ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰੀ

0
90

ਜ਼ੀਰਕਪੁਰ : ਸੋਮਵਾਰ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਇੱਥੇ ਥਾਣੇ ਤੋਂ ਮਹਿਜ਼ 50 ਮੀਟਰ ਦੀ ਦੂਰੀ ’ਤੇ ਐਕਟਿਵਾ ਸਵਾਰ ਪ੍ਰਾਪਰਟੀ ਡੀਲਰ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਪ੍ਰਾਪਰਟੀ ਡੀਲਰ ਦਾ ਸਾਥੀ ਗੋਲੀ ਦਾ ਛਰ੍ਹਾ ਵੱਜਣ ਕਾਰਨ ਮਾਮੂਲੀ ਜ਼ਖਮੀ ਹੋ ਗਿਆ। ਪ੍ਰਾਪਰਟੀ ਡੀਲਰ ਦੀ ਪਛਾਣ ਜਗਤਾਰ ਸਿੰਘ ਵਾਸੀ ਪਿੰਡ ਖੇੜੀ ਸੁੰਡਰਾ ਡੇਰਾ ਬੱਸੀ ਦੇ ਰੂਪ ਵਿੱਚ ਹੋਈ ਹੈ। ਉਹ ਸਾਥੀ ਨਾਲ ਜ਼ੀਰਕਪੁਰ ਤਹਿਸੀਲ ਵੱਲ ਜਾ ਰਿਹਾ ਸੀ। ਜਦ ਉਹ ਰਾਹ ’ਚ ਇੱਕ ਡਾਕੂਮੈਂਟ ਸੈਂਟਰ ਦੀ ਦੁਕਾਨ ਦੇ ਬਾਹਰ ਰੁਕਿਆ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਹਮਲਾਵਰਾਂ ਨੇ ਪਿੱਛੇ ਬੈਠੇ ਪ੍ਰਾਪਰਟੀ ਡੀਲਰ ’ਤੇ ਫਾਇਰ ਕੀਤਾ, ਜੋ ਉਸ ਦੀ ਪਿੱਠ ’ਤੇ ਲੱਗਿਆ। ਐਕਟਿਵਾ ਚਲਾ ਰਿਹਾ ਉਸ ਦਾ ਸਾਥੀ ਜਗਤਾਰ ਸਿੰਘ ਵਾਸੀ ਪੰਡਵਾਲਾ ਛਰ੍ਹਾ ਲੱਗਣ ਨਾਲ ਜ਼ਖਮੀ ਹੋ ਗਿਆ। ਹਮਲਾਵਰਾਂ ਨੇ ਆਪਣੀ ਪਛਾਣ ਛੁਪਾਉਣ ਲਈ ਹੈਲਮਟ ਪਾਏ ਹੋਏ ਸਨ, ਜੋ ਗੋਲੀ ਮਾਰਨ ਤੋਂ ਬਾਅਦ ਥਾਣੇ ਵੱਲ ਤੰਗ ਗਲੀਆਂ ’ਚੋਂ ਹੁੰਦੇ ਹੋਏ ਫਰਾਰ ਹੋ ਗਏ।
ਜਗਨ ਮੋਹਨ ਰੈਡੀ ’ਤੇ ਐੱਫ ਆਈ ਆਰ
ਹੈਦਰਾਬਾਦ : ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੰਤਰੀ ਜਗਨ ਮੋਹਨ ਰੈਡੀ ਖਿਲਾਫ਼ ਹਿਟ ਐਂਡ ਰਨ ਮਾਮਲੇ ’ਚ ਐਫ ਆਈ ਆਰ ਦਰਜ ਹੋ ਗਈ ਹੈ। ਇਹ ਜਾਣਕਾਰੀ ਗੰਟੂਰ ਜ਼ਿਲ੍ਹੇ ਦੇ ਐੱਸ ਪੀ ਸਤੀਸ਼ ਕੁਮਾਰ ਨੇ ਐਤਵਾਰ ਦੇਰ ਰਾਤ ਪ੍ਰੈੱਸ ਕਾਨਫਰੰਸ ’ਚ ਦਿੱਤੀ। ਐੱਸ ਪੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੀ ਕਾਰ ਨੇ 5 ਦਿਨ ਪਹਿਲ ਰੋਡ ਸ਼ੋਅ ਦੌਰਾਨ 53 ਸਾਲ ਦੇ ਵਿਅਕਤੀ ਨੂੰ ਕੁਚਲ ਦਿੱਤਾ ਸੀ। ਹਸਪਤਾਲ ਲਿਜਾਂਦੇ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਮਿ੍ਰਤਕ ਦਾ ਨਾਂਅ ਚੀਲੀ ਸਿੰਘੈਯਾ ਹੈ। ਉਹ ਜਗਨ ਦੀ ਪਾਰਟੀ ਵਾਈ ਐੱਸ ਆਰ ਸੀ ਪੀ ਦਾ ਵਰਕਰ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਗਈ। ਘਟਨਾ 18 ਜੂਨ ਦੀ ਹੈ। ਜਗਨ ਪਾਲਨਾਡੂ ਜ਼ਿਲ੍ਹੇ ਦੇ ਰੇਂਟਾਪੱਲਾ ਪਿੰਡ ’ਚ ਪਾਰਟੀ ਦੇ ਇੱਕ ਵਰਕਰ ਦੇ ਪਰਵਾਰ ਨੂੰ ਮਿਲਣ ਜਾ ਰਹੇ ਸਨ। ਵਰਕਰ ਨੇ ਪਿਛਲੇ ਸਾਲ ਪੁਲਸ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ ਸੀ। ਜਗਨ ਮੋਹਨ ਉਸ ਦੇ ਸਮਰਥਨ ’ਚ ਰੋਡ ਸ਼ੋਅ ਕਰ ਰਹੇ ਸਨ। ਜਦ ਕਾਫਲਾ ਏਤੁਕੁਰੂ ਬਾਈਪਾਸ ਕੋਲੋਂ ਲੰਘ ਰਿਹਾ ਸੀ ਤਾਂ ਇਹ ਹਾਦਸਾ ਹੋਇਆ।