ਅੱਤਵਾਦੀਆਂ ਦਾ ਗਾਈਡ ਕਾਬੂ

0
83

ਜੰਮੂ : ਸਰਹੱਦੀ ਜ਼ਿਲ੍ਹਿਆਂ ਪੁਣਛ ਅਤੇ ਰਾਜੌਰੀ ਨੇੜੇ ਕੰਟਰੋਲ ਰੇਖਾ ’ਤੇ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਅੱਤਵਾਦੀ ਗਾਈਡ ਗਿ੍ਰਫਤਾਰ ਕੀਤਾ ਗਿਆ ਹੈ। ਮੁਹੰਮਦ ਆਰਿਫ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੇ ਇੱਕ ਸਮੂਹ ਨੂੰ ਭਾਰਤੀ ਪਾਸੇ ਲਿਆ ਰਿਹਾ ਸੀ, ਜਦੋਂ ਐਤਵਾਰ ਦੁਪਹਿਰ ਨੂੰ ਚੌਕਸ ਫੌਜੀਆਂ ਨੇ ਉਸ ਨੂੰ ਗਿ੍ਰਫਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਨਾਲ ਮੌਜੂਦ ਅੱਤਵਾਦੀ ਇੱਕ ਖੜ੍ਹੀ ਚੱਟਾਨ ਤੋਂ ਛਾਲ ਮਾਰਦਿਆਂ ਜ਼ਖਮੀ ਹਾਲਤ ਵਿੱਚ ਪਾਕਿਸਤਾਨ ਵਾਲੇ ਪਾਸੇ ਪਰਤ ਗਏ। ਅਧਿਕਾਰੀਆਂ ਅਨੁਸਾਰ ਆਰਿਫ ਮਕਬੂਜ਼ਾ ਕਸ਼ਮੀਰ ਦੇ ਦਤੋਟ ਪਿੰਡ ਦਾ ਵਸਨੀਕ ਹੈ। ਅੱਤਵਾਦੀ ਸੰਘਣੀ ਵਨਸਪਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਚੌਕਸ ਜਵਾਨਾਂ ਨੇ ਆਰਿਫ ਨੂੰ ਕਾਬੂ ਕਰ ਲਿਆ। ਚਾਰ ਅੱਤਵਾਦੀ ‘ਨੋ ਮੈਨਜ਼ ਲੈਂਡ’ ਵਿੱਚ ਉੱਤਰੇ ਅਤੇ ਸੰਘਣੀ ਵਨਸਪਤੀ ਤੇ ਪ੍ਰਤੀਕੂਲ ਮੌਸਮੀ ਹਾਲਤਾਂ ਦੀ ਆੜ ਵਿੱਚ ਪਾਕਿਸਤਾਨੀ ਪਾਸੇ ਪਰਤ ਗਏ। ਨੇੜੇ ਪਾਕਿਸਤਾਨੀ ਚੌਕੀਆਂ ਦੀ ਮੌਜੂਦਗੀ ਕਾਰਨ ਫੌਜ ਦੇ ਜਵਾਨ ਅੱਤਵਾਦੀਆਂ ’ਤੇ ਗੋਲੀ ਨਹੀਂ ਚਲਾ ਸਕੇ। ਆਰਿਫ ਤੋਂ ਇੱਕ ਮੋਬਾਈਲ ਫੋਨ ਅਤੇ ਲੱਗਭੱਗ 20,000 ਪਾਕਿਸਤਾਨੀ ਕਰੰਸੀ ਮਿਲੀ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਖੇਤਰ ਦੀ ਭੂਗੋਲਿਕ ਸਥਿਤੀ ਤੋਂ ਜਾਣੂ ਸੀ ਅਤੇ ਅੱਤਵਾਦੀਆਂ ਨੂੰ ਭਾਰਤੀ ਪਾਸੇ ਘੁਸਪੈਠ ਕਰਨ ਵਿੱਚ ਮਦਦ ਕਰਨ ਲਈ ਪਾਕਿਸਤਾਨੀ ਫੌਜ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ।