ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾ ਦੇ ਆੜੀ ਰਹੇ ਖਰਬਪਤੀ ਐਲਨ ਮਸਕ ਵਿਚਾਲੇ ਜੰਗ ਤੇਜ਼ ਹੋ ਗਈ ਹੈ। ਟੈਸਲਾ ਦੇ ਮਾਲਕ ਮਸਕ ਬਾਰੇ ਟਰੰਪ ਨੇ ਕਿਹਾ ਹੈ ਕਿ ਜੇ ਮਸਕ ਨੂੰ ਮਿਲਣ ਵਾਲੀ ਸਰਕਾਰੀ ਸਬਸਿਡੀ ਬੰਦ ਹੋ ਜਾਵੇ ਤਾਂ ਉਸ ਨੂੰ ਆਪਣੀ ਦੁਕਾਨ (ਕੰਪਨੀ) ਬੰਦ ਕਰਕੇ ਦੱਖਣੀ ਅਫਰੀਕਾ ਪਰਤਣਾ ਪਵੇਗਾ। ਸਬਸਿਡੀ ਬੰਦ ਹੋਣ ਨਾਲ ਨਾ ਤਾਂ ਟੈਸਲਾ ਇਲੈਕਟਿ੍ਰਕ ਕਾਰਾਂ ਦਾ ਉਤਪਾਦਨ ਹੋਵੇਗਾ ਅਤੇ ਨਾ ਹੀ ਸਪੇਸਐਕਸ ਦੇ ਰਾਕੇਟ ਤੇ ਸੈਟੇਲਾਈਟ ਲਾਂਚ ਹੋਣਗੇ।
ਟਰੰਪ ਨੇ ਕਿਹਾ ਕਿ ਮਸਕ ਨੂੰ ਸਰਕਾਰੀ ਸਬਸਿਡੀ ਵਜੋਂ ਏਨਾ ਪੈਸਾ ਮਿਲਿਆ ਹੈ, ਜਿੰਨਾ ਸ਼ਾਇਦ ਕਿਸੇ ਹੋਰ ਨੂੰ ਨਹੀਂ ਮਿਲਿਆ। ਉਨ੍ਹਾ ਕਿਹਾ ਕਿ ਸਰਕਾਰੀ ਕੁਸ਼ਲਤਾ ਬਾਰੇ ਵਿਭਾਗ (ਡਿਪਾਰਟਮੈਂਟ ਆਫ ਗੌਰਮਿੰਟ ਐਫੀਸ਼ੀਐਂਸੀ) ਇਸ ਮਾਮਲੇ ਦੀ ਜਾਂਚ ਕਰੇ। ਇਸ ਨਾਲ ਦੇਸ਼ ਦਾ ਪੈਸਾ ਬਚੇਗਾ।
ਟਰੰਪ ਨੇ ਕਿਹਾਮਸਕ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਮੇਰੀ ਹਮਾਇਤ ਕਰਨ ਤੋਂ ਬਹੁਤ ਪਹਿਲਾਂ ਹੀ ਪਤਾ ਸੀ ਕਿ ਮੈਂ ਈ ਵੀ (ਇਲੈਕਟਿ੍ਰਕ ਵਹੀਕਲ) ਫਤਵੇ ਦੇ ਖਿਲਾਫ ਹਾਂ। ਇਲੈਕਟਿ੍ਰਕ ਗੱਡੀਆਂ ਚੰਗੀਆਂ ਹਨ, ਪਰ ਹਰ ਇਨਸਾਨ ਨੂੰ ਇਨ੍ਹਾਂ ਨੂੰ ਖਰੀਦਣ ਲਈ ਮਜਬੂਰ ਕਰਨਾ ਗਲਤ ਹੈ। ਅਮਰੀਕਾ ਦੇ ਊਰਜਾ ਵਿਭਾਗ ਨੇ ਟੈਸਲਾ ਨੂੰ 46 ਲੱਖ 50 ਹਜ਼ਾਰ ਡਾਲਰ ਦਾ ਕਰਜ਼ਾ ਦਿੱਤਾ ਸੀ। ਇਸ ਨਾਲ ਟੈਸਲਾ ਨੂੰ ਮਾਡਲ-ਐੱਸ ਕਾਰ ਲਾਂਚ ਕਰਨ ਵਿੱਚ ਮਦਦ ਮਿਲੀ। ਨੇਵਾਦਾ ਨੇ 2014 ਵਿੱਚ ਟੈਸਲਾ ਨੂੰ ਗੀਗਾ ਫੈਕਟਰੀ ਲਈ 11 ਹਜ਼ਾਰ ਕਰੋੜ ਰੁਪਏ ਦੀ ਟੈਕਸ ਛੋਟ ਦਿੱਤੀ। ਟੈਸਲਾ ਖਰੀਦਣ ਵਾਲੇ ਨੂੰ ਹਰ ਇਲੈਕਟਿ੍ਰਕ ਗੱਡੀ ’ਤੇ 7500 ਡਾਲਰ ਦਾ ਟੈਕਸ ਕਰੈਡਿਟ ਮਿਲਦਾ ਹੈ। ਸਪੇਸਐਕਸ ਨੂੰ 2008 ਤੋਂ 16 ਲੱਖ ਕਰੋੜ ਰੁਪਏ ਦੇ ਸਰਕਾਰੀ ਠੇਕੇ ਮਿਲੇ ਹਨ।
ਦਰਅਸਲ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਮਸਕ ਟਰੰਪ ਦੇ ਬਿੱਗ ਬਿਊਟੀਫੁੱਲ ਬਿੱਲ ਦੇ ਖਿਲਾਫ ਹੈ। ਉਸ ਦਾ ਕਹਿਣਾ ਹੈ ਕਿ ਇਹ ਬਿੱਲ ਅਮਰੀਕਾ ਵਿੱਚ ਲੱਖਾਂ ਨੌਕਰੀਆਂ ਖਤਮ ਕਰ ਦੇਵੇਗਾ ਅਤੇ ਦੇਸ਼ ਨੂੰ ਬਹੁਤ ਵੱਡਾ ਸਿਆਸੀ ਨੁਕਸਾਨ ਪਹੁੰਚਾਏਗਾ। ਇਹ ਪੂਰੀ ਤਰ੍ਹਾਂ ਪਾਗਲਪਨ ਨਾਲ ਭਰਿਆ ਤੇ ਵਿਨਾਸ਼ਕਾਰੀ ਬਿੱਲ ਹੈ। ਇਹ ਪੁਰਾਣੇ ਉਦਯੋਗਾਂ ਨੂੰ ਰਿਆਇਤ ਦਿੰਦਾ ਹੈ, ਪਰ ਭਵਿੱਖ ਦੇ ਉਦਯੋਗਾਂ ਨੂੰ ਤਬਾਹ ਕਰ ਦੇਵੇਗਾ। ਮਸਕ ਨੇ ਪਿਛਲੇ ਮਹੀਨੇ ਇਸ ਬਿੱਲ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਟਰੰਪ ਦਾ ਦਾਅਵਾ ਹੈ ਕਿ ਬਿੱਲ ਦੇਸ਼ਭਗਤੀ ਨਾਲ ਭਰਪੂਰ ਹੈ। ਇਸ ਨਾਲ ਅਮਰੀਕਾ ਵਿੱਚ ਨਿਵੇਸ਼ ਵਧੇਗਾ ਤੇ ਚੀਨ ’ਤੇ ਨਿਰਭਰਤਾ ਘਟੇਗੀ। ਬਿੱਲ ਵਿੱਚ ਰੱਖਿਆ, ਊਰਜਾ ਤੇ ਬਾਰਡਰ ਸਕਿਉਰਟੀ ਲਈ ਵੱਧ ਪੈਸੇ ਰੱਖੇ ਗਏ ਹਨ, ਜਦਕਿ ਨਿਊਟ੍ਰੀਸ਼ਿਅਨ ਤੇ ਹੈੱਲਥ ਕੇਅਰ ਪ੍ਰੋਗਰਾਮਾਂ ਲਈ ਫੰਡ ਘਟਾਏ ਗਏ ਹਨ।
ਟਰੰਪ ਦੇ ਤਾਜ਼ਾ ਬਿਆਨ ਤੋਂ ਬਾਅਦ ਮਸਕ ਨੇ ਉਸ ਨੂੰ ਵੰਗਾਰਿਆ ਹੈ ਕਿ ਉਹ ਜੋ ਮਰਜ਼ੀ ਕਰ ਲਵੇ। ਉਸ ਨੇ ਇਹ ਵੀ ਕਿਹਾ ਹੈ ਕਿ ਸੈਨੇਟ ਨੇ ਜਿਸ ਦਿਨ ਬਿੱਲ ਪਾਸ ਕੀਤਾ, ਉਹ ਅਗਲੇ ਦਿਨ ‘ਅਮਰੀਕਾ ਪਾਰਟੀ’ ਲਾਂਚ ਕਰ ਦੇਵੇਗਾ।





