ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿੱਚ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਵੀਰਵਾਰ ਕੇਂਦਰ ਤੇ ਸੂਬਾ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਇਨ੍ਹਾਂ ਖੁਦਕੁਸ਼ੀਆਂ ਬਾਰੇ ਚੁੱਪ ਹੈ ਤੇ ਬੇਰੁਖ਼ੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾ ਦਾਅਵਾ ਕੀਤਾ ਕਿ ਇਹ ਸਿਸਟਮ ਕਿਸਾਨਾਂ ਨੂੰ ਮਾਰ ਰਿਹਾ ਹੈ, ਪਰ ਪ੍ਰਧਾਨ ਮੰਤਰੀ ਆਪਣੇ ‘ਪੀ ਆਰ’ ਦਾ ਤਮਾਸ਼ਾ ਦੇਖ ਰਹੇ ਹਨ। ਰਾਹੁਲ ਗਾਂਧੀ ਨੇ ਐੱਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਸੋਚੋਸਿਰਫ ਤਿੰਨ ਮਹੀਨਿਆਂ ਵਿੱਚ ਮਹਾਰਾਸ਼ਟਰ ਵਿੱਚ 767 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਕੀ ਇਹ ਸਿਰਫ ਇੱਕ ਅੰਕੜਾ ਹੈ? ਨਹੀਂ। ਇਹ 767 ਤਬਾਹ ਹੋਏ ਘਰ ਹਨ। 767 ਪਰਵਾਰ, ਜੋ ਕਦੇ ਪੈਰਾਂ ਸਿਰ ਨਹੀਂ ਹੋ ਸਕਣਗੇ ਅਤੇ ਸਰਕਾਰ ਚੁੱਪ ਹੈ। ਬੇਰੁਖੀ ਨਾਲ ਦੇਖ ਰਹੀ ਹੈ।’’
ਰਾਹੁਲ ਨੇ ਦਾਅਵਾ ਕੀਤਾ, ‘ਕਿਸਾਨ ਨਿੱਤ ਕਰਜ਼ੇ ਵਿੱਚ ਡੁੱਬਦੇ ਜਾ ਰਹੇ ਹਨ- ਬੀਜ ਮਹਿੰਗੇ ਹਨ, ਖਾਦ ਮਹਿੰਗੀ ਹੈ, ਡੀਜ਼ਲ ਮਹਿੰਗਾ ਹੈ, ਪਰ ਐੱਮ ਐੱਸ ਪੀ ਦੀ ਕੋਈ ਗਰੰਟੀ ਨਹੀਂ। ਜਦੋਂ ਉਹ ਕਰਜ਼ਾ ਮੁਆਫੀ ਦੀ ਮੰਗ ਕਰਦੇ ਹਨ, ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।’ ਕਾਂਗਰਸ ਆਗੂ ਨੇ ਕਿਹਾ, ‘‘ਪਰ ਜਿਨ੍ਹਾਂ ਕੋਲ ਕਰੋੜਾਂ ਰੁਪਏ ਹਨ? ਮੋਦੀ ਸਰਕਾਰ ਉਨ੍ਹਾਂ ਦੇ ਕਰਜ਼ੇ ਆਸਾਨੀ ਨਾਲ ਮੁਆਫ ਕਰ ਦਿੰਦੀ ਹੈ। ਅੱਜ ਦੀਆਂ ਖਬਰਾਂ ’ਤੇ ਨਜ਼ਰ ਮਾਰੋਅਨਿਲ ਅੰਬਾਨੀ ਦੀ 48,000 ਕਰੋੜ ਰੁਪਏ ਦੀ ਐੱਸ ਬੀ ਆਈ ‘ਧੋਖਾਧੜੀ’।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾ ਕਿਹਾ, ‘‘ਮੋਦੀ ਜੀ ਨੇ ਕਿਹਾ ਸੀ ਕਿ ਉਹ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਣਗੇ, ਪਰ ਅੱਜ ਹਾਲਾਤ ਇਹ ਹਨ ਕਿ ਅਨਾਜ ਦੇਣ ਵਾਲੇ ਦੀ ਜ਼ਿੰਦਗੀ ਅੱਧੀ ਹੋ ਰਹੀ ਹੈ।’’ ਰਾਹੁਲ ਨੇ ਕਿਹਾ, ‘‘ਇਹ ਸਿਸਟਮ ਕਿਸਾਨਾਂ ਨੂੰ ਮਾਰ ਰਿਹਾ ਹੈ ਚੁੱਪਚਾਪ, ਪਰ ਲਗਾਤਾਰ ਅਤੇ ਮੋਦੀ ਜੀ ਆਪਣੇ ਪੀ ਆਰ ਦਾ ਤਮਾਸ਼ਾ ਦੇਖ ਰਹੇ ਹਨ।’’
ਉਧਰ, ਭਾਜਪਾ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਰਾਹੁਲ ਗਾਂਧੀ ’ਤੇ ਪਲਟਵਾਰ ਕਰਦਿਆਂ ‘ਐੱਕਸ’ ਉੱਤੇ ਇੱਕ ਚਾਰਟ ਸਾਂਝਾ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ-ਕਾਂਗਰਸ ਸਰਕਾਰ ਦੇ 15 ਸਾਲਾਂ ਦੇ ਕਾਰਜਕਾਲ ਦੌਰਾਨ ਮਹਾਰਾਸ਼ਟਰ ਵਿੱਚ 55,928 ਕਿਸਾਨਾਂ ਨੇ ਖੁਦਕੁਸ਼ੀ ਕੀਤੀ।





