ਨਿਊਯਾਰਕ : ਅਮਰੀਕੀ ਮੀਡੀਆ ਹਾਊਸ ਸੀ ਐੱਨ ਐੱਨ ਤੇ ਨਿਊਯਾਰਕ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਅਮਰੀਕੀ ਹਮਲਿਆਂ ਦੇ ਬਾਅਦ ਵੀ ਉਸ ਦਾ ਪ੍ਰਮਾਣੂ ਪ੍ਰੋਗਰਾਮ ਤਬਾਹ ਨਹੀਂ ਹੋਇਆ ਹੈ। ਇਹ ਦਾਅਵਾ ਇੱਕ ਖੁਫੀਆ ਰਿਪੋਰਟ ਦੇ ਆਧਾਰ ’ਤੇ ਕੀਤਾ ਗਿਆ ਹੈ, ਜਿਸ ਵਿੱਚ ਅਮਰੀਕੀ ਹਮਲੇ ਤੋਂ ਬਾਅਦ ਹੋਏ ਨੁਕਸਾਨ ਦਾ ਅੰਦਾਜ਼ਾ ਲਾਇਆ ਗਿਆ ਹੈ। ਸੀ ਐੱਨ ਐੱਨ ਨੂੰ ਇੱਕ ਖੁਫੀਆ ਸੂਤਰ ਨੇ ਦੱਸਿਆ ਕਿ ਈਰਾਨ ਦਾ ਪ੍ਰਮਾਣੂ ਪੋ੍ਰਗਰਾਮ ਕੁਝ ਮਹੀਨਿਆਂ ਲਈ ਹੀ ਪਿੱਛੇ ਧੱਕਿਆ ਗਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਸੀ ਐੱਨ ਐੱਨ ਤੇ ਨਿਊਯਾਰਕ ਟਾਈਮਜ਼ ਦੀਆਂ ਖਬਰਾਂ ਨੂੰ ਫੇਕ ਨਿਊਜ਼ ਕਰਾਰ ਦਿੱਤਾ ਹੈ। ਟਰੰਪ ਨੇ ਹੇਗ ਵਿੱਚ ਨਾਟੋ ਸਿਖਰ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਇਜ਼ਰਾਈਲੀ ਏਜੰਟ ਹਮਲੇ ਤੋਂ ਬਾਅਦ ਫੋਰਡੋ ਪਲਾਂਟ ਵੱਲ ਗਏ ਸਨ ਤੇ ਉਨ੍ਹਾਂ ਰਿਪੋਰਟ ਦਿੱਤੀ ਕਿ ਪਲਾਂਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਜੇ ਈਰਾਨ ਨੇ ਮੁੜ ਪ੍ਰਮਾਣੂ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਫਿਰ ਹਮਲਾ ਕਰਾਂਗੇ।
ਉਧਰ ਇਜ਼ਰਾਈਲੀ ਸੂਤਰਾਂ ਨੇ ਏ ਬੀ ਸੀ ਨਿਊਜ਼ ਨੂੰ ਦੱਸਿਆ ਕਿ ਫੋਰਡੋ ’ਤੇ ਅਮਰੀਕੀ ਹਮਲਾ ਤਸੱਲੀਬਖਸ਼ ਨਹੀਂ ਰਿਹਾ। ਨਤੀਜਾ ਸੱਚੀਂ ਚੰਗਾ ਨਹੀਂ ਰਿਹਾ। ਟਰੰਪ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਈਰਾਨੀ ਪ੍ਰਮਾਣੂ ਪ੍ਰੋਗਰਾਮ ਨੂੰ ਕਾਫੀ ਹੱਦ ਤਕ ਤਬਾਹ ਕਰ ਦੇਣ ਦਾ ਦਾਅਵਾ ਕੀਤਾ ਸੀ। ਇਸੇ ਦੌਰਾਨ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਕਿਹਾ ਹੈ ਕਿ ਉਨ੍ਹਾ ਦਾ ਦੇਸ਼ ਪ੍ਰਮਾਣੂ ਪ੍ਰੋਗਰਾਮ ਨੂੰ ਬੰਦ ਨਹੀਂ ਕਰੇਗਾ। ਉਨ੍ਹਾਂ ਤਕਨੀਕ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਦੇ ਵਿਗਿਆਨੀਆਂ ਨੇ ਕੁਰਬਾਨੀਆਂ ਦਿੱਤੀਆਂ ਹਨ।
ਇਸੇ ਦੌਰਾਨ ਖਬਰ ਏਜੰਸੀ ਰਾਇਟਰਜ਼ ਨੇ ਤਿੰੰਨ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਅਮਰੀਕਾ ਵੱਲੋਂ ਕੀਤੀ ਇਕ ਮੁੱਢਲੀ ਖੁਫੀਆ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ ਨਾਲ ਤਹਿਰਾਨ ਦਾ ਪ੍ਰਮਾਣੂ ਪ੍ਰੋਗਰਾਮ ਕੁਝ ਮਹੀਨਿਆਂ ਲਈ ਪਿੱਛੇ ਧੱਕਿਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਸੂਤਰਾਂ ਨੇ ਦੱਸਿਆ ਕਿ ਮੁੱਢਲੀ ਰਿਪੋਰਟ ਰੱਖਿਆ ਖੁਫੀਆ ਏਜੰਸੀ ਵੱਲੋਂ ਤਿਆਰ ਕੀਤੀ ਗਈ ਸੀ, ਜੋ ਪੈਂਟਾਗਨ ਦੀ ਖੁਫੀਆ ਸ਼ਾਖਾ ਹੈ ਤੇ 18 ਅਮਰੀਕੀ ਖੁਫੀਆ ਏਜੰਸੀਆਂ ਵਿੱਚੋਂ ਇਕ ਹੈ। ਸੂਤਰਾਂ ਨੇ ਕਲਾਸੀਫਾਈਡ ਜਾਣਕਾਰੀ ਨਾਲ ਜੁੜੇ ਮਸਲਿਆਂ ’ਤੇ ਚਰਚਾ ਕਰਨ ਲਈ ਨਾਂਅ ਨਾ ਛਾਪਣ ਦੀ ਬੇਨਤੀ ਕੀਤੀ। ਤਿੰਨ ਸੂਤਰਾਂ ਮੁਤਾਬਕ ਇਸ ਖੁਫੀਆ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਈਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਅਗਲੇ ਕੁਝ ਮਹੀਨਿਆਂ ਵਿੱਚ ਸ਼ੁਰੂ ਕਰ ਸਕਦਾ ਹੈ ਤੇ ਇਨ੍ਹਾਂ ਵਿੱਚੋਂ ਇਕ ਨੇ ਕਿਹਾ ਕਿ ਇਹ ਅਗਲੇ ਇਕ ਜਾਂ ਦੋ ਮਹੀਨਿਆਂ ’ਚ ਸ਼ੁੁਰੂ ਹੋ ਸਕਦਾ ਹੈ। ਇਹ ਕਲਾਸੀਫਾਈਡ ਸਮੀਖਿਆ ਟਰੰਪ ਤੇ ਰੱਖਿਆ ਮੰਤਰੀ ਪੀਟ ਹੇਗਸੇਥ ਸਮੇਤ ਸਿਖਰਲੇ ਅਮਰੀਕੀ ਅਧਿਕਾਰੀਆਂ ਦੇ ਬਿਆਨਾਂ ਦੇ ਉਲਟ ਹੈ। ਟਰੰਪ ਸਣੇ ਇਨ੍ਹਾਂ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਹਮਲਿਆਂ, ਜਿਸ ਵਿੱਚ ਬੰਕਰ-ਬਸਟਿੰਗ ਬੰਬਾਂ ਅਤੇ ਹੋਰ ਰਵਾਇਤੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਅਸਲ ਵਿੱਚ ਖਤਮ ਕਰ ਦਿੱਤਾ ਹੈ।
ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਉਸ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ‘ਤਬਾਹ’ ਕਰ ਦਿੱਤਾ ਹੈ।
ਇੱਕ ਅਮਰੀਕੀ ਅਧਿਕਾਰੀ, ਜਿਸ ਨੇ ਸਮੀਖਿਆ ਰਿਪੋਰਟ ਪੜ੍ਹੀ, ਨੇ ਨੋਟ ਕੀਤਾ ਕਿ ਇਸ ਵਿੱਚ ਕਈ ਚੇਤਾਵਨੀਆਂ ਅਤੇ ‘ਜੇਕਰ’ ਹਨ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਅਤੇ ਹਫਤਿਆਂ ਵਿੱਚ ਇੱਕ ਹੋਰ ਸੁਧਰੀ ਹੋਈ ਰਿਪੋਰਟ ਦੀ ਉਮੀਦ ਕੀਤੀ ਜਾ ਰਹੀ ਹੈ। ਸਮੀਖਿਅਕਾਂ ਨੇ ਕਿਹਾ ਕਿ ਜੇਕਰ ਮੁਲਾਂਕਣ ਉਪਗ੍ਰਹਿ ਦੀਆਂ ਤਸਵੀਰਾਂ ’ਤੇ ਅਧਾਰਤ ਸੀ, ਤਾਂ ਡੂੰਘੇ ਦੱਬੇ ਫੋਰਡੋ ਸਥਿਤ ਪ੍ਰਮਾਣੂ ਟਿਕਾਣੇ (ਯੂਰੇਨੀਅਮ ਸੋਧ ਸਹੂਲਤ) ਨੂੰ ਪੁੱਜੇ ਨੁਕਸਾਨ ਦੀ ਹੱਦ ਦਾ ਖੁਲਾਸਾ ਕਰਨਾ ਜ਼ਰੂਰੀ ਨਹੀਂ ਹੋਵੇਗਾ। ਟਰੰਪ ਨੇ ਕਿਹਾ ਸੀ ਕਿ ਈਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ ਹਮਲੇ ਜ਼ਰੂਰੀ ਸਨ। ਈਰਾਨ ਹਾਲਾਂਕਿ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਪ੍ਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਉਦੇਸ਼ਾਂ ਲਈ ਹੈ।





