ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਪੰਜਾਬ ਨੇ ਨਵੇਂ ਕੀਰਤੀਮਾਨ ਸਥਾਪਤ ਕਰਦਿਆਂ ਜੂਨ 2025 ਲਈ ਸ਼ੁੱਧ ਜੀ ਐੱਸ ਟੀ ਪ੍ਰਾਪਤੀ ਵਿੱਚ ਰਿਕਾਰਡ ਤੋੜ 44.44 ਪ੍ਰਤੀਸ਼ਤ ਵਾਧਾ ਅਤੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਲਈ 27.01 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ, ਜੋ ਕਿ ਸੂਬੇ ਦੇ ਇਤਿਹਾਸ ਵਿੱਚ ਕਿਸੇ ਵਿੱਤੀ ਤਿਮਾਹੀ ਦੌਰਾਨ ਅਤੇ ਜੂਨ ਮਹੀਨੇ ਲਈ ਹੁਣ ਤੱਕ ਦਾ ਦਰਜ ਕੀਤਾ ਗਿਆ ਸਭ ਤੋਂ ਵੱਧ ਜੀ ਐੱਸ ਟੀ ਮਾਲੀਆ ਵਾਧਾ ਹੈ।
ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਹ ਪ੍ਰਗਟਾਵਾ ਰਾਜ ਦੇ ਚੋਟੀ ਦੇ ਪੰਜ ਟੈਕਸਦਾਤਾਵਾਂ ਨੂੰ ਰਾਜ ਦੇ ਆਰਥਿਕ ਵਿਕਾਸ ਅਤੇ ਮਾਲੀਆ ਉਤਪਾਦਨ ਵਿੱਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਸਨਮਾਨਤ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਸਨਮਾਨਤ ਕੀਤੇ ਗਏ ਕਰਦਾਤਾਵਾਂ ਵਿੱਚ ਅੰਬੂਜਾ ਸੀਮੈਂਟ ਤੋਂ ਆਸ਼ੂ ਅਗਨੀਹੋਤਰੀ, ਐੱਚ ਪੀ ਸੀ ਐਲ-ਮਿੱਤਲ ਐਨਰਜੀ ਲਿਮਟਿਡ (ਅੱੈਚ ਐੱਮ ਈ ਐੱਲ) ਤੋਂ ਸੰਜੇ ਮਲਹੋਤਰਾ, ਸੈਮਸੰਗ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ ਚਮਨ ਲਾਲ ਸ਼ਰਮਾ, ਟਾਟਾ ਸਟੀਲ ਤੋਂ ਅੰਕੁਸ਼ ਸ਼ਰਮਾ ਅਤੇ ਦਾਦਾ ਮੋਟਰਜ਼ ਤੋਂ ਨਿਤਿਨ ਦਾਦਾ ਸ਼ਾਮਲ ਹਨ। ਵਿੱਤ ਮੰਤਰੀ ਨੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਮਾਵੇਸ਼ੀ ਵਿਕਾਸ ਅਤੇ ਵਿੱਤੀ ਸਥਿਰਤਾ ਪ੍ਰਾਪਤ ਕਰਨ ਵਿੱਚ ਜ਼ਿੰਮੇਵਾਰ ਟੈਕਸਦਾਤਾਵਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਚੀਮਾ ਨੇ ਕਿਹਾ ਕਿ ਜੂਨ 2025 ਲਈ ਸ਼ੁੱਧ ਜੀ ਐੱਸ ਟੀ ਪ੍ਰਾਪਤੀ 2379.90 ਕਰੋੜ ਰੁਪਏ ਰਹੀ, ਜੋ ਕਿ ਜੂਨ 2024 ਵਿੱਚ ਪ੍ਰਾਪਤ ਹੋਏ 1647.69 ਕਰੋੜ ਰੁਪਏ ਦੇ ਮੁਕਾਬਲੇ 732.21 ਕਰੋੜ ਰੁਪਏ ਦੇ ਸ਼ਾਨਦਾਰ ਮਾਲੀਆ ਵਾਧੇ ਨੂੰ ਦਰਸਾਉਦਾ ਹੈ।