ਘੜੰਮ ਚੌਧਰੀ ਟਲਿਆ ਨਹੀਂ

0
133

ਵਾਸ਼ਿੰਗਟਨ : ਅਮਰੀਕੀ ਫੌਜ ਨੇ ਐਤਵਾਰ ਵੱਡੇ ਤੜਕੇ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਇਨ੍ਹਾਂ ਹਮਲਿਆਂ ਨਾਲ ਇਜ਼ਰਾਈਲ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਖਿਲਾਫ ਵਿੱਢੀ ਲੜਾਈ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹੋ ਗਿਆ ਹੈ। ਅਮਰੀਕਾ ਨੇ ਹਮਲੇ ਲਈ ਬੀ-6 ਬੰਕਰ ਬਸਟਰ ਬੰਬਾਂ ਤੇ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ। ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਨੇ ਤੇਲ ਅਵੀਵ ਦੇ ਨੇੜੇ ਕਈ ਇਜ਼ਰਾਈਲੀ ਟਿਕਾਣਿਆਂ ਦੇ ਨਾਲ-ਨਾਲ ਗੁਰੀਅਨ ਹਵਾਈ ਅੱਡੇ ’ਤੇ ਹਮਲਾ ਕਰਕੇ ਜਵਾਬੀ ਕਾਰਵਾਈ ਕੀਤੀ। ਈਰਾਨ ਨੇ ਹਾਈਫਾ ਅਤੇ ਤੇਲ ਅਵੀਵ ’ਤੇ ਦੋ ਬੈਚਾਂ ਵਿੱਚ 27 ਮਿਜ਼ਾਈਲਾਂ ਦਾਗੀਆਂ, ਜਿਸ ਵਿੱਚ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ਵਿਚ ਕਿਹਾ ਕਿ ਈਰਾਨ ਦੇ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ਨੂੰ ‘ਪੂਰੀ ਤਰ੍ਹਾਂ ਨਾਲ ਤਬਾਹ’ ਕਰ ਦਿੱਤਾ ਹੈ। ਉਸ ਨੇ ਈਰਾਨ ਨੂੰ ਜਵਾਬੀ ਕਾਰਵਾਈ ਖਿਲਾਫ ਚੇਤਾਵਨੀ ਦਿੰਦਿਆਂ ਕਿਹਾ ਕਿ ਈਰਾਨ ਨੂੰ ‘ਸ਼ਾਂਤੀ ਜਾਂ ਦੁਖਾਂਤ’ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ। ਉਧਰ, ਈਰਾਨ ਦੀ ਪ੍ਰਮਾਣੂ ਏਜੰਸੀ ਨੇ ਅਮਰੀਕਾ ਵੱਲੋਂ ਉਸ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਫੋਰਡੋ, ਇਸਫਹਾਨ ਤੇ ਨਾਤਨਜ਼ ਨੂੰ ਨਿਸ਼ਾਨਾ ਬਣਾਏ ਜਾਣ ਦੀ ਪੁਸ਼ਟੀ ਕੀਤੀ ਹੈ। ਈਰਾਨ ਨੇ ਹਾਲਾਂਕਿ ਜ਼ੋਰ ਦੇ ਕੇ ਕਿਹਾ ਕਿ ਉਸ ਦਾ ਕੰਮ ਨਹੀਂ ਰੁਕੇਗਾ। ਈਰਾਨ ਨੇ ਕਿਹਾ ਕਿ ਇਸਫਹਾਨ, ਫੋਰਡੋ, ਨਤਾਨਜ਼ ਅਤੇ ਹੋਰ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕੀ ਹਮਲਿਆਂ ਤੋਂ ਬਾਅਦ ‘ਰੇਡੀਏਸ਼ਨ ਦੇ ਰਿਸਾਅ ਦੇ ਕੋਈ ਸੰਕੇਤ’ ਨਹੀਂ ਹਨ। ਅਮਰੀਕੀ ਹਮਲੇ ਮਗਰੋਂ ਇਜ਼ਰਾਈਲ ਨੇ ਈਰਾਨ ਦੀ ਜਵਾਬੀ ਕਾਰਵਾਈ ਦੇ ਮੱਦੇਨਜ਼ਰ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ।
ਟਰੰਪ ਨੇ ਮਗਰੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿੱਚ ਕਿਹਾ, ‘‘ਅਸੀਂ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਫੋਰਡੋ, ਨਤਾਨਜ਼ ਅਤੇ ਇਸਫਾਹਨ ’ਤੇ ਕੀਤੇ ਹਮਲੇ ਵਿਚ ਸਫਲ ਰਹੇ ਹਾਂ। ਸਾਰੇ ਅਮਰੀਕੀ ਜਹਾਜ਼ ਹੁਣ ਈਰਾਨ ਦੇ ਹਵਾਈ ਖੇਤਰ ’ਚੋਂ ਬਾਹਰ ਹਨ। ਬੰਬਾਂ ਦਾ ਪੂਰਾ ਪੇਲੋਡ ਪ੍ਰਾਇਮਰੀ ਸਾਈਟ, ਫੋਰਡੋ ’ਤੇ ਸੁੱਟਿਆ ਗਿਆ ਸੀ। ਸਾਰੇ ਜਹਾਜ਼ ਸੁਰੱਖਿਅਤ ਢੰਗ ਨਾਲ ਆਪਣੇ ਟਿਕਾਣੇ ’ਤੇ ਵਾਪਸ ਜਾ ਰਹੇ ਹਨ। ਇਹ ਅਮਰੀਕਾ, ਇਜ਼ਰਾਈਲ ਤੇ ਕੁੱਲ ਆਲਮ ਲਈ ਇਤਿਹਾਸਕ ਪਲ ਹੈ। ਇਹ ਜੰਗ ਖਤਮ ਕਰਨ ਲਈ ਈਰਾਨ ਨੂੰ ਹੁਣ ਸਹਿਮਤ ਹੋਣਾ ਪਵੇਗਾ। ਧੰਨਵਾਦ!’’ ਫੋਰਡੋ ਨੂੰ ਈਰਾਨ ਦੇ ਸਭ ਤੋਂ ਸੁਰੱਖਿਅਤ ਪ੍ਰਮਾਣੂ ਟਿਕਾਣਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਜ਼ਮੀਨ ਤੋਂ ਕਈ ਫੁੱਟ ਹੇਠਾਂ ਇੱਕ ਮਜ਼ਬੂਤ ??ਪ੍ਰਮਾਣੂ ਬੇਸ ਹੈ, ਜਿਸ ਨੂੰ ਅਮਰੀਕਾ ਨੇ ਤਬਾਹ ਕਰਨ ਦਾ ਦਾਅਵਾ ਕੀਤਾ ਹੈ।
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਈਰਾਨ ’ਤੇ ਹਮਲਾ ਕਰਨ ਦੇ ਫੈਸਲੇ ਲਈ ਟਰੰਪ ਦੀ ਤਾਰੀਫ ਕੀਤੀ ਹੈ। ਨੇਤਨਯਾਹੂ ਨੇ ਕਿਹਾ, ‘‘ਈਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਤੁਹਾਡਾ ਦਲੇਰਾਨਾ ਫੈਸਲਾ ਇਤਿਹਾਸ ਬਦਲ ਦੇਵੇਗਾ।’’ ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਨੇ ਉਹ ਕੀਤਾ ਹੈ ਜੋ ਧਰਤੀ ’ਤੇ ਕੋਈ ਹੋਰ ਮੁਲਕ ਨਹੀਂ ਕਰ ਸਕਦਾ ਸੀ।
ਇਸ ਦੌਰਾਨ ਵ੍ਹਾਈਟ ਹਾਊਸ ਅਤੇ ਪੈਂਟਾਗਨ ਨੇ ਤੁਰੰਤ ਕਾਰਵਾਈ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ, ਪਰ ਫੌਕਸ ਨਿਊਜ਼ ਦੇ ਮੇਜ਼ਬਾਨ ਸੀਨ ਹੈਨੀਟੀ ਨੇ ਕਿਹਾ ਕਿ ਉਸ ਨੇ ਟਰੰਪ ਨਾਲ ਗੱਲ ਕੀਤੀ ਹੈ ਅਤੇ ਫੋਰਡੋ (ਪ੍ਰਮਾਣੂ ਟਿਕਾਣੇ) ਨੂੰ ਨਿਸ਼ਾਨਾ ਬਣਾਉਣ ਲਈ ਛੇ ਬੰਕਰ ਬਸਟਰ ਬੰਬ ਵਰਤੇ ਗਏ ਸਨ। 400 ਮੀਲ ਦੂਰ ਅਮਰੀਕੀ ਪਣਡੁੱਬੀਆਂ ਵੱਲੋਂ ਦਾਗੀਆਂ ਗਈਆਂ 30 ਟੋਮਾਹਾਕ ਮਿਜ਼ਾਈਲਾਂ ਨੇ ਈਰਾਨ ਦੇ ਨਤਾਨਜ਼ ਅਤੇ ਇਸਫਹਾਨ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਟਰੰਪ ਨੇ ਸ਼ੁੱਕਰਵਾਰ ਪੱਤਰਕਾਰਾਂ ਅੱਗੇ ਦਾਅਵਾ ਕੀਤਾ ਸੀ ਉਸ ਦੀ ਈਰਾਨ ਵਿਚ ਅਮਰੀਕੀ ਫੌਜਾਂ ਨੂੰ ਭੇਜਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਇਸ ਤੋਂ ਪਹਿਲਾਂ ਉਸ ਨੇ ਇਸ਼ਾਰਾ ਕੀਤਾ ਸੀ ਕਿ ਉਹ ਇਸ ਬਾਰੇ ਅਗਲੇ ਦੋ ਹਫਤਿਆਂ ਵਿੱਚ ਫੈਸਲਾ ਕਰੇਗਾ।
ਈਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਾਮੇਨੇਈ ਨੇ ਬੁੱਧਵਾਰ ਅਮਰੀਕਾ ਨੂੰ ਚੇਤਾਵਨੀ ਦਿੱਤੀ ਸੀ ਕਿ ਇਸਲਾਮਿਕ ਗਣਰਾਜ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਦੇ ਨਤੀਜੇ ਵਜੋਂ ਉਸ ਨੂੰ ਕਦੇ ਵੀ ਪੂਰਾ ਨਾ ਹੋਣ ਸਕਣ ਵਾਲਾ ਨੁਕਸਾਨ ਝੱਲਣਾ ਹੋਵੇਗਾ।
ਅਮਰੀਕੀ ਹਵਾਈ ਹਮਲਿਆਂ ਮਗਰੋਂ ਕੌਮਾਂਤਰੀ ਪੱਧਰ ’ਤੇ ਤਣਾਅ ਵਧ ਗਿਆ ਹੈ। ਇਸ ਮੁੱਦੇ ’ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਤੇਰੇਸ ਨੇ ਵੱਡਾ ਫਿਕਰ ਜਤਾਉਂਦਿਆਂ ਇਸ ਨੂੰ ‘ਸੰਭਾਵੀ ਤਬਾਹਕੰੁਨ ਨਤੀਜਿਆਂ’ ਵਾਲੀ ਪੇਸ਼ਕਦਮੀ ਦੱਸਿਆ ਹੈ। ਉਨ੍ਹਾ ਕਿਹਾ, ‘‘ਇਸ ਗੱਲ ਦਾ ਵੱਡਾ ਜੋਖ਼ਮ ਹੈ ਕਿ ਇਹ ਟਕਰਾਅ ਤੇਜ਼ੀ ਨਾਲ ਕਾਬੂ ਤੋਂ ਬਾਹਰ ਹੋ ਸਕਦਾ ਹੈ, ਜਿਸ ਦੇ ਨਾਗਰਿਕਾਂ, ਖਿੱਤੇ ਤੇ ਕੁੱਲ ਆਲਮ ਲਈ ਤਬਾਹਕੁੰਨ ਨਤੀਜੇ ਹੋ ਸਕਦੇ ਹਨ।’’ ਉਨ੍ਹਾ ਸਾਰੀਆਂ ਸੰਬੰਧਤ ਧਿਰਾਂ ਨੂੰ ਸੰਜਮ ਵਰਤਣ ਅਤੇ ਕੂਟਨੀਤਕ ਹੱਲ ਵੱਲ ਵਧਣ ਦੀ ਅਪੀਲ ਕੀਤੀ ਹੈ। ਉਨ੍ਹਾ ਕਿਹਾ, ‘‘ਇਸ ਨਾਜ਼ੁਕ ਸਮੇਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹਫੜਾ-ਦਫੜੀ ਦੇ ਚੱਕਰ ਤੋਂ ਬਚੀਏ।’’
