ਪੁਰੀ ’ਚ ਭਗਦੜ ਦੌਰਾਨ 3 ਮੌਤਾਂ, 50 ਜ਼ਖਮੀ

0
129

ਪੁਰੀ : ਓਡੀਸ਼ਾ ਦੇ ਪੁਰੀ ਵਿੱਚ ਜਾਰੀ ਜਗਨਨਾਥ ਰੱਥ ਯਾਤਰਾ ਦਰਮਿਆਨ ਸ੍ਰੀ ਗੁੰਡੀਚਾ ਮੰਦਰ ਨੇੜੇ ਮਚੀ ਭਗਦੜ ’ਚ 3 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦੋਂਕਿ 50 ਦੇ ਕਰੀਬ ਜ਼ਖ਼ਮੀ ਹੋ ਗਏ। ਹਾਦਸਾ ਐਤਵਾਰ ਤੜਕੇ 4 ਵਜੇ ਦੇ ਕਰੀਬ ਹੋਇਆ।
ਅਧਿਕਾਰੀਆਂ ਨੇ ਦੱਸਿਆ ਕਿ ਰਸਮ ਦੇ ਹਿੱਸੇ ਵਜੋਂ ਦੇਵਤਿਆਂ ਦੇ ਚਿਹਰਿਆਂ ਨੂੰ ਢੱਕਣ ਵਾਲਾ ‘ਪਾਹੁੜਾ’ (ਕੱਪੜਾ) ਉਤਾਰਿਆ ਜਾਣਾ ਸੀ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਮੰਦਰ ਦੇ ਬਾਹਰ ਇਕੱਠੇ ਹੋ ਗਏ। ਦੋ ਟਰੱਕ ਰਸਮ ਲਈ ਸਮੱਗਰੀ ਲੈ ਕੇ ਜਾ ਰਹੇ ਸਨ, ਦੇ ਭਗਵਾਨ ਜਗਨਨਾਥ ਅਤੇ ਉਨ੍ਹਾ ਦੇ ਭਰਾ ਦੇਵਤਿਆਂ ਦੇ ਰੱਥਾਂ ਦੇ ਨੇੜੇ ਭੀੜ ਵਾਲੀ ਥਾਂ ਵਿੱਚ ਦਾਖਲ ਹੋਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਭਾਰੀ ਮੀਂਹ ਕਾਰਨ ਸ਼ਰਧਾਲੂ ਆਪਣੇ ਨਾਲ ਪਲਾਸਟਿਕ ਦੀਆਂ ਚਾਦਰਾਂ ਲੈ ਕੇ ਆਏ ਸਨ। ਭਗਦੜ ਤੋਂ ਬਾਅਦ ਜਦੋਂ ਲੋਕ ਇਧਰ-ਉਧਰ ਭੱਜਣ ਲੱਗੇ ਤਾਂ ਉਨ੍ਹਾਂ ਦੇ ਪੈਰ ਪਲਾਸਟਿਕ ਦੀਆਂ ਚਾਦਰਾਂ ਤੋਂ ਫਿਸਲ ਗਏ ਅਤੇ ਲੋਕ ਇੱਕ-ਦੂਜੇ ’ਤੇ ਡਿੱਗਣ ਲੱਗੇ।
ਪੁਰੀ ਦੇ ਵਸਨੀਕ ਸਵਾਧੀਨ ਕੁਮਾਰ ਪਾਂਡਾ ਨੇ ਦੱਸਿਆ ਕਿ ਉਹ ਰਾਤ 2-3 ਵਜੇ ਤੱਕ ਮੰਦਰ ਦੇ ਨੇੜੇ ਸੀ, ਪਰ ਪ੍ਰਬੰਧ ਚੰਗੇ ਨਹੀਂ ਸਨ। ਵੀ ਆਈ ਪੀਜ਼ ਲਈ ਇੱਕ ਨਵਾਂ ਰਸਤਾ ਬਣਾਇਆ ਗਿਆ ਸੀ ਤੇ ਆਮ ਲੋਕਾਂ ਨੂੰ ਦੂਰੋਂ ਹੀ ਬਾਹਰ ਨਿਕਲਣ ਲਈ ਕਿਹਾ ਗਿਆ ਸੀ। ਲੋਕ ਪ੍ਰਵੇਸ਼ ਦੁਆਰ ਤੋਂ ਹੀ ਬਾਹਰ ਨਿਕਲਣ ਲੱਗ ਪਏ, ਜਿਸ ਨਾਲ ਭੀੜ ਵਧ ਗਈ। ਆਵਾਜਾਈ ਵਿਵਸਥਾ ਵੀ ਚੰਗੀ ਨਹੀਂ ਸੀ, ਕਿਉਂਕਿ ਅਣਅਧਿਕਾਰਤ ਪਾਸ ਵਾਲੇ ਬਹੁਤ ਸਾਰੇ ਵਾਹਨ ਮੰਦਰ ਦੇ ਨੇੜੇ ਆ ਗਏ। ਪ੍ਰਸ਼ਾਸਨ ਨੇ ਭੀੜ ਨੂੰ ਸਹੀ ਢੰਗ ਨਾਲ ਕੰਟਰੋਲ ਨਹੀਂ ਕੀਤਾ। ਸਭ ਤੋਂ ਵੱਡੀ ਸਮੱਸਿਆ ਐਗਜ਼ਿਟ ਗੇਟ ਦੀ ਸੀ। ਰੱਥ ਯਾਤਰਾ ਵਾਲੇ ਦਿਨ ਵੀ ਕਈ ਲੋਕਾਂ ਦੀ ਮੌਤ ਹੋ ਗਈ ਸੀ, ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਤੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।