ਅਮਰਨਾਥ ਗੁਫਾ ਲਈ ਪਹਿਲਾ ਜਥਾ ਰਵਾਨਾ

0
116

ਜੰਮੂ : ਉਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ ਸਵੇਰੇ ਪੰਜ ਵਜੇ ਦੇ ਕਰੀਬ ਅਮਰਨਾਥ ਯਾਤਰਾ ਲਈ ਪਹਿਲੇ ਜੱਥੇ ਨੂੰ ਰਵਾਨਾ ਕੀਤਾ। ਇਸ ਜਥੇ ਵਿੱਚ 5880 ਤੋਂ ਵੱਧ ਸ਼ਰਧਾਲੂ ਸ਼ਾਮਲ ਹਨ। 38 ਦਿਨਾ ਯਾਤਰਾ 3 ਜੁਲਾਈ ਨੂੰ ਘਾਟੀ ਤੋਂ ਦੋ ਰੂਟਾਂ ਰਾਹੀਂ ਸ਼ੁਰੂ ਹੋਵੇਗੀ।
ਧਮਾਕੇ ’ਚ ਅਸਿਸਟੈਂਟ ਕਮਿਸ਼ਨਰ ਸਣੇ 4 ਮਰੇ
ਪਿਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ’ਚ ਹੋਏ ਧਮਾਕੇ ਵਿੱਚ ਅਸਿਸਟੈਂਟ ਕਮਿਸ਼ਨਰ ਸਣੇ ਚਾਰ ਸਰਕਾਰੀ ਅਧਿਕਾਰੀਆਂ ਦੀ ਮੌਤ ਹੋ ਗਈ ਤੇ 11 ਜਣੇ ਜ਼ਖਮੀ ਹੋ ਗਏ। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਾਜੌਰ ਕਬਾਇਲੀ ਜ਼ਿਲ੍ਹੇ ਦੀ ਖਾਰ ਤਹਿਸੀਲ ਵਿੱਚ ਮੇਲਾ ਗਰਾਊਂਡ ਨੇੜੇ ਹੋਇਆ ਇਹ ਧਮਾਕਾ ਬਾਜੌਰ ਜ਼ਿਲ੍ਹੇ ਦੀ ਨਵਾਗਈ ਤਹਿਸੀਲ ਦੇ ਅਸਿਸਟੈਂਟ ਕਮਿਸ਼ਨਰ ਫੈਸਲ ਸੁਲਤਾਨ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਮਿ੍ਰਤਕਾਂ ਵਿੱਚ ਏ ਐੱਸ ਆਈ, ਤਹਿਸੀਲਦਾਰ ਅਤੇ ਕਾਂਸਟੇਬਲ ਵੀ ਸ਼ਾਮਲ ਹਨ।
ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਕੇਸ ’ਚ ਦੋ ਮੁਲਜ਼ਮਾਂ ਦੀ ਜ਼ਮਾਨਤ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਦਸੰਬਰ 2023 ਵਿੱਚ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਨਾਲ ਸੰਬੰਧਤ ਕੇਸ ’ਚ ਦੋ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਸੁਬਰਾਮਨੀਅਮ ਪ੍ਰਸਾਦ ਤੇ ਜਸਟਿਸ ਹਰੀਸ਼ ਵੈਦਿਆਨਾਥਨ ਸ਼ੰਕਰ ਦੀ ਬੈਂਚ ਨੇ ਨੀਲਮ ਆਜ਼ਾਦ ਤੇ ਮਹੇਸ਼ ਕੁਮਾਵਤ ਨੂੰ 50-50 ਹਜ਼ਾਰ ਦਾ ਨਿੱਜੀ ਮੁਚੱਲਕਾ ਤੇ ਏਨੀ ਹੀ ਰਕਮ ਦੀਆਂ ਦੋ ਜ਼ਾਮਨੀਆਂ ਭਰਨ ਲਈ ਕਿਹਾ ਹੈ। ਬੈਂਚ ਨੇ ਦੋਵਾਂ ਨੂੰ ਕਿਸੇ ਵੀ ਮੀਡੀਆ ਆਊਟਲੈੱਟ ਨੂੰ ਇੰਟਰਵਿਊ ਦੇਣ ਜਾਂ ਇਸ ਘਟਨਾ ਬਾਰੇ ਸੋਸ਼ਲ ਮੀਡੀਆ ’ਤੇ ਕਿਸੇ ਤਰ੍ਹਾਂ ਦੀ ਪੋਸਟ ਪਾਉਣ ਤੋਂ ਵਰਜਿਆ ਹੈ। ਮੁਲਜ਼ਮਾਂ ਨੇ ਜ਼ਮਾਨਤ ਅਰਜ਼ੀ ਰੱਦ ਕਰਨ ਦੇ ਟਰਾਇਲ ਕੋਰਟ ਦੇ ਹੁਕਮਾਂ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ।
ਸੰਸਦ ’ਤੇ 2001 ਵਿੱਚ ਹੋਏ ਦਹਿਸ਼ਤੀ ਹਮਲੇ ਦੀ ਬਰਸੀ ਮੌਕੇ ਇੱਕ ਵੱਡੀ ਸੁਰੱਖਿਆ ਉਲੰਘਣਾ ਵਿੱਚ ਮੁਲਜ਼ਮ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਸਿਫਰ ਕਾਲ ਦੌਰਾਨ ਜਨਤਕ ਗੈਲਰੀ ਤੋਂ ਲੋਕ ਸਭਾ ਚੈਂਬਰ ਵਿੱਚ ਛਾਲ ਮਾਰ ਦਿੱਤੀ ਸੀ। ਉਨ੍ਹਾਂ ਕੁਝ ਸੰਸਦ ਮੈਂਬਰਾਂ ਵੱਲੋਂ ਕਾਬੂ ਕੀਤੇ ਜਾਣ ਤੋਂ ਪਹਿਲਾਂ ਕਨੱਸਤਰਾਂ ਤੋਂ ਪੀਲੀ ਗੈਸ ਛੱਡੀ ਅਤੇ ਨਾਅਰੇਬਾਜ਼ੀ ਵੀ ਕੀਤੀ। ਠੀਕ ਉਸੇ ਵੇਲੇ ਦੋ ਹੋਰ ਮੁਲਜ਼ਮਾਂ ਅਮੋਲ ਸ਼ਿੰਦੇ ਅਤੇ ਆਜ਼ਾਦ ਨੇ ਸੰਸਦੀ ਕੰਪਲੈਕਸ ਦੇ ਬਾਹਰ ‘ਤਾਨਾਸ਼ਾਹੀ ਨਹੀਂ ਚਲੇਗੀ’ ਦੇ ਨਾਅਰੇ ਲਗਾਉਂਦੇ ਹੋਏ ਡੱਬਿਆਂ ਤੋਂ ਰੰਗਦਾਰ ਧੂੰਆਂ ਛੱਡਿਆ ਸੀ।