ ਕੰਗਾਲ ਕੀਤਾ ਹੈ, ਉੱਥੇ ਦੂਜੇ ਪਾਸੇ ਕੋਰੋਨਾ ਮਹਾਂਮਾਰੀ ਦੌਰਾਨ ਭਾਜਪਾ ਦੇ ਵਿੱਤੀ ਤੌਰ ’ਤੇ ਭਾਈਵਾਲ ਅੰਬਾਨੀ ਅਤੇ ਅਡਾਨੀ ਪਰਵਾਰ ਦੀ ਕਮਾਈ ਵਿਚ ਕਈ ਗੁਣਾਂ ਵਾਧਾ ਹੋਇਆ ਹੈ। ਕੇਂਦਰ ਸਰਕਾਰ ਨੂੰ ਦੇਸ਼ ਦੀ ਜਨਤਾ ਨਾਲੋਂ ਵੱਧ ਆਪਣੇ ਕਾਰਪੋਰੇਟ ਘਰਾਣਿਆਂ ਦੀ ਫਿਕਰ ਬਣੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ, ਵਿੱਦਿਆ, ਰੁਜ਼ਗਾਰ, ਰਹਿਣ ਲਈ ਮਕਾਨ ਅਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਦੀ ਬਿਜਾਏ ਉਨ੍ਹਾਂ ਤੋਂ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ। ਉਨ੍ਹਾਂ ਸੱਦਾ ਦਿੰਦਿਆਂ ਕਿਹਾ ਕਿ ਇਨ੍ਹਾਂ ਲੋਕ-ਵਿਰੋਧੀ ਨੀਤੀਆਂ ਦਾ ਟਾਕਰਾ ਕਰਨ ਲਈ ਬਤੌਰ ਕਮਿਊਨਿਸਟ ਸਾਨੂੰ ਸਮਾਜ ਵਿੱਚ ਮੋਹਰੀ ਆਗੂ ਰੋਲ ਅਦਾ ਕਰਨਾ ਪਵੇਗਾ ਅਤੇ ਸਥਾਨਕ ਪੱਧਰ ’ਤੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਉਨ੍ਹਾਂ ਵਿੱਚ ਜਾ ਕੇ ਕੰਮ ਕਰਨ ਦੀ ਮੁੱਖ ਲੋੜ ਹੈ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਹੰਸਰਾਜ ਗੋਲਡਨ ਵੱਲੋਂ ਰਾਜਨੀਤਕ ਅਤੇ ਜਥੇਬੰਦਕ ਰਿਪੋਰਟ ਪੇਸ਼ ਕੀਤੀ ਗਈ, ਜਿਸ ’ਤੇ ਇਕ ਦਰਜਨ ਦੇ ਕਰੀਬ ਡੈਲੀਗੇਟ ਹਾਊਸ ਦੇ ਸਾਥੀਆਂ ਨੇ ਬਹਿਸ ਵਿਚ ਹਿੱਸਾ ਲਿਆ ਤੇ ਰਿਪੋਰਟ ਵਿੱਚ ਵਾਧਾ ਕਰਵਾਇਆ। ਇਸ ਤੋਂ ਬਾਅਦ ਜ਼ਿਲ੍ਹਾ ਸਕੱਤਰ ਵੱਲੋਂ ਦਰਜ ਕਰਾਏ ਵਾਅਦਿਆਂ ਨੂੰ ਆਪਣੀ ਰਿਪੋਰਟ ਵਿੱਚ ਸ਼ਾਮਲ ਕਰਕੇ ਹਾਊਸ ’ਚ ਮੁਕੰਮਲ ਰਿਪੋਰਟ ਪੇਸ਼ ਕੀਤੀ ਗਈ। ਡੈਲੀਗੇਟ ਹਾਊਸ ਵੱਲੋਂ ਵਾਧਿਆਂ ਸਮੇਤ ਪੇਸ਼ ਹੋਈ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋਂ ਬਾਅਦ ਨਵੀਂ ਜ਼ਿਲ੍ਹਾ ਕਾਨਫ਼ਰੰਸ ਲਈ 31 ਮੈਂਬਰੀ ਜ਼ਿਲ੍ਹਾ ਕੌਂਸਲ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ, ਜਿਸ ਨੂੰ ਵੀ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਇਸ ਦੌਰਾਨ ਸੂਬਾਈ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ। ਕਾਨਫਰੰਸ ਦੇ ਆਖਰੀ ਪੜਾਅ ’ਚ ਜ਼ਿਲ੍ਹਾ ਸਕੱਤਰ ਵੱਲੋਂ ਦੁਬਾਰਾ ਚੁਣੇ ਜਾਣ ’ਤੇ ਵਿਸ਼ਵਾਸ ਦਿਵਾਇਆ ਕਿ ਉਹ ਅੱਗੇ ਤੋਂ ਵੀ ਹੋਰ ਵਧੇਰੇ ਵਧੀਆ ਢੰਗ ਨਾਲ ਪਾਰਟੀ ਨੂੰ ਵਧਾਉਣ ਲਈ ਕੰਮ ਕਰਨਗੇ ਅਤੇ ਖਾਸ ਤੌਰ ’ਤੇ ਵਿਦਿਆਰਥੀਆਂ, ਨੌਜਵਾਨਾਂ ਅਤੇ ਅਵਾਮੀ ਜਥੇਬੰਦੀਆਂ ਦਾ ਦਾਇਰਾ ਵਧਾਉਣ ਲਈ ਆਪਣੀ ਪੂਰੀ ਤਾਕਤ ਲਗਾਉਣਗੇ। ਅਖੀਰ ’ਚ ਪ੍ਰਧਾਨਗੀ ਮੰਡਲ ਵੱਲੋਂ ਆਏ ਹੋਏ ਸਾਰੇ ਡੈਲੀਗੇਟ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here