ਪਿਛਲੇ ਮਹੀਨੇ ਰਾਜ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ‘ਦੂਰਦਰਸ਼ਨ’ ਗੁਣਵੱਤਾਪੂਰਨ ਪ੍ਰੋਗਰਾਮ ਪੇਸ਼ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾ ਕਿਹਾ ਕਿ ‘ਬਾਰਕ’ (ਬਰਾਡਕਾਸਟ ਆਡੀਅੰਸ ਰਿਸਰਚ ਕੌਂਸਲ) ਦੀ ਰੇਟਿੰਗ ਅਨੁਸਾਰ ਪਿਛਲੇ ਕੁਝ ਸਾਲਾਂ ਦੌਰਾਨ ਨਿੱਜੀ ਚੈਨਲਾਂ ਦੇ ਮੁਕਾਬਲੇ ਡੀ ਡੀ ਚੈਨਲਾਂ ਨੇ ਆਪਣੇ ਨੈੱਟਵਰਕ ਲਈ ਉੱਚ ਗੁਣਵੱਤਾ ਵਾਲੇ ਪ੍ਰੋਗਰਾਮਾਂ ਦੇ ਨਿਰਮਾਣ ਲਈ ਕਈ ਕਦਮ ਚੁੱਕੇ ਹਨ।
ਅਨੁਰਾਗ ਠਾਕੁਰ ਵੱਲੋਂ ਪੇਸ਼ ਕੀਤੇ ਦਾਅਵੇ ਦੀ ਸੱਚਾਈ ਜਾਣਨ ਲਈ ਇੱਕ ਵੈੱਬ ਨਿਊਜ਼ ਏਜੰਸੀ ਨੇ ਦੂਰਦਰਸ਼ਨ ਦੇ ਇੱਕ ਚਰਚਿਤ ਸ਼ੋਅ ‘ਦੋ ਟੂਕ’ ਦੀ ਪੜਤਾਲ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ‘ਦੂਰਦਰਸ਼ਨ’ ਵੀ ਮੁਸਲਮਾਨਾਂ ਤੇ ਵਿਰੋਧੀ ਦਲਾਂ ਵਿਰੁੱਧ ਪ੍ਰੋਗਰਾਮ ਦਿਖਾਉਣ ਲਈ ਗੋਦੀ ਮੀਡੀਆ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ। ਅਨੁਰਾਗ ਠਾਕੁਰ ਦੇ ਬਿਆਨ ਤੋਂ ਚਾਰ ਦਿਨ ਪਿੱਛੋਂ ਡੀ ਡੀ ਨਿਊਜ਼ ਦੇ ‘ਦੋ ਟੂਕ’ ਪ੍ਰੋਗਰਾਮ ਦੀ ਹੈੱਡ ਲਾਈਨ ਸੀ-‘ਝਾਰਖੰਡ ਕਾ ਇਸਲਾਮੀਕਰਨ।’ ਉਤਰ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਦੂਰਦਰਸ਼ਨ ਦੇ ‘ਦੋ ਟੂਕ’ ਵਿੱਚ ‘ਜਿਨਾਹ ਜਿਤਾਏਂਗੇ’, ‘ਜਿਨਾਹ ਪਰ ਤਕਰਾਰ, ਪਾਕਿਸਤਾਨ ਪਰ ਪਿਆਰ’ ਸਿਰਲੇਖ ਹੇਠ ਪ੍ਰੋਗਰਾਮ ਪ੍ਰਸਾਰਤ ਕੀਤੇ ਗਏ। ਇਸੇ ਦੌਰਾਨ ਨਿੱਜੀ ਚੈਨਲ ਵੀ ਇਹੋ ਕੁਝ ਪੇਸ਼ ਕਰ ਰਹੇ ਸਨ। ‘ਆਜ ਤੱਕ’ ਦੇ ਪ੍ਰੋਗਰਾਮ ਦਾ ਸਿਰਲੇਖ ਸੀ ‘ਜਿਨਾਹ ਕੇ ਸਹਾਰੇ ਯੂ ਪੀ ਮੇਂ ਕਰੇਂਗੇ ਰਾਜ’। ਇਸੇ ਤਰ੍ਹਾਂ ਨਿਊਜ਼ 18 ਦਾ ਪ੍ਰੋਗਰਾਮ ਸੀ, ‘ਯੂ ਪੀ ਚੁਨਾਵ ਮੇਂ ਜਿਨਾਹ ਵਾਲਾ ਦਾਵ’, ਤੇ ਇੰਡੀਆ ਟੀ ਵੀ ਦਾ ਇੱਕ ਪ੍ਰੋਗਰਾਮ ਸੀ, ‘ਜੋ ਕਰੇਂ ਜਿਨਾਹ ਸੇ ਪਿਆਰ, ਵੋ ਕੈਸੇ ਕਰੇਂ ਪਾਕਿਸਤਾਨ ਸੇ ਇਨਕਾਰ।’ ਇਸ ਵਰਤਾਰੇ ਤੋਂ ਤਾਂ ਇਹੋ ਜਾਪਦਾ ਹੈ ਕਿ ਇਨ੍ਹੀਂ ਦਿਨੀਂ ਦੂਰਦਰਸ਼ਨ ਤੇ ਨਿੱਜੀ ਚੈਨਲਾਂ ਦਾ ਸੰਚਾਲਨ ਇੱਕੋ ਥਾਂ ਤੋਂ ਹੋ ਰਿਹਾ ਹੈ।
ਇਹੋ ਹਾਲਤ ਝਾਰਖੰਡ ਦੀ ਇਸਲਾਮੀਕਰਨ ਵਾਲੀ ਖ਼ਬਰ ਦੀ ਹੈ। ਇਹ ਪ੍ਰੋਗਰਾਮ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਦੇ ਉਸ ਬਿਆਨ ਤੋਂ ਬਾਅਦ ਸ਼ੁਰੂ ਕੀਤੇ ਗਏ, ਜਿਸ ਵਿੱਚ ਕਿਹਾ ਗਿਆ ਸੀ ਕਿ ਸੋਰੇਨ ਸਰਕਾਰ ਝਾਰਖੰਡ ਦਾ ਇਸਲਾਮੀਕਰਨ ਕਰ ਰਹੀ ਹੈ। ਇਸ ਖ਼ਬਰ ਨੂੰ ਪੇਸ਼ ਕਰਨ ਲਈ ਦੂਰਦਰਸ਼ਨ ਦਾ ਸਿਰਲੇਖ ਸੀ, ‘ਝਾਰਖੰਡ ਕਾ ਇਸਲਾਮੀਕਰਨ’, ਜੀ ਨਿਊਜ਼ ਨੇ ‘ਝਾਰਖੰਡ ਕੇ ਸਕੂਲੋਂ ਮੇਂ ਇਸਲਾਮਿਕ ਰੂਲ’ ਤੇ ਇੰਡੀਆ ਟੀ ਵੀ ਨੇ ‘ਝਾਰਖੰਡ ਕੇ ਸਕੂਲੋਂ ਮੇਂ ਸ਼ੁੱਕਰਵਾਰ ਕੀ ਛੁੱਟੀ ਪਰ ਬਵਾਲ, ਨਿਸ਼ੀਕਾਂਤ ਦੂਬੇ ਨੇ ਬਤਾਇਆ ਇਸਲਾਮੀਕਰਨ ਕੀ ਸਾਜ਼ਿਸ਼’ ਦੇ ਸਿਰਲੇਖਾਂ ਹੇਠ ਪ੍ਰੋਗਰਾਮ ਪੇਸ਼ ਕੀਤੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਡੀ ਡੀ ਤੇ ਨਿੱਜੀ ਚੈਨਲਾਂ ਦੀ ਸੋਚ ਵਿੱਚ ਕੋਈ ਫ਼ਰਕ ਨਹੀਂ ਹੈ।
ਦੂਰਦਰਸ਼ਨ ਦੇ ‘ਦੋ ਟੂਕ’ ਪ੍ਰੋਗਰਾਮ ਦੇ ਐਂਕਰ ਹਨ, ਅਸ਼ੋਕ ਸ੍ਰੀਵਾਸਤਵ, ਜੋ ਸੀਨੀਅਰ ਸਲਾਹਕਾਰ ਸੰਪਾਦਕ ਹਨ। ਝਾਰਖੰਡ ਵਾਲੇ ਪ੍ਰੋਗਰਾਮ ਵਿੱਚ ਸ੍ਰੀਵਾਸਤਵ ਕਹਿੰਦੇ ਹਨ ਕਿ ਮੇਰਾ ਅੱਜ ਦਾ ਸਵਾਲ ਹੈ, ‘ਰਵੀਵਾਰ ਕੋ ਨਹੀਂ ਸ਼ੁੱਕਰਵਾਰ ਕੋ ਛੁੱਟੀ, ਝਾਰਖੰਡ ਕੋ ਕੌਨ ਪਿਲਾ ਰਹਾ ਹੈ ਇਸਲਾਮੀਕਰਨ ਕੀ ਘੁੱਟੀ।’
ਭਾਰਤ ਸਰਕਾਰ ਅਧੀਨ ਪ੍ਰਸਾਰ ਭਾਰਤੀ ਇੱਕ ਖੁਦਮੁਖਤਿਆਰ ਸੰਸਥਾ ਹੈ। ਇਸ ਦਾ ਉਦੇਸ਼ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਵਿੱਚ ਦਰਜ ਕਦਰਾਂ-ਕੀਮਤਾਂ ਮੁਤਾਬਕ ਵਰਤਾਓ ਕਰਨਾ ਹੈ। ਡੀ ਡੀ ਨਿਊਜ਼ ਪ੍ਰਸਾਰ ਭਾਰਤੀ ਅਧੀਨ ਇੱਕ ਅਦਾਰਾ ਹੈ। ਇਹ ਠੀਕ ਹੈ ਕਿ ਪ੍ਰਸਾਰ ਭਾਰਤੀ ਅਧੀਨ ਆਉਂਦੇ ਦੂਰਦਸ਼ਨ, ਰੇਡੀਓ ਤੇ ਡਿਜੀਟਲ ਪਲੇਟਫਾਰਮ ਉੱਤੇ ਸਰਕਾਰਾਂ ਆਪਣੇ ਵਿਕਾਸ ਕੰਮਾਂ ਨੂੰ ਪੇਸ਼ ਕਰਦੀਆਂ ਰਹਿੰਦੀਆਂ ਹਨ, ਪਰ ਇਸ ਦੇ ਬਾਵਜੂਦ ਇਨ੍ਹਾਂ ਵੱਲੋਂ ਪੇਸ਼ ਕੀਤੇ ਜਾਂਦੇ ਪ੍ਰੋਗਰਾਮਾਂ ਲਈ ਇੱਕ ਕੋਡ ਆਫ਼ ਕੰਡਕਟ ਬਣਿਆ ਹੋਇਆ ਹੈ। ਪ੍ਰਸਾਰ ਭਾਰਤੀ ਨੇ ਮਈ 2022 ਵਿੱਚ ਇਨ੍ਹਾਂ ਅਦਾਰਿਆਂ ਲਈ ਪ੍ਰੋਗਰਾਮ ਕੋਡ ਜਾਰੀ ਕੀਤਾ ਸੀ। ਇਸ ਪ੍ਰੋਗਰਾਮ ਕੋਡ ਦੇ ਤੀਜੇ ਬਿੰਦੂ ਵਿੱਚ ਲਿਖਿਆ ਹੈ, ‘ਧਰਮਾਂ ਜਾਂ ਵਰਗਾਂ ’ਤੇ ਹਮਲਾ ਜਾਂ ਧਾਰਮਿਕ ਸਮੂਹਾਂ ਦਾ ਅਪਮਾਨ ਕਰਨ ਵਾਲੇ ਦਿ੍ਰਸ਼ ਜਾਂ ਸ਼ਬਦ, ਜੋ ਸੰਪਰਦਾਇਕਤਾ ਨੂੰ ਵਧਾਉਂਦੇ ਹੋਣ, ਨਾ ਦਿਖਾਏ ਜਾਣ, ਪਰ ਉਪਰਲੇ ਸੰਪਰਦਾਇਕਤਾ ਨੂੰ ਵਧਾਉਣ ਵਾਲੇ ਪ੍ਰੋਗਰਾਮਾਂ ਤੋਂ ਤਾਂ ਇਹੋ ਲਗਦਾ ਹੈ ਕਿ ਇਹ ਪ੍ਰੋਗਰਾਮ ਕੋਡ ਸਿਰਫ਼ ਦਿਖਾਵੇ ਲਈ ਹੈ, ਦਿਖਾਇਆ ਉਹੀ ਜਾਵੇਗਾ, ਜੋ ਹਾਕਮਾਂ ਨੂੰ ਰਾਸ ਆਉਂਦਾ ਹੋਵੇ।
-ਚੰਦ ਫਤਿਹਪੁਰੀ