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਅਮਰੀਕਾ ਨੇ ਈਰਾਨ ਖਿਲਾਫ ਖਤਰਨਾਕ ਜੰਗ ਛੇੜ ਦਿੱਤੀ ਹੈ। ਈਰਾਨ ਕੋਲ ਅਮਰੀਕੀ ਹਮਲਿਆਂ ਦਾ ਜਵਾਬ ਦੇਣ ਲਈ ਸਾਰੇ ਬਦਲ ਰਾਖਵੇਂ ਹਨ। ਉਨ੍ਹਾ ਕਿਹਾ, ‘‘ਕੁੱਲ ਆਲਮ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਅਮਰੀਕਾ ਹੈ, ਜਿਸ ਨੇ ਚੱਲ ਰਹੀ ਕੂਟਨੀਤਕ ਪ੍ਰਕਿਰਿਆ ਦੌਰਾਨ ਨਸਲਕੁਸ਼ੀ ਅਤੇ ਕਾਨੂੰਨਹੀਣ ਇਜ਼ਰਾਈਲੀ ਨਿਜ਼ਾਮ ਦੀਆਂ ਹਮਲਾਵਰ ਕਾਰਵਾਈਆਂ ਦੀ ਹਮਾਇਤ ਕਰਕੇ ਕੂਟਨੀਤੀ ਨਾਲ ਧੋਖਾ ਕੀਤਾ। ਹੁਣ ਯਹੂਦੀ ਨਿਜ਼ਾਮ ਵੱਲੋਂ ਕੀਤੀਆਂ ਵਧੀਕੀਆਂ ਅਤੇ ਅਪਰਾਧਾਂ ਦੀ ਲੜੀ ਨੂੰ ਪੂਰਾ ਕਰਕੇ, ਅਮਰੀਕਾ ਨੇ ਖੁਦ ਈਰਾਨ ਵਿਰੁੱਧ ਇੱਕ ਖਤਰਨਾਕ ਜੰਗ ਛੇੜ ਦਿੱਤੀ ਹੈ। ਈਰਾਨ ਦਾ ਇਸਲਾਮਿਕ ਗਣਰਾਜ ਅਮਰੀਕੀ ਫੌਜੀ ਹਮਲੇ ਅਤੇ ਜ਼ਾਲਮ ਨਿਜ਼ਾਮ ਵੱਲੋਂ ਕੀਤੇ ਗਏ ਅਪਰਾਧਾਂ ਦਾ ਪੂਰੀ ਤਾਕਤ ਨਾਲ ਜਵਾਬ ਦੇਣ ਦਾ ਅਧਿਕਾਰ ਰੱਖਦਾ ਹੈ ਤੇ ਉਸ ਕੋਲ ਸਾਰੇ ਬਦਲ ਮੌਜੂਦ ਹਨ।’’
ਇਸੇ ਦੌਰਾਨ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲਿਆਂ ਮਗਰੋਂ ‘ਆਫ-ਸਾਈਟ ਰੇਡੀਏਸ਼ਨ ਪੱਧਰ ਵਿੱਚ ਕੋਈ ਵਾਧਾ ਨਹੀਂ ਹੋਇਆ’ ਭਾਵ ਕਿਸੇ ਤਰ੍ਹਾਂ ਦੀ ਕੋਈ ਰੇਡੀਏਸ਼ਨ ਲੀਕ ਨਹੀਂ ਹੋਈ ਹੈ।
ਅਮਰੀਕੀ ਹਮਲੇ ਮਗਰੋਂ ਸੰਯੁਕਤ ਰਾਸ਼ਟਰ ਵਿੱਚ ਈਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਹੰਗਾਮੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ। ਉਸ ਨੇ ਅਮਰੀਕੀ ਹਮਲਿਆਂ ਨੂੰ ‘ਘਿਨੌਣੀ ਕਾਰਵਾਈ ਤੇ ਤਾਕਤ ਦੀ ਦੁਰਵਰਤੋਂ’ ਕਰਾਰ ਦਿੱਤਾ ਤੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਨੂੰ ਕੌਮਾਂਤਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਤਹਿਤ ਅਮਰੀਕਾ ਨੂੰ ਜਵਾਬਦੇਹ ਬਣਾਉਣ ਲਈ ‘ਸਾਰੇ ਲੋੜੀਂਦੇ ਉਪਾਅ’ ਯਕੀਨੀ ਬਣਾਉਣੇ ਚਾਹੀਦੇ ਹਨ। ਇਰਾਵਾਨੀ ਨੇ ਕਿਹਾ, ‘‘ਈਰਾਨ ਦਾ ਇਸਲਾਮਿਕ ਗਣਰਾਜ ਬਿਨਾਂ ਕਿਸੇ ਭੜਕਾਹਟ ਤੋਂ ਅਤੇ ਪਹਿਲਾਂ ਤੋਂ ਯੋਜਨਾਬੱਧ ਹਮਲਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ।