ਦੋ ਸ਼ਰਧਾਲੂਆਂ ਦੀ ਭਾਲ ਜਾਰੀ

0
70

ਉੱਤਰਕਾਸ਼ੀ : ਯਮੁਨੋਤਰੀ ਜਾਣ ਵਾਲੇ ਟਰੈਕ ਰੂਟ ’ਤੇ ਕੈਂਚੀ ਭੈਰਵ ਮੰਦਰ ਵਜੋਂ ਜਾਣੇ ਜਾਂਦੇ ਸਥਾਨ ’ਤੇ ਢਿੱਗਾਂ ਖਿਸਕਣ ਤੋਂ ਬਾਅਦ ਲਾਪਤਾ ਹੋਏ ਦੋ ਸ਼ਰਧਾਲੂਆਂ ਦੀ ਭਾਲ ਐੱਨ ਡੀ ਆਰ ਐੱਫ ਦੀ ਟੀਮ ਨੇ ਖੋਜੀ ਕੁੱਤਿਆਂ ਸਮੇਤ ਬੁੱਧਵਾਰ ਸਵੇਰੇ ਮੁੜ ਸ਼ੁਰੂ ਕੀਤੀ। ਸੋਮਵਾਰ ਪਹਾੜੀ ਤੋਂ ਡਿੱਗਣ ਵਾਲੇ ਪੱਥਰਾਂ ਕਾਰਨ ਦਿੱਲੀ ਤੋਂ ਗਿਆਰਾਂ ਸਾਲਾ ਭਾਵਿਕਾ ਸ਼ਰਮਾ ਅਤੇ ਮੁੰਬਈ ਤੋਂ ਕਮਲੇਸ਼ ਜੇਠਵਾ ਲਾਪਤਾ ਹਨ। ਇਸ ਤੋਂ ਪਹਿਲਾਂ ਮੁੰਬਈ ਦੇ ਰਸਿਕ ਨਾਂਅ ਦੇ ਇੱਕ ਸ਼ਰਧਾਲੂ ਨੂੰ ਜ਼ਖਮੀ ਹਾਲਤ ਵਿੱਚ ਬਚਾਇਆ ਗਿਆ ਸੀ, ਜਦੋਂ ਕਿ ਦੋ ਲਾਸ਼ਾਂ ਜਿਨ੍ਹਾਂ ਦੀ ਪਛਾਣ ਯੂ ਪੀ ਦੇ ਜੌਨਪੁਰ ਤੋਂ ਹਰੀਸ਼ੰਕਰ (47) ਅਤੇ ਉਸ ਦੀ 8 ਸਾਲਾ ਧੀ ਖਿਆਤੀ ਵਜੋਂ ਹੋਈ, ਨੂੰ ਸੋਮਵਾਰ ਰਾਤ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਸੀ।
ਟੱਲੀ ਮਾਸਟਰਨੀ ਮੁਅੱਤਲ
ਧਾਰ : ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸੋਮਵਾਰ ਨੂੰ ਕਥਿਤ ਤੌਰ ’ਤੇ ਸ਼ਰਾਬੀ ਅਧਿਆਪਕਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਆਦਿਵਾਸੀ ਸਿੱਖਿਆ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਸਕੂਲ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਮਨਾਵਰ ਵਿਕਾਸ ਬਲਾਕ ਦੇ ਸਿੰਘਾਨਾ ਪਿੰਡ ਵਿੱਚ ਸਥਿਤ ਹੈ।
ਭਾਰਤ ਨਾਲ ਸਾਰਥਕ ਵਾਰਤਾ ਲਈ ਤਿਆਰ : ਸ਼ਾਹਬਾਜ਼
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਨਾਲ ਸਾਰੇ ਬਕਾਇਆ ਮੁੱਦਿਆਂ ਨੂੰ ਹੱਲ ਕਰਨ ਲਈ ਸਾਰਥਕ ਗੱਲਬਾਤ ਲਈ ਆਪਣੀ ਤਿਆਰੀ ਜ਼ਾਹਰ ਕੀਤੀ ਹੈ। ਉਨ੍ਹਾ ਭਾਰਤ ਨਾਲ ਗੱਲਬਾਤ ਬਾਰੇ ਵਿਚਾਰ ਮੰਗਲਵਾਰ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨਾਲ ਟੈਲੀਫੋਨ ’ਤੇ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾ ਕਿਹਾ, ‘‘ਪਾਕਿਸਤਾਨ ਜੰਮੂ-ਕਸ਼ਮੀਰ, ਪਾਣੀ, ਵਪਾਰ ਅਤੇ ਅੱਤਵਾਦ ਸਮੇਤ ਸਾਰੇ ਬਕਾਇਆ ਮੁੱਦਿਆਂ ’ਤੇ ਭਾਰਤ ਨਾਲ ਸਾਰਥਕ ਗੱਲਬਾਤ ਕਰਨ ਲਈ ਤਿਆਰ ਹੈ।” ਭਾਰਤ ਦਾ ਸਟੈਂਡ ਹੈ ਕਿ ਉਹ ਪਾਕਿਸਤਾਨ ਨਾਲ ਸਿਰਫ ਮਕਬੂਜ਼ਾ ਕਸ਼ਮੀਰ ਦੀ ਵਾਪਸੀ ਅਤੇ ਅੱਤਵਾਦ ਦੇ ਮੁੱਦੇ ’ਤੇ ਹੀ ਗੱਲਬਾਤ ਕਰੇਗਾ।