ਕੁਝ ਲੋਕਾਂ ਲਈ ਮੋਦੀ ਪਹਿਲਾਂ, ਦੇਸ਼ ਬਾਅਦ ’ਚ : ਖੜਗੇ

0
82

ਨਵੀਂ ਦਿੱਲੀ : ਕਾਂਗਰਸ ਆਗੂ ਸ਼ਸ਼ੀ ਥਰੂਰ ਦੀ ਖਿੱਲੀ ਉਡਾਉਂਦਿਆਂ ਪਾਰਟੀ ਮੁਖੀ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਕਿਹਾ ਕਿ ਉਨ੍ਹਾ ਦੀ ਪਾਰਟੀ ‘ਪਹਿਲਾਂ ਦੇਸ਼’ ਦੇ ਮੰਤਰ ਵਿੱਚ ਵਿਸ਼ਵਾਸ ਰੱਖਦੀ ਹੈ, ਪਰ ਕੁਝ ਲੋਕਾਂ ਲਈ ਇਹ ‘ਪਹਿਲਾਂ ਮੋਦੀ ਅਤੇ ਦੇਸ਼ ਬਾਅਦ ਵਿੱਚ’ ਹੈ। ਖੜਗੇ ਨੇ ਕਿਹਾ, ‘ਮੈਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਆਉਂਦੀ। ਉਨ੍ਹਾ (ਥਰੂਰ) ਦੀ ਭਾਸ਼ਾ ਬਹੁਤ ਵਧੀਆ ਹੈ, ਇਸ ਲਈ ਅਸੀਂ ਉਨ੍ਹਾ ਨੂੰ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਬਣਾਇਆ ਹੈ।’
ਖੜਗੇ ਥਰੂਰ ਦੇ ‘ਅਪ੍ਰੇਸ਼ਨ ਸਿੰਧੂਰ’ ਆਊਟਰੀਚ ’ਤੇ ਲਿਖੇ ਲੇਖ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਇਸ ਲੇਖ ਵਿੱਚ ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਸੀ।
ਕਾਂਗਰਸ ਪ੍ਰਧਾਨ ਨੇ ਕਿਹਾ, ‘‘ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵਿਰੋਧੀ ਧਿਰ ਨੇ ਇਕੱਠਿਆਂ ਕਿਹਾ ਕਿ ਉਹ ਉਸ ਫੌਜ ਦੇ ਨਾਲ ਹਨ, ਜੋ (ਅਪ੍ਰੇਸ਼ਨ ਸਿੰਧੂਰ ਦੌਰਾਨ) ਲੜ ਰਹੀ ਹੈ। ਅਸੀਂ (ਕਾਂਗਰਸ) ਕਿਹਾ ਕਿ ਦੇਸ਼ ਸਭ ਤੋਂ ਵੱਡਾ ਹੈ ਅਤੇ ਅਸੀਂ (ਸਰਕਾਰ ਨਾਲ) ਮਿਲ ਕੇ ਕੰਮ ਕਰਾਂਗੇ। ਅਸੀਂ ਕਿਹਾ ‘ਪਹਿਲਾਂ ਦੇਸ਼, ਪਾਰਟੀ ਪਿੱਛੋਂ’ ਹੈ। ਕੁਝ ਲੋਕ ਕਹਿੰਦੇ ਹਨ ‘ਪਹਿਲਾਂ ਮੋਦੀ, ਦੇਸ਼ ਪਿੱਛੋਂ’ ਹੈ। ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ।’’
ਖੜਗੇ ਦੀਆਂ ਟਿੱਪਣੀਆਂ ਤੋਂ ਫੌਰੀ ਬਾਅਦ ਥਰੂਰ ਨੇ ਐੱਕਸ ’ਤੇ ਇੱਕ ਲੁਕਵੀਂ ਪੋਸਟ ਪਾਈ, ਜਿਸ ਵਿੱਚ ਇੱਕ ਪੰਛੀ ਦੀ ਤਸਵੀਰ ਸੀ ਅਤੇ ਇਸ ਦੀ ਕੈਪਸ਼ਨ ਸੀ: ‘ਉੱਡਣ ਦੀ ਇਜਾਜ਼ਤ ਨਾ ਮੰਗੋ। ਖੰਭ ਤੁਹਾਡੇ ਹਨ। ਅਤੇ ਅਸਮਾਨ ਕਿਸੇ ਦਾ ਨਹੀਂ ਹੈ।’
ਥਰੂਰ ਨੇ ਸੋਮਵਾਰ ਨੂੰ ‘ਦੀ ਹਿੰਦੂ’ ਵਿੱਚ ਪ੍ਰਕਾਸ਼ਤ ਇੱਕ ਲੇਖ ਵਿੱਚ ਕਿਹਾ ਕਿ ਮੋਦੀ ਦੀ ਊਰਜਾ, ਗਤੀਸ਼ੀਲਤਾ ਅਤੇ ਸ਼ਮੂਲੀਅਤ ਕਰਨ ਦੀ ਇੱਛਾ ਵਿਸ਼ਵ ਪੱਧਰ ’ਤੇ ਭਾਰਤ ਲਈ ਇੱਕ ਪ੍ਰਮੁੱਖ ਸੰਪਤੀ ਬਣੀ ਹੋਈ ਹੈ, ਪਰ ਉਹ ਇਸ ਸੰਬੰਧੀ ਵਧੇਰੇ ਸਮਰਥਨ ਦੇ ਹੱਕਦਾਰ ਹਨ।
ਉਨ੍ਹਾ ਦੀਆਂ ਟਿੱਪਣੀਆਂ ਨੂੰ ਕਾਂਗਰਸ ਪਾਰਟੀ ਨੂੰ ਪ੍ਰੇਸ਼ਾਨ ਕਰਨ ਅਤੇ ਪਾਰਟੀ ਲੀਡਰਸ਼ਿਪ ਨਾਲ ਉਨ੍ਹਾ ਦੇ ਸੰਬੰਧਾਂ ਵਿੱਚ ਦਰਾੜਾਂ ਵਧਾਉਣ ਦੀ ਸੰਭਾਵਨਾ ਵਾਲੀਆਂ ਵਜੋਂ ਦੇਖਿਆ ਗਿਆ। ਲੇਖ ਵਿੱਚ ਥਰੂਰ ਨੇ ਕਿਹਾ ਕਿ ਅਪ੍ਰੇਸ਼ਨ ਸਿੰਧੂਰ ਤੋਂ ਬਾਅਦ ਸਫਾਰਤੀ ਪਹੁੰਚ ਕੌਮੀ ਸੰਕਲਪ ਅਤੇ ਪ੍ਰਭਾਵਸ਼ਾਲੀ ਸੰਚਾਰ ਦਾ ਇੱਕ ਪਲ ਸੀ। ਪ੍ਰਧਾਨ ਮੰਤਰੀ ਦਫਤਰ ਨੇ ਥਰੂਰ ਦਾ ਇਹ ਲੇਖ ਐੱਕਸ ’ਤੇ ਸਾਂਝਾ ਕੀਤਾ ਸੀ।