ਵਿੱਤ ਮੰਤਰੀ ਨੇ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ’ਤੇ ਵੀ ਤਿੱਖਾ ਹਮਲਾ ਕਰਦਿਆਂ ਟੈਕਸ ਚੋਰੀ ਨੂੰ ਰੋਕਣ ਅਤੇ ਸੂਬੇ ਦੀ ਵਿੱਤੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਉਨ੍ਹਾਂ ਦੀ ਅਸਫਲਤਾ ਨੂੰ ਉਜਾਗਰ ਕੀਤਾ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਹੀਨਾ-ਦਰ-ਮਹੀਨਾ ਅਤੇ ਸਾਲ-ਦਰ-ਸਾਲ ਨਿਰੰਤਰ ਵਿਕਾਸ ਨੂੰ ਯਕੀਨੀ ਬਣਾਇਆ ਹੈ। ਉਨ੍ਹਾ ਵਿੱਤੀ ਸਾਲ 2022-23 ਵਿੱਚ 16.25 ਪ੍ਰਤੀਸ਼ਤ, ਵਿੱਤੀ ਸਾਲ 2023-24 ਵਿੱਚ 15.51 ਪ੍ਰਤੀਸ਼ਤ ਅਤੇ ਵਿੱਤੀ ਸਾਲ 2024-25 ਵਿੱਚ 12.84 ਪ੍ਰਤੀਸ਼ਤ ਦੀ ਜੀ ਐੱਸ ਟੀ ਸੰਗ੍ਰਹਿ ਵਿਕਾਸ ਦਰ ਦਾ ਜ਼ਿਕਰ ਕੀਤਾ, ਜਿਸ ਨਾਲ ਤਿੰਨ ਸਾਲਾਂ ਵਿੱਚ ਕੁੱਲ 62,733 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਸ ਦੇ ਉਲਟ, ਵਿੱਤੀ ਸਾਲ 2018-19 ਤੋਂ ਵਿੱਤੀ ਸਾਲ 2021-22 ਤੱਕ ਕਾਂਗਰਸ ਦੇ ਸ਼ਾਸਨ ਦੌਰਾਨ ਸੂਬੇ ਨੇ ਸਿਰਫ਼ 55,146 ਕਰੋੜ ਰੁਪਏ ਇਕੱਠੇ ਕੀਤੇ। ਇਸੇ ਤਰ੍ਹਾਂ, ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬੇ ਵਿੱਚ ਵਿੱਤੀ ਸਾਲ 2014-15 ਅਤੇ ਵਿੱਤੀ ਸਾਲ 2015-16 ਦੌਰਾਨ ਵੈਟ ਅਤੇ ਸੀ ਐੱਸ ਟੀ ਪ੍ਰਾਪਤੀ ਵਿੱਚ ਕ੍ਰਮਵਾਰ ਸਿਰਫ 4.57 ਪ੍ਰਤੀਸ਼ਤ ਅਤੇ 2.67 ਪ੍ਰਤੀਸ਼ਤ ਵਾਧਾ ਹੋਇਆ। ਵਿੱਤ ਨੇ ਕਿਹਾ ਕਿ ਆਪ ਸਰਕਾਰ ਨੇ ਤਿੰਨ ਸਾਲਾਂ ਵਿੱਚ ਹੀ ਕਾਂਗਰਸ ਸਰਕਾਰ ਦੁਆਰਾ ਆਪਣੇ ਪੂਰੇ ਪੰਜ ਸਾਲਾਂ ਵਿੱਚ ਪ੍ਰਾਪਤ ਕੀਤੇ ਗਏ ਜੀ ਐੱਸ ਟੀ ਮਾਲੀਏ ਨਾਲੋਂ ਵੱਧ ਮਾਲੀਆ ਪ੍ਰਾਪਤ ਕਰ ਲਿਆ ਹੈ।





