ਨੈਨੀਤਾਲ : ਉਪ ਰਾਸ਼ਟਰਪਤੀ ਜਗਦੀਪ ਧਨਖੜ ਬੁੱਧਵਾਰ ਇੱਥੇ ਕੁਮਾਊਂ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਣ ਦੌਰਾਨ ਬੇਹੋਸ਼ ਹੋ ਗਏ। ਜਿਉਂ ਹੀ ਉਪ ਰਾਸ਼ਟਰਪਤੀ ਆਪਣਾ ਭਾਸ਼ਣ ਦੇਣ ਪਿੱਛੋਂ ਮੰਚ ਤੋਂ ਹੇਠਾਂ ਉਤਰੇ, ਉਹ ਆਪਣੇ ਸਾਬਕਾ ਸੰਸਦੀ ਸਹਿਯੋਗੀ ਮਹਿੰਦਰ ਸਿੰਘ ਪਾਲ ਕੋਲ ਗਏ, ਜੋ ਦਰਸ਼ਕਾਂ ਵਿੱਚ ਬੈਠੇ ਸਨ। ਪਾਲ ਉੱਤਰਾਖੰਡ ਹਾਈ ਕੋਰਟ ਵਿੱਚ ਵਕੀਲ ਹਨ, ਜਿਨ੍ਹਾਂ 1989 ਵਿੱਚ ਲੋਕ ਸਭਾ ਮੈਂਬਰ ਵਜੋਂ ਸੇਵਾ ਨਿਭਾਈ ਸੀ, ਜਦੋਂ ਧਨਖੜ ਵੀ ਰਾਜਸਥਾਨ ਦੇ ਝੁੰਝੁਨੂ ਤੋਂ ਸੰਸਦ ਮੈਂਬਰ ਸਨ। ਦੋਵੇਂ ਆਗੂ ਇੱਕ-ਦੂਜੇ ਨੂੰ ਦੇਖ ਕੇ ਭਾਵੁਕ ਹੋ ਗਏ। ਕੁਝ ਦੇਰ ਇੱਕ-ਦੂਜੇ ਨਾਲ ਗੱਲ ਕਰਨ ਤੋਂ ਬਾਅਦ ਧਨਖੜ ਨੇ ਪਾਲ ਨੂੰ ਜੱਫੀ ਪਾ ਲਈ ਅਤੇ ਉਹ ਉਨ੍ਹਾ ਦੇ ਮੋਢਿਆਂ ’ਤੇ ਬੇਹੋਸ਼ ਹੋ ਗਏ।
ਕੁਝ ਗਲਤ ਹੋਣ ਦਾ ਅਹਿਸਾਸ ਕਰਦਿਆਂ ਹੀ ਉਪ ਰਾਸ਼ਟਰਪਤੀ ਦੇ ਨਾਲ ਆਈ ਮੈਡੀਕਲ ਟੀਮ ਨੇ ਫੌਰੀ ਕਾਰਵਾਈ ਕੀਤੀ ਅਤੇ ਉਨ੍ਹਾ ਨੂੰ ਹੋਸ਼ ਵਿੱਚ ਵਾਪਸ ਲਿਆਂਦਾ। ਧਨਖੜ ਜਲਦੀ ਹੀ ਠੀਕ ਹੋ ਗਏ। ਉਪ ਰਾਸ਼ਟਰਪਤੀ ਇਸ ਪਿੱਛੋਂ ਉੱਤਰਾਖੰਡ ਦੇ ਰਾਜ ਭਵਨ ਚਲੇ ਗਏ, ਜਿੱਥੇ ਉਹ ਰਾਤ ਠਹਿਰਨਗੇ।





