ਸ਼ਾਹ ਦਾ ਅੰਗਰੇਜ਼ੀ ’ਤੇ ਹਮਲਾ

0
160

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਕਹਿਣਾ ਕਿ ‘ਸਾਡੀ ਜ਼ਿੰਦਗੀ ਵਿੱਚ ਉਹ ਦਿਨ ਆਏਗਾ ਜਦੋਂ ਅੰਗਰੇਜ਼ੀ ਬੋਲਣ ਵਾਲੇ ਸ਼ਰਮਿੰਦਾ ਮਹਿਸੂਸ ਕਰਨਗੇ’ ਸਿਰਫ ਮਹਾਤਮਾ ਗਾਂਧੀ, ਰਵਿੰਦਰ ਨਾਥ ਟੈਗੋਰ ਤੇ ਮੌਲਾਨਾ ਆਜ਼ਾਦ ਵਰਗੇ ਸੁਤੰਤਰਤਾ ਸੰਗਰਾਮ ਦੇ ਮਹਾਨ ਆਗੂਆਂ ਦੀ ਵਿਰਾਸਤ ਦਾ ਹੀ ਅਪਮਾਨ ਨਹੀਂ, ਸਗੋਂ ਸੰਵਿਧਾਨ ਦੀ ਵੀ ਖੁੱਲ੍ਹੀ ਉਲੰਘਣਾ ਹੈ, ਜਿਸ ਵਿੱਚ ਭਾਰਤੀ ਭਾਸ਼ਾਵਾਂ ਤੇ ਅੰਗਰੇਜ਼ੀ ਦੋਹਾਂ ਦੀ ਵਰਤੋਂ ਦੀ ਸਪੱਸ਼ਟ ਵਿਵਸਥਾ ਕੀਤੀ ਗਈ ਹੈ। ਸ਼ਾਹ ਦੀ ਗੱਲ, ਜਿਹੜੀ ਨਫਰਤ ਫੈਲਾਉਣ ਵਾਲੇ ਬਿਆਨ ਦੀ ਸਰਹੱਦ ਨੂੰ ਛੂੰਹਦੀ ਹੈ, ਭਾਰਤ ਦੇ ਉਸ ਵਿਚਾਰ ਨੂੰ ਕਮਜ਼ੋਰ ਕਰਦੀ ਹੈ, ਜਿਹੜਾ ਭਾਸ਼ਾਈ ਵਿਵਿਧਤਾ ਤੇ ਸੱਭਿਆਚਾਰਕ ਬਹੁਲਤਾ ਵਿੱਚ ਮੌਜੂਦ ਹੈ। ਸ਼ਾਹ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਭਾਸ਼ਾਵਾਂ ਸਾਡੀ ਸੰਸ�ਿਤੀ ਦੇ ਗਹਿਣੇ ਹਨ ਤੇ ਇਨ੍ਹਾਂ ਦੇ ਬਿਨਾਂ ਅਸੀਂ ਭਾਰਤੀ ਨਹੀਂ ਕਹਿਲਾ ਸਕਦੇ। ਸਾਡੇ ਦੇਸ਼, ਉਸ ਦੀ ਸੰਸ�ਿਤੀ, ਇਤਿਹਾਸ ਤੇ ਧਰਮ ਨੂੰ ਵਿਦੇਸ਼ੀ ਭਾਸ਼ਾਵਾਂ ਵਿੱਚ ਨਹੀਂ ਸਮਝਿਆ ਜਾ ਸਕਦਾ। ਇਹ ਬਿਆਨ ਇਸ ਸਚਾਈ ਨੂੰ ਨਜ਼ਰਅੰਦਾਜ਼ ਕਰਦਾ ਹੈ ਕਿ ਅੰਗਰੇਜ਼ੀ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਨੇ ਭਾਰਤੀ ਸੰਸ�ਿਤੀ ਦੀ ਡੂੰਘਾਈ ਨੂੰ ਦੁਨੀਆ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਮਹਾਤਮਾ ਗਾਂਧੀ ਨੇ ਭਗਵਦ ਗੀਤਾ ਮੂਲ ਸੰਸ�ਿਤ ਵਿੱਚ ਨਹੀਂ ਪੜ੍ਹੀ ਸੀ। ਪਹਿਲੀ ਵਾਰ ਉਨ੍ਹਾ ਇਸ ਨੂੰ ਲੰਡਨ ਵਿੱਚ ‘ਦੀ ਸੌਂਗ ਸੇਲੇਸਟਿਅਲ’ ਨਾਂਅ ਦੇ ਅੰਗਰੇਜ਼ੀ ਅਨੁਵਾਦ ਵਿੱਚ ਪੜ੍ਹਿਆ, ਜਿਹੜਾ ਐਡਵਿਨ ਅਰਨੋਲਡ ਨੇ ਕੀਤਾ ਸੀ। ਇਸ ਅਨੁਵਾਦ ਦਾ ਗਾਂਧੀ ’ਤੇ ਏਨਾ ਡੂੰਘਾ ਰੂਹਾਨੀ ਅਸਰ ਹੋਇਆ ਕਿ ਇਹ ਉਨ੍ਹਾ ਦੇ ਜੀਵਨ ਤੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਬਦਲਣ ਵਾਲਾ ਤਜਰਬਾ ਬਣ ਗਿਆ ਅਤੇ ਇਹ ਵਿਚਾਰ ਅੱਗੇ ਜਾ ਕੇ ਸੁਤੰਤਰਤਾ ਸੰਗਰਾਮ ਦੀ ਬੁਨਿਆਦ ਬਣੇ। ਸਿਰਫ ਇਸ ਲਈ ਕਿ ਉਹ ਗੀਤਾ ਅੰਗਰੇਜ਼ੀ ਵਿੱਚ ਸੀ, ਉਸ ਦਾ ਮਹੱਤਵ ਘੱਟ ਨਹੀਂ ਹੋ ਗਿਆ ਸੀ। ਗਾਂਧੀ ਨੇ ਭਾਰਤੀ ਭਾਸ਼ਾਵਾਂ ਦੀ ਵਕਾਲਤ ਕੀਤੀ, ਪਰ ਨਾਲ ਹੀ ਉਨ੍ਹਾ ਅੰਗਰੇਜ਼ੀ ਲਿਖਣ-ਬੋਲਣ ਲਈ ਵੀ ਕਿਹਾ। ਉਨ੍ਹਾ 26 ਜਨਵਰੀ 1921 ਨੂੰ ‘ਯੰਗ ਇੰਡੀਆ’ ਵਿੱਚ ਲਿਖਿਆ ਸੀ, ‘‘ਮੈਂ ਚਾਹੁੰਦਾ ਹਾਂ ਕਿ ਸਾਡੇ ਨੌਜਵਾਨ ਮੁੰਡੇ-ਕੁੜੀਆਂ, ਜਿਨ੍ਹਾਂ ਵਿੱਚ ਸਾਹਿਤਕ ਰੁਚੀ ਹੈ, ਅੰਗਰੇਜ਼ੀ ਜਾਂ ਹੋਰ ਵਿਦੇਸ਼ੀ ਭਾਸ਼ਾਵਾਂ ਜਿੰਨੀਆਂ ਚਾਹੁਣ, ਸਿੱਖਣ ਅਤੇ ਫਿਰ ਉਸ ਗਿਆਨ ਦਾ ਲਾਭ ਭਾਰਤ ਤੇ ਦੁਨੀਆ ਨੂੰ ਦੇਣ, ਜਿਵੇਂ ਬੋਸ, ਰੇਅ ਜਾਂ ਟੈਗੋਰ ਨੇ ਕੀਤਾ, ਪਰ ਮੈਂ ਇਹ ਨਹੀਂ ਚਾਹੁੰਦਾ ਕਿ ਕੋਈ ਵੀ ਭਾਰਤੀ ਆਪਣੀ ਮਾਤ-ਭਾਸ਼ਾ ਨੂੰ ਭੁੱਲੇ, ਨਜ਼ਰਅੰਦਾਜ਼ ਕਰੇ ਜਾਂ ਉਸ ਤੋਂ ਸ਼ਰਮਿੰਦਾ ਹੋਵੇ।’’ ਗਾਂਧੀ ਦਾ ਇਹ ਨਜ਼ਰੀਆ ਸੰਕੀਰਨ ਰਾਸ਼ਟਰਵਾਦ ਜਾਂ ਭਾਸ਼ਾਈ ਸ੍ਰੇਸ਼ਠਤਾ ’ਤੇ ਨਹੀਂ ਸਗੋਂ ਇੱਕ ਸਮਾਵੇਸ਼ੀ ਤੇ ਵਿਸ਼ਵੀ ਸੋਚ ’ਤੇ ਅਧਾਰਤ ਸੀ। ਟੈਗੋਰ ਨੇ ਅੰਗਰੇਜ਼ੀ ਰਸਮੀ ਤੌਰ ’ਤੇ ਨਹੀਂ ਪੜ੍ਹੀ ਸੀ, ਪਰ ਉਨ੍ਹਾ ਅੰਗਰੇਜ਼ੀ ਵਿੱਚ ਲੇਖ ਓਨੀ ਹੀ ਖੂਬਸੂਰਤੀ ਨਾਲ ਲਿਖੇ, ਜਿੰਨੀ ਖੂਬਸੂਰਤੀ ਨਾਲ ਬੰਗਲਾ ਵਿੱਚ ਕਵਿਤਾਵਾਂ, ਨਾਟਕ ਤੇ ਹੋਰ ਰਚਨਾਵਾਂ। ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਅੰਗਰੇਜ਼ੀ ਦੀ ਰਸਮੀ ਸਿੱਖਿਆ ਨਹੀਂ ਲਈ ਸੀ, ਪਰ ਫਿਰ ਵੀ ਉਨ੍ਹਾ ਇਸ ਭਾਸ਼ਾ ਦੇ ਮਹੱਤਵ ਨੂੰ ਸਮਝਿਆ। ਉਨ੍ਹਾ ਲਿਖਿਆ, ‘‘ਚਾਹੇ ਅੰਗਰੇਜ਼ੀ ਭਾਸ਼ਾ ਸਾਡੇ ਜੀਵਨ ਵਿੱਚ ਜਿਵੇਂ ਵੀ ਆਈ ਹੋਵੇ, ਇਹ ਤੱਥ ਹੈ ਕਿ ਇਸ ਨੇ ਪਿਛਲੇ ਡੇਢ ਸੌ ਵਰ੍ਹਿਆਂ ਤੋਂ ਸਾਡੇ ਮਾਨਸਿਕ ਤੇ ਵਿੱਦਿਅਕ ਨਜ਼ਰੀਏ ਨੂੰ ਪ੍ਰਭਾਵਤ ਕੀਤਾ ਹੈ। ਅੰਗਰੇਜ਼ੀ ਨੇ ਦੇਸ਼ ਨੂੰ ਇੱਕਜੁਟ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਇਹ ਉਹ ਕੰਮ ਕਰ ਗਈ, ਜੋ ਕਦੇ ਮੁਗਲ ਦੌਰ ਵਿੱਚ ਫਾਰਸੀ ਨੇ ਕੀਤਾ ਸੀ।’’ ਨਾਲ ਹੀ ਉਨ੍ਹਾ ਇਹ ਵੀ ਕਿਹਾ ਕਿ ਅੰਗਰੇਜ਼ੀ ਹਮੇਸ਼ਾ ਪ੍ਰਮੁੱਖ ਭਾਸ਼ਾ ਨਹੀਂ ਰਹਿ ਸਕਦੀ ਤੇ ਭਾਰਤੀ ਭਾਸ਼ਾਵਾਂ ਨੂੰ ਉਨ੍ਹਾ ਦਾ ਬਣਦਾ ਸਥਾਨ ਮਿਲਣਾ ਚਾਹੀਦਾ ਹੈ, ਪਰ ‘ਸੋਚ-ਸਮਝ ਕੇ’। ਸ਼ਾਹ ਦੀ ਟਿੱਪਣੀ ਇਸ ‘ਸੋਚ-ਸਮਝ’ ਤੋਂ ਕੋਹਾਂ ਦੂਰ ਹੈ ਤੇ ਸਿੱਧੀ ਸੰਵਿਧਾਨ ਦੇ ਖਿਲਾਫ ਵੀ। ਆਰਟੀਕਲ 120 ਮੁਤਾਬਕ ਸਾਂਸਦ ਹਿੰਦੀ, ਅੰਗਰੇਜ਼ੀ ਤੇ ਆਪਣੀ ਮਾਤ-ਭਾਸ਼ਾ ਬੋਲ ਸਕਦੇ ਹਨ। ਅਸੈਂਬਲੀਆਂ ਵਿੱਚ ਵੀ ਅੰਗਰੇਜ਼ੀ ਬੋਲਣ ਦੀ ਆਗਿਆ ਹੈ। ਸ਼ਾਹ ਨੂੰ ਇੱਕ ਰਾਸ਼ਟਰ-ਇੱਕ ਸੰਸ�ਿਤੀ ਦੀ ਪੁਰਾਣੀ ਸੋਚ ਤੋਂ ਅੱਗੇ ਵਧਣਾ ਚਾਹੀਦਾ ਹੈ। ਭਾਰਤ ਦੀ ਅਸਲੀ ਪਛਾਣ ਵਿਵਿਧਤਾ ਵਿੱਚ ਹੈ ਅਤੇ ਇਸ ਵਿੱਚ ਭਾਸ਼ਾਈ ਵਿਵਿਧਤਾ ਵੀ ਸ਼ਾਮਲ ਹੈ। ਭਾਰਤੀ ਭਾਸ਼ਾਵਾਂ, ਅੰਗਰੇਜ਼ੀ ਤੇ ਹੋਰ ਵਿਦੇਸ਼ੀ ਭਾਸ਼ਾਵਾਂ-ਸਭ ਨੇ ਮਿਲ ਕੇ ਭਾਰਤ ਦੀ ਸਭਿਆਗਤ ਵਿਰਾਸਤ ਨੂੰ ਅਮੀਰ ਬਣਾਇਆ ਹੈ।੍ਰ