ਰੁਦਰਪ੍ਰਯਾਗ : ਸੋਨਪ੍ਰਯਾਗ ਨੇੜੇ ਮਨਕਟੀਆ ਵਿੱਚ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ ਵੀਰਵਾਰ ਕੇਦਾਰਨਾਥ ਯਾਤਰਾ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੀ ਗਈ। ਪੁਲਸ ਮੁਤਾਬਕ ਮਨਕਟੀਆ ਸਲਾਈਡਿੰਗ ਜ਼ੋਨ ਵਿਖੇ ਢਿੱਗਾਂ ਡਿੱਗਣ ਕਰਕੇ ਸੜਕੀ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ, ਜਿਸ ਕਰਕੇ ਪ੍ਰਸ਼ਾਸਨ ਨੂੰ ਯਾਤਰਾ ਆਰਜ਼ੀ ਤੌਰ ’ਤੇ ਮੁਅੱਤਲ ਕਰਨੀ ਪਈ ਹੈ।
ਸ਼ਰਧਾਲੂ ਗੁਫਾ ਵੱਲ ਰਵਾਨਾ
ਸ੍ਰੀਨਗਰ : ਤੀਰਥ ਯਾਤਰੀਆਂ ਦੇ ਪਹਿਲੇ ਜਥੇ ਦੇ ਬਾਲਟਾਲ ਤੇ ਨੁਨਵਾਂ ਬੇਸ ਕੈਂਪਾਂ ਤੋਂ ਰਵਾਨਾ ਹੋਣ ਦੇ ਨਾਲ ਹੀ ਸਾਲਾਨਾ ਅਮਰਨਾਥ ਯਾਤਰਾ ਵੀਰਵਾਰ ਤੋਂ ਸ਼ੁਰੂ ਹੋ ਗਈ। ਦੱਖਣੀ ਕਸ਼ਮੀਰ ਵਿੱਚ 3,880 ਮੀਟਰ ਦੀ ਉਚਾਈ ’ਤੇ ਸਥਿਤ ਅਮਰਨਾਥ ਗੁਫਾ ਮੰਦਰ ਲਈ 38 ਰੋਜ਼ਾ ਤੀਰਥ ਯਾਤਰਾ ਤੜਕੇ ਵਾਦੀ ਦੇ ਦੋ ਰੂਟਾਂ-ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ 48 ਕਿੱਲੋਮੀਟਰ ਲੰਮੇ ਨੁਨਵਾਂ-ਪਹਿਲਗਾਮ ਰਸਤੇ ਅਤੇ ਗੰਦਰਬਲ ਜ਼ਿਲ੍ਹੇ ਵਿਚ 14 ਕਿੱਲੋਮੀਟਰ ਛੋਟੇ, ਪਰ ਵਧੇਰੇ ਚੜ੍ਹਾਈ ਵਾਲੇ ਬਾਲਟਾਲ ਰੂਟ ਤੋਂ ਸ਼ੁਰੂ ਹੋ ਗਈ।
ਛੱਤ ਡਿੱਗਣ ਨਾਲ 3 ਜੀਆਂ ਦੀ ਮੌਤ
ਟਾਂਡਾ : ਨੇੜਲੇ ਪਿੰਡ ਅਹੀਆਪੁਰ ਵਿੱਚ ਵੀਰਵਾਰ ਤੜਕਸਾਰ ਖਸਤਾ ਹਾਲ ਘਰ ਦੀ ਛੱਤ ਡਿੱਗਣ ਕਾਰਨ ਪਰਵਾਸੀ ਮਜ਼ਦੂਰ ਅਤੇ ਉਸ ਦੀਆਂ ਦੋ ਧੀਆਂ ਦੀ ਮੌਤ ਹੋ ਗਈ, ਜਦੋਂਕਿ ਪਤਨੀ ਅਤੇ ਦੋ ਹੋਰ ਧੀਆਂ ਜ਼ਖਮੀ ਹੋ ਗਈਆਂ। ਪਰਵਾਰ ਕਿਰਾਏ ’ਤੇ ਰਹਿ ਰਿਹਾ ਸੀ। ਮੀਂਹ ਕਾਰਨ ਦੂਜੀ ਮੰਜ਼ਲ ਦੀ ਛੱਤ ਅਚਾਨਕ ਡਿੱਗ ਪਈ ਅਤੇ ਪਰਵਾਰ ਮਲਬੇ ਹੇਠਾਂ ਦਬ ਗਿਆ। ਸ਼ੰਕਰ ਮੰਡਲ ਤੇ ਉਸ ਦੀਆਂ ਧੀਆਂ ਸ਼ਿਵਾਨੀ ਦੇਵੀ ਅਤੇ ਪੂਜਾ ਦੀ ਮੌਤ ਹੋ ਗਈ। ਪਤਨੀ ਪਿ੍ਰਅੰਕਾ ਅਤੇ ਦੋ ਹੋਰ ਧੀਆਂ ਕਵਿਤਾ ਅਤੇ ਪ੍ਰੀਤੀ ਜ਼ਖਮੀ ਹੋ ਗਈਆਂ।
ਤਿੰਨ ਭਾਰਤੀਆਂ ਨੂੰ ਛੁਡਾਉਣ ਲਈ ਅਪੀਲ
ਨਵੀਂ ਦਿੱਲੀ : ਭਾਰਤ ਨੇ ਮਾਲੀ ਵਿੱਚ ਡਾਇਮੰਡ ਸੀਮਿੰਟ ਫੈਕਟਰੀ ’ਚ ਕੰਮ ਕਰਦੇ ਤਿੰਨ ਭਾਰਤੀ ਨਾਗਰਿਕਾਂ ਨੂੰ ਅਗਵਾ ਕੀਤੇ ਜਾਣ ’ਤੇ ਵੱਡੀ ਚਿੰਤਾ ਜਤਾਈ ਹੈ। ਉਸ ਨੇ ਮਾਲੀ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਅਤ ਤੇ ਜਲਦੀ ਰਿਹਾਈ ਲਈ ਸਾਰੇ ਜ਼ਰੂਰੀ ਉਪਾਅ ਯਕੀਨੀ ਬਣਾਉਣ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਘਟਨਾ ਇੱਕ ਜੁਲਾਈ ਦੀ ਹੈ, ਜਦੋਂ ਹਥਿਆਰਬੰਦ ਹਮਲਾਵਰਾਂ ਨੇ ਫੈਕਟਰੀ ਦੇ ਅਹਾਤੇ ’ਤੇ ਹਮਲਾ ਕੀਤਾ ਅਤੇ ਤਿੰਨ ਭਾਰਤੀ ਨਾਗਰਿਕਾਂ ਨੂੰ ਜ਼ਬਰਦਸਤੀ ਬੰਦੀ ਬਣਾ ਲਿਆ। ਅਲ-ਕਾਇਦਾ ਨਾਲ ਸੰਬੰਧਤ ਜਮਾਤ ਨੁਸਰਤ ਅਲ-ਇਸਲਾਮ ਵਲ-ਮੁਸਲਮੀਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।




