ਚੰਡੀਗੜ੍ਹ : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਅਹਿਮ ਐਲਾਨ ਕਰਦਿਆਂ ਕਿਹਾ ਕਿ ਹੁਣ ਚੋਣਾਂ ਵਿਚ ਇਕ ਪਰਵਾਰ ਨੂੰ ਇਕ ਟਿਕਟ ਹੀ ਦਿੱਤੀ ਜਾਵੇਗੀ। ਜ਼ਿਲ੍ਹਾ ਪ੍ਰਧਾਨ ਚੋਣ ਨਹੀਂ ਲੜ ਸਕੇਗਾ। ਪਾਰਟੀ ਵਿਚ ਲੀਡਰਸ਼ਿਪ ਨੂੰ ਲੈ ਕੇ ਪਿੱਛੇ ਜਿਹੇ ਤੋਂ ਬਗਾਵਤੀ ਸੁਰਾਂ ਉੱਠ ਰਹੀਆਂ ਸਨ।
ਸੁਖਬੀਰ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ, ਜਿਹਾ ਕਿ ਪ੍ਰਭਾਵ ਜਾਂਦਾ ਹੈ। 101 ਸਾਲ ਪਹਿਲਾਂ ਪੰਥ ਨੂੰ ਬਚਾਉਣ ਲਈ ਅਕਾਲੀ ਦਲ ਬਣਿਆ ਸੀ। ਅਕਾਲੀ ਦਲ ਪੰਜਾਬ ਦਾ ਹੈ। ਅੱਗੇ ਤੋਂ ਇਕ ਵਿਅਕਤੀ ਲਗਾਤਾਰ ਦੋ ਵਾਰ ਪ੍ਰਧਾਨ ਰਹਿ ਸਕੇਗਾ, ਤੀਜੀ ਵਾਰ ਪ੍ਰਧਾਨ ਬਣਨ ਲਈ ਪੰਜ ਸਾਲ ਬ੍ਰੇਕ ਲੈਣੀ ਪਵੇਗੀ। ਸੁਖਬੀਰ ਵੱਲੋਂ ਕੀਤੇ ਗਏ ਹੋਰਨਾਂ ਐਲਾਨਾਂ ਵਿਚ ਕਿਹਾ ਗਿਆ ਹੈ ਕਿ ਪਾਰਟੀ ਦਾ ਪਾਰਲੀਮਾਨੀ ਬੋਰਡ ਬਣਾਇਆ ਜਾਵੇਗਾ, ਜਿਹੜਾ ਉਮੀਦਵਾਰਾਂ ਦਾ ਫੈਸਲਾ ਕਰਿਆ ਕਰੇਗਾ। ਜ਼ਿਲ੍ਹਾ ਪ੍ਰਧਾਨ, ਯੂਥ ਪ੍ਰਧਾਨ ਤੇ ਸਟੇਟ ਬਾਡੀ ਦਾ ਆਗੂ ਸਿਰਫ ਪੂਰਨ ਸਿੱਖ ਨੂੰ ਬਣਾਇਆ ਜਾਵੇਗਾ। ਜੇ ਕੋਈ ਕਿਸੇ ਹੋਰ ਧਰਮ ਦਾ ਹੋਵੇਗਾ ਤਾਂ ਉਹ ਆਪਣੇ ਧਰਮ ਨੂੰ ਮੰਨੇਗਾ। ਪੱਛੜੀਆਂ ਜਮਾਤਾਂ ਨੂੰ ਪਾਰਟੀ ਲੀਡਰਸ਼ਿਪ ਵਿਚ ਅੱਗੇ ਲਿਆਂਦਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਨੂੰ ਚੋਣ ਲੜਨ ਤੋਂ ਪਹਿਲਾਂ ਅਸਤੀਫਾ ਦੇਣਾ ਪਵੇਗਾ। ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਅੱਧੀਆਂ ਸੀਟਾਂ 50 ਸਾਲ ਤੋਂ ਹੇਠਲਿਆਂ ਲਈ ਰਿਜ਼ਰਵ ਰੱਖੀਆਂ ਜਾਣਗੀਆਂ। ਫੈਸਲੇ ਲੈਣ ਵਾਲੀ ਸੁਪਰੀਮ ਬਾਡੀ (ਕੋਰ ਕਮੇਟੀ) ਵਿਚ ਨੌਜਵਾਨਾਂ ਤੇ ਮਹਿਲਾਵਾਂ ਨੂੰ ਮੈਂਬਰ ਬਣਾਇਆ ਜਾਵੇਗਾ। 35 ਸਾਲ ਤੋਂ ਹੇਠਲੀ ਉਮਰ ਵਾਲਾ ਹੀ ਯੂਥ ਅਕਾਲੀ ਦਲ ਵਿਚ ਰਹੇਗਾ। ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿਚ ਹੁਣ 30 ਸਾਲ ਤੋਂ ਹੇਠਲੀ ਉਮਰ ਵਾਲੇ ਰਹਿਣਗੇ। ਪਾਰਟੀ ਦੀ ਜਥੇਬੰਦੀ ਖੜ੍ਹੀ ਕਰਨ ਲਈ 117 ਅਬਜ਼ਰਵਰ ਲਾਏ ਜਾਣਗੇ, ਯਾਨੀ ਕਿ ਇਕ ਅਸੰਬਲੀ ਹਲਕੇ ਵਿਚ ਇਕ। ਸ਼ੁਰੂਆਤ ਬੂਥ ਕਮੇਟੀ ਤੋਂ ਹੋਵੇਗੀ ਤੇ 30 ਸਤੰਬਰ ਤੱਕ ਬੂਥ ਪੱਧਰ ਦੀਆਂ ਸਾਰੀਆਂ ਨਿਯੁਕਤੀਆਂ ਕਰ ਦਿੱਤੀਆਂ ਜਾਣਗੀਆਂ। ਇਕ ਸਲਾਹਕਾਰ ਬੋਰਡ ਬਣਾਇਆ ਜਾਵੇਗਾ, ਜਿਸ ਵਿਚ ਲੇਖਕ, ਵਿਦਵਾਨ ਤੇ ਪੰਥਕ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਇਹ ਬੋਰਡ ਸਿੱਧਾ ਪ੍ਰਧਾਨ ਨੂੰ ਸਲਾਹ ਦੇਵੇਗਾ।
ਸੁਖਬੀਰ ਬਾਦਲ ਨੇ 2017 ਤੇ 2022 ਵਿਚ ਪਾਰਟੀ ਦੀ ਅਗਵਾਈ ਕੀਤੀ ਤੇ ਪਾਰਟੀ ਦੋਨੋਂ ਵਾਰ ਅਸੰਬਲੀ ਚੋਣਾਂ ਹਾਰ ਗਈ। 2017 ਵਿਚ ਇਸ ਨੇ 15 ਸੀਟਾਂ ਜਿੱਤੀਆਂ ਤੇ ਇਸ ਦਾ ਵੋਟ ਸ਼ੇਅਰ 9.4 ਫੀਸਦੀ ਘਟ ਕੇ 25.2 ਫੀਸਦੀ ’ਤੇ ਆ ਗਿਆ ਸੀ।
2022 ਵਿਚ ਸਿਰਫ ਤਿੰਨ ਸੀਟਾਂ ਜਿੱਤੀਆਂ ਤੇ ਵੋਟ ਸ਼ੇਅਰ 18.38 ਫੀਸਦੀ ’ਤੇ ਆ ਗਿਆ। ਇਸ ਵਾਰ ਤਾਂ ਸੁਖਬੀਰ ਬਾਦਲ ਖੁਦ ਵੀ ਜਲਾਲਾਬਾਦ ਤੋਂ ਚੋਣ ਹਾਰ ਗਏ ਅਤੇ ਉਨ੍ਹਾ ਦੇ ਪਿਤਾ ਤੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲੰਬੀ ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਇਸ ਦੇ ਬਾਅਦ ਬਗਾਵਤ ਸ਼ੁਰੂ ਹੋਈ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਜਗਮੀਤ ਬਰਾੜ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਖੁੱਲ੍ਹੀ ਨਾਰਾਜ਼ਗੀ ਜ਼ਾਹਰ ਕੀਤੀ।