ਮਾਸਟਰ ਅਵਤਾਰ ਸਿੰਘ ਮਾਛੀ ਬੁਗਰਾ ਵੱਲੋਂ ਪਾਰਟੀ ਕਾਂਗਰਸ ਲਈ 50 ਹਜ਼ਾਰ ਰੁਪਏ ਦਾ ਯੋਗਦਾਨ

0
137

ਫਿਰੋਜ਼ਪੁਰ : ਮਾਸਟਰ ਅਵਤਾਰ ਸਿੰਘ ਮਾਛੀ ਬੁਗਰਾ ਕਿਸੇ ਵਿਸ਼ੇਸ਼ ਜਾਣ-ਪਹਿਚਾਣ ਦੇ ਮੁਥਾਜ ਨਹੀਂ ਹਨ। ਅਧਿਆਪਕਾਂ ਦੀ ਸਾਂਝੀ ਜੱਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਦਾ ਉਹ ਦੌਰ ਜਦੋਂ ਲੀਡਰਸ਼ਿਪ ਦੀ ਚੋਣ ਸਮੁੱਚਾ ਅਧਿਆਪਕ ਵਰਗ ਵੋਟਾਂ ਨਾਲ ਕਰਦਾ ਸੀ ਤਾਂ ਮਾਸਟਰ ਜੀ ਲਗਾਤਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਚੁਣੇ ਜਾਂਦੇ ਰਹੇ ਹਨ। ਉਸ ਉਪਰੰਤ ਉਹ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਵੀ ਪ੍ਰਧਾਨ ਰਹੇ ਹਨ। ਇਸ ਹਰਮਨ ਪਿਆਰੇ ਅਧਿਆਪਕ ਤੇ ਕਮਿਊਨਿਸਟ ਆਗੂ ਨੇ ਬੀਤੇ ਦਿਨੀਂ ਜਦੋਂ ਇਹ ਖ਼ਬਰ ਪੜ੍ਹੀ ਕਿ ਇਸ ਵਾਰ ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਕੌਮੀ ਕਾਂਗਰਸ ਚੰਡੀਗੜ੍ਹ (ਪੰਜਾਬ) ਵਿਖੇ ਹੋ ਰਹੀ ਹੈ ਤਾਂ ਉਨ੍ਹਾਂ ਨੇ ਕਾਂਗਰਸ ਦੇ ਵੱਡੇ ਖਰਚੇ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਫਰਜ਼ ਸਮਝਦਿਆਂ ਬਿਨਾਂ ਕਿਸੇ ਵਿਸ਼ੇਸ਼ ਅਪੀਲ ਦੇ ਪੰਜਾਹ ਹਜ਼ਾਰ ਰੁਪਏ ਡਾਕਟਰ ਇੰਦਰਵੀਰ ਗਿੱਲ ਰਾਹੀਂ ਪਾਰਟੀ ਨੂੰ ਭੇਜ ਦਿੱਤੇ ਹਨ। ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਮਾਸਟਰ ਅਵਤਾਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਮਾਸਟਰ ਜੀ ਅਤੇ ਉਨ੍ਹਾਂ ਦਾ ਪਰਵਾਰ ਪਹਿਲਾਂ ਵੀ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ 28 ਸਤੰਬਰ, ਸ਼ਹੀਦ ਨਛੱਤਰ ਸਿੰਘ ਧਾਲੀਵਾਲ ਦੀ ਬਰਸੀ ਅਤੇ ਹੋਰ ਪਾਰਟੀ ਪ੍ਰੋਗਰਾਮਾਂ ਲਈ ਭਰਪੂਰ ਯੋਗਦਾਨ ਪਾਉਦੇ ਰਹਿੰਦੇ ਹਨ। ਕਾਮਰੇਡ ਭੋਲਾ ਨੇ ਹੋਰ ਪਾਰਟੀ ਮੈਂਬਰਾਂ ਤੇ ਹਮਦਰਦਾਂ ਨੂੰ ਵੀ ਪਾਰਟੀ ਕਾਂਗਰਸ ਦੇ ਵੱਡੇ ਅਤੇ ਮਹਾਨ ਕਾਰਜ ਲਈ ਤਨ-ਮਨ-ਧਨ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਪਹਿਲਾਂ ਵੀ ਪੰਜਾਬ ਵਿੱਚ ਤਿੰਨ ਕਾਂਗਰਸਾਂ ਅੰਮਿ੍ਰਤਸਰ 1958, ਬਠਿੰਡਾ 1978, ਚੰਡੀਗੜ੍ਹ 2005 ਨੂੰ ਹੋ ਚੁੱਕੀਆਂ ਹਨ। ਉਦੋਂ ਵੀ ਪੰਜਾਬੀ ਭਰਵਾਂ ਸਹਿਯੋਗ ਕਰਦੇ ਰਹੇ ਹਨ। ਉਨ੍ਹਾਂ ਕਾਂਗਰਸ ਵਿੱਚ ਪੰਜਾਬੀਆਂ ਵੱਲੋਂ ਕੀਤੀ ਜਾਂਦੀ ਰਹੀ ਪ੍ਰਾਹੁਣਚਾਰੀ ਦਾ ਜ਼ਿਕਰ ਅਤੇ ਸ਼ਲਾਘਾ ਸਮੇਂ-ਸਮੇਂ ਸ਼ਾਮਲ ਰਹੇ ਡੈਲੀਗੇਟ ਅਕਸਰ ਹੀ ਕਰਦੇ ਰਹਿੰਦੇ ਹਨ।
ਕਾਮਰੇਡ ਭੋਲਾ ਨੇ ਇਸ ਵਾਰ ਵੀ ਪੰਜਾਬੀਆਂ ਤੋਂ ਭਰਪੂਰ ਹੁੰਗਾਰੇ ਦੀ ਆਸ ਕਰਦਿਆਂ ਕਿਹਾ ਕਿ ਇਹ ਕਾਂਗਰਸ ਉਸ ਦੌਰ ਵਿੱਚ ਹੋ ਰਹੀ ਹੈ ਜਦੋਂ ਦੁਨੀਆ ਦੇ ਵੱਖ-ਵੱਖ ਖਿੱਤੇ ਜੰਗ ਵਿੱਚ ਉਲਝੇ ਹੋਏ ਹਨ ਅਤੇ ਵਿੱਤੀ ਸਰਮਾਇਆ ਭਾਰਤ ਅੰਦਰ ਆਪਣੀ ਜਕੜ ਹੋਰ ਮਜ਼ਬੂਤ ਕਰਨ ਲਈ ਸ਼ਰੇਆਮ ਫਾਸ਼ੀਵਾਦੀ (ਡੰਡਾਤੰਤਰ) ਢੰਗ ਦੀ ਵਰਤੋਂ ਕਰਨ ਤੁਰਿਆ ਹੋਇਆ ਹੈ।