ਬਿਆਸ ਚੜ੍ਹਿਆ ਆਉਦਾ

0
88

ਸ਼ਿਮਲਾ : ਹਿਮਾਚਲ ’ਚ ਸੋਮਵਾਰ ਰਾਤ ਤੋਂ ਜਾਰੀ ਭਾਰੀ ਮੀਂਹ, ਹੜ੍ਹਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਰਕੇ ਮੰਡੀ ਜ਼ਿਲ੍ਹੇ ਵਿੱਚ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ। ਚਾਰ ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ, ਜਦੋਂਕਿ 16 ਵਿਅਕਤੀ ਲਾਪਤਾ ਦੱਸੇ ਜਾਂਦੇ ਹਨ। ਇਸੇ ਦੌਰਾਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੇੜੇ ਪਹੁੰਚ ਗਿਆ ਹੈ। ਕੈਚਮੈਂਟ ਏਰੀਏ ਵਿਚ ਪਾਣੀ ਦਾ ਪੱਧਰ ਵਧਣ ਮਗਰੋਂ ਇਹਤਿਆਤ ਵਜੋਂ ਪੰਡੋਹ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਹਨ। ਲੋਕਾਂ ਤੇ ਸੈਲਾਨੀਆਂ ਨੂੰ ਨਦੀ-ਨਾਲਿਆਂ ਦੇ ਕੰਢਿਆਂ ’ਤੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਵਾਧੂ ਪਾਣੀ ਛੱਡੇ ਜਾਣ ਕਰਕੇ ਬਿਆਸ ਦਰਿਆ ਦਾ ਵਹਾਅ ਵਧਣ ਕਰਕੇ ਪੰਡੋਹ ਬਾਜ਼ਾਰ ਨੂੰ ਅੱਧੀ ਰਾਤ ਦੇ ਕਰੀਬ ਖਾਲੀ ਕਰਵਾ ਲਿਆ ਗਿਆ। ਖੁਸ਼ਕਿਸਮਤੀ ਨਾਲ, ਇਲਾਕੇ ਵਿੱਚੋਂ ਕਿਸੇ ਵੀ ਜਾਨੀ ਨੁਕਸਾਨ ਜਾਂ ਵਿਅਕਤੀ ਦੇ ਫਸਣ ਦੀ ਖਬਰ ਨਹੀਂ ਹੈ। ਕਰਸੋਗ ਸਬ-ਡਵੀਜ਼ਨ ਵਿੱਚ ਬੱਦਲ ਫਟਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 16 ਹੋਰਾਂ ਨੂੰ ਬਚਾਇਆ ਗਿਆ। ਇਨ੍ਹਾਂ ਵਿੱਚ 12 ਬੱਚੇ ਅਤੇ 4 ਮਹਿਲਾਵਾਂ ਸ਼ਾਮਲ ਹਨ।
ਕੀਰਤਪੁਰ-ਮਨਾਲੀ ਹਾਈਵੇਅ ’ਤੇ ਜ਼ਮੀਨ ਖਿਸਕਣ ਤੇ ਢਿੱਗਾਂ ਡਿੱਗਣ ਕਰਕੇ ਮੰਡੀ ਤੇ ਕੁੱਲੂ ਵਿਚਾਲੇ ਕਈ ਥਾਵਾਂ ’ਤੇ ਸੜਕਾਂ ਬੰਦ ਹੋ ਗਈਆਂ ਹਨ। ਬਹੁਤ ਸਾਰੇ ਯਾਤਰੀ ਰਾਤ ਭਰ ਸੜਕੀ ਸੁਰੰਗਾਂ ਅੰਦਰ ਫਸੇ ਰਹੇ। ਜ਼ਿਲ੍ਹਾ ਪ੍ਰਸ਼ਾਸਨ ਦੇ ਵਲੰਟੀਅਰ ਫਸੇ ਲੋਕਾਂ ਨੂੰ ਭੋਜਨ ਅਤੇ ਪਾਣੀ ਦੀ ਸਪਲਾਈ ਕਰ ਰਹੇ ਹਨ। ਸੁਰੱਖਿਆ ਕਾਰਨਾਂ ਕਰਕੇ ਮੰਡੀ ਤੋਂ ਕੁੱਲੂ ਵੱਲ ਵਾਹਨਾਂ ਦੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਦੀ ਦੇ ਪੱਧਰ ਵਿੱਚ ਵਾਧੇ ਅਤੇ ਗਾਦ ਕਾਰਨ ਲਾਰਜੀ ਹਾਈਡਰੋ ਇਲੈਕਟਿ੍ਰਕ ਪ੍ਰੋਜੈਕਟ (126 ਮੈਗਾਵਾਟ) ਕੁੱਲੂ ਤੋਂ ਵੀ ਪਾਣੀ ਛੱਡਿਆ ਗਿਆ ਹੈ। ਆਮ ਲੋਕਾਂ ਅਤੇ ਸੈਲਾਨੀਆਂ ਨੂੰ ਇੱਕ ਵਾਰ ਫਿਰ ਨਦੀ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।
ਭਾਰੀ ਮੀਂਹ ਕਰਕੇ ਚੰਬਾ, ਮੰਡੀ, ਹਮੀਰਪੁਰ, ਸ਼ਿਮਲਾ, ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ ਵਿਚ ਅਗਲੇ 24 ਘੰਟਿਆਂ ਲਈ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਰੀ ਮੀਂਹ ਕਰਕੇ ਸ਼ਿਮਲਾ ਜ਼ਿਲ੍ਹੇ ਦੇ ਕਿੰਗਲ ਅਤੇ ਬਿਠਲ ਨੇੜੇ ਕਈ ਥਾਵਾਂ ’ਤੇ ਕੌਮੀ ਸ਼ਾਹਰਾਹ 5 ਵੀ ਬੰਦ ਹੋ ਗਿਆ ਹੈ, ਜਿਸ ਨਾਲ ਸੜਕ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ।