ਨਵੀਂ ਦਿੱਲੀ : ਸੀ ਪੀ ਆਈ ਦੇ ਕੌਮੀ ਸਕੱਤਰੇਤ ਦੇ ਮੈਂਬਰ ਰਾਮ ਕਰੁਸ਼ਨਾ ਪਾਂਡਾ ਦੀ ਪ੍ਰਧਾਨਗੀ ਹੇਠ ਚੱਲ ਰਹੀ ਦੋ ਰੋਜ਼ਾ ਕੌਮੀ ਕੌਂਸਲ ਦੀ ਸਮਾਪਤੀ ਤੋਂ ਪਹਿਲਾਂ ਕੌਂਸਲ ਮੈਂਬਰਾਂ ਨੇ ਅਹਿਦ ਲਿਆ ਕਿ ਆਰ ਐੱਸ ਐੱਸ ਦੀ ਅਗਵਾਈ ਹੇਠ ਚੱਲ ਰਹੀ ਕੇਂਦਰੀ ਹਕੂਮਤ ਦੀ ਫਿਰਕੂ ਤੇ ਫਾਸ਼ੀਵਾਦੀ ਸੋਚ ਅਤੇ ਦੇਸ਼ ਦੀਆਂ ਜਾਇਦਾਦਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੀ ਨੀਤੀ ਵਿਰੁੱਧ ਸੀ ਪੀ ਆਈ ਦਾ ਸੰਘਰਸ਼ ਜਾਰੀ ਰਹੇਗਾ। ਇਸ ਸੰਘਰਸ਼ ਨਾਲ ਲੋਕਾਂ ਨੂੰ ਜਾਗਰੂਕ ਢੰਗ ਨਾਲ ਜੋੜਨ ਦੇ ਵਡੇਰੇ ਕੰਮ ਨੂੰ ਨੇਪਰੇ ਚਾੜ੍ਹਨ ਦੀ ਸੇਧ 21 ਤੋਂ 25 ਸਤੰਬਰ ਨੂੰ ਹੋ ਰਹੀ ਪਾਰਟੀ ਦੀ ਕੌਮੀ ਕਾਂਗਰਸ ਚੰਡੀਗੜ੍ਹ ਦੇਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ ਪੀ ਆਈ ਦੇ ਕੁਲ ਹਿੰਦ ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਕਿ ਇਸ ਵੇਲੇ ਕਮਿਊਨਿਸਟਾਂ ਅੱਗੇ ਸਭ ਤੋਂ ਵੱਡਾ ਮਸਲਾ ਹਿੰਦੁਸਤਾਨ ਨੂੰ ਫਿਰਕੂ ਤੇ ਫਾਸ਼ੀਵਾਦੀ ਸੋਚ ਤੋਂ ਬਚਾਉਣਾ ਹੈ। ਮੋਦੀ ਸਰਕਾਰ ਸਦੀਆਂ ਤੋਂ ਹਿੰਦ ਵਿੱਚ ਵਸਦੇ ਹਿੰਦੂ-ਮੁਸਲਿਮ ਭਾਈਚਾਰੇ ਵਿੱਚ ਵੰਡੀਆਂ ਪਾ ਰਹੀ ਹੈ। ਮਸੀਤਾਂ ਢਾਹ ਕੇ ਮੰਦਰ ਲੱਭੇ ਜਾ ਰਹੇ ਹਨ। ਵਕਫ ਬੋਰਡ ਮਸੀਤਾਂ ਦੀਆਂ ਜਾਇਦਾਦਾਂ ਦੀ ਸਾਂਭ-ਸੰਭਾਲ ਵਾਸਤੇ ਬਣਿਆ ਹੈ। ਪਿਛਲੇ ਦਿਨਾਂ ਵਿੱਚ ਵਕਫ ਬੋਰਡਾਂ ਨੂੰ ਖਤਮ ਕਰਕੇ ਵਕਫ ਦੀਆਂ ਜ਼ਮੀਨ, ਜਾਇਦਾਦਾਂ ’ਤੇ ਕਬਜ਼ਾ ਕਰਨ ਦੀ ਨੀਤੀ ਇਸ ਫਿਰਕੂ ਸਰਕਾਰ ਨੇ ਬਣਾਈ ਹੋਈ ਹੈ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਪੂਰੀ ਯੋਜਨਾਬੰਦੀ ਨਾਲ ਹਿੰਦੁਸਤਾਨ ਵਿੱਚ ਫਿਰਕੂ ਫਸਾਦ ਕਰਾ ਕੇ ਦੇਸ਼ ਵਿੱਚ ਅੱਤ ਦੀ ਪਨਪੀ ਹੋਈ ਗਰੀਬੀ, ਭੁੱਖਮਰੀ ਤੇ ਬੇਰੁਜ਼ਗਾਰੀ ’ਤੇ ਪਰਦਾ ਪਾ ਰਹੀ ਹੈ। ਡੀ. ਰਾਜਾ ਨੇ ਕਿਹਾ ਕਿ ਕਮਿਊਨਿਸਟਾਂ ਦਾ ਇਹ ਫਰਜ਼ ਹੈ ਕਿ ਕੇਂਦਰ ਦੀ ਫਿਰਕੂ ਸਰਕਾਰ ਦੀਆਂ ਅਜਿਹੀਆਂ ਕੁਚਾਲਾਂ ਨੂੰ ਸਮਝਦੇ ਹੋਏ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਦੀ ਥਾਂ ਦੇਸ਼ ਦੇ ਹਰੇਕ ਵਸਨੀਕ ਨੂੰ ਖੁਸ਼ਹਾਲ ਤੇ ਅਮੀਰ ਬਣਾਉਣ ਦੀ ਲੜਾਈ ਲੜਨ।
ਡੀ. ਰਾਜਾ ਨੇ ਕਿਹਾ ਕਿ ਵਿਆਪਕ ਆਧਾਰ ਵਾਲਾ ਇੰਡੀਆ ਗੱਠਜੋੜ ਕਈ ਸਮੱਸਿਆਵਾਂ ਦੇ ਬਾਵਜੂਦ ਦੇਸ਼ ਭਰ ਵਿੱਚ ਯਕੀਨਨ ਇੱਕ ਲੋਕਤੰਤਰਿਕ ਤਾਕਤ ਦੇ ਰੂਪ ਵਿੱਚ ਉੱਭਰਿਆ ਹੈ, ਜਿਸ ਨੇ ਆਰ ਐੱਸ ਐੱਸ-ਭਾਜਪਾ ਦੁਆਰਾ ਭਾਰਤ ਦੇ ਸੰਵਿਧਾਨ ਅਤੇ ਸੰਵਿਧਾਨ ਦੀਆਂ ਕੀਮਤੀ ਧਾਰਾਵਾਂ ਨੂੰ ਖਤਰੇ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਵਡੇਰਾ ਕੰਮ ਕੀਤਾ ਹੈ। ਸੀ ਪੀ ਆਈ ਨੇ ਹੋਰ ਖੱਬੇ-ਪੱਖੀ ਤਾਕਤਾਂ ਨੂੰ ਇੱਕਜੁੱਟ ਕਰਨ ਅਤੇ ਮਜ਼ਦੂਰਾਂ, ਕਿਸਾਨਾਂ, ਔਰਤਾਂ, ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀ ਦੀ ਵਸੋਂ ਦੀਆਂ ਮੰਗਾਂ ਨੂੰ ਸਪੱਸ਼ਟ ਕਰਨ ਵਿੱਚ ਇੱਕ ਸਿਧਾਂਤਕ ਅਤੇ ਜੁਝਾਰੂ ਭੂਮਿਕਾ ਨਿਭਾਈ ਹੈ। ਭਾਜਪਾ ਨੇ ਆਮ ਲੋਕਾਂ ਦੀ ਆਰਥਿਕਤਾ ਤਬਾਹ ਕਰਕੇ ਕਾਰਪੋਰੇਟਾਂ ਦੇ ਖਜ਼ਾਨੇ ਭਰਨ ਵਿਚ ਪੂਰੀ ਬੇਸਰਮੀ ਨਾਲ ਮਦਦ ਕੀਤੀ ਹੈ। ਹਿੰਦੁਸਤਾਨ ਵਿੱਚ ਵਸਦੇ ਮਨੁੱਖਾਂ ਦੀ ਆਰਥਿਕ ਅਸਮਾਨਤਾ ਥੱਲੜੇ ਪੱਧਰ ਤੱਕ ਪਹੁੰਚ ਚੁੱਕੀ ਹੈ। ਦੇਸ਼ ਦੇ ਸਭ ਤੋਂ ਅਮੀਰ 1 ਫੀਸਦੀ ਲੋਕਾਂ ਕੋਲ ਦੇਸ਼ ਦੀ 40 ਫੀਸਦੀ ਦੌਲਤ ਜਮ੍ਹਾਂ ਹੋ ਗਈ ਹੈ, ਦੂਜੇ ਪਾਸੇ ਮਜ਼ਦੂਰ ਵਰਗ, ਕਿਸਾਨ, ਨੌਜਵਾਨ ਅਤੇ ਅਣਅਧਿਕਾਰਤ ਖੇਤਰ ਦੇ ਕਰਮਚਾਰੀ ਬੇਰੁਜਗਾਰੀ, ਕੀਮਤਾਂ ਦੇ ਵਾਧੇ ਤੇ ਸੰਸਾਰ ਪੱਧਰ ’ਤੇ ਰੁਪਏ ਦੀ ਕੀਮਤ ਘਟਣ, ਪੱਕੀ ਤਨਖਾਹ ਅਤੇ ਲੋਕ-ਪੱਖੀ ਯੋਜਨਾਵਾਂ ਦੀ ਖਸਤਾ ਹਾਲਤ ਨਾਲ ਜੂਝ ਰਹੇ ਹਨ।
ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਇਜ਼ਰਾਈਲ ਗਾਜ਼ਾ ਵਿੱਚ ਵਸ ਰਹੀ ਫਲਸਤੀਨੀ ਵੱਸੋਂ ਦਾ ਕਤਲੇਆਮ ਫੌਰੀ ਤੌਰ ’ਤੇ ਬੰਦ ਕਰੇ। ਹੁਣ ਤੱਕ ਇਜ਼ਰਾਈਲ ਨੇ 70 ਹਜ਼ਾਰ ਤੋਂ ਵਧੇਰੇ ਫਲਸਤੀਨੀ ਬੱਚਿਆਂ, ਔਰਤਾਂ, ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਅਮਰੀਕਾ ਜੰਗਬੰਦੀ ਦੀ ਥਾਂ ਇਹ ਕਹਿ ਰਿਹਾ ਹੈ ਕਿ ਫਲਸਤੀਨ ਦੀ ਜ਼ਮੀਨ ’ਤੇ ਇੱਕ ਵੱਖਰੀ ਕਿਸਮ ਦੀ ਵਸੋਂ ਨੂੰ ਵਸਾ ਕੇ ਨਮੂਨੇ ਦਾ ਇਲਾਕਾ ਬਣਾਇਆ ਜਾਵੇਗਾ। ਸਿਆਸੀ ਰਿਪੋਰਟ ’ਤੇ ਬੋਲਦਿਆਂ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਸੀ ਪੀ ਆਈ ਦੀ ਕੌਮੀ ਕਾਂਗਰਸ ਚੰਡੀਗੜ੍ਹ ਕਮਿਊਨਿਸਟਾਂ ਲਈ ਰਾਹ-ਦਸੇਰਾ ਹੋਵੇਗੀ ਅਤੇ ਹਿੰਦੁਸਤਾਨ ਦੀ ਮੌਕੇ ਦੀ ਫਿਰਕੂ ਹਕੂਮਤ ਦੇ ਖਾਤਮੇ ਲਈ ਦੇਸ਼ ਭਰ ਦੀਆਂ ਕਮਿਊਨਿਸਟ ਤੇ ਅਗਾਂਹਵਧੂ ਧਿਰਾਂ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੀ ਏਕਤਾ ਲਈ ਕੰਮ ਕਰੇਗੀ। ਕੌਮੀ ਕੌਂਸਲ ਮੀਟਿੰਗ ਵਿੱਚ ਸੀ ਪੀ ਆਈ ਪੰਜਾਬ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸੀ ਪੀ ਆਈ ਦੇ ਕੌਮੀ ਕੰਟਰੋਲ ਕਮਿਸ਼ਨ ਦੇ ਮੈਂਬਰ ਹਰਦੇਵ ਸਿੰਘ ਅਰਸ਼ੀ, ਕੌਮੀ ਕੌਂਸਲ ਮੈਂਬਰ ਨਿਰਮਲ ਸਿੰਘ ਧਾਲੀਵਾਲ, ਜਗਰੂਪ ਅਤੇ ਅਮਰਜੀਤ ਸਿੰਘ ਆਸਲ ਵੀ ਹਾਜ਼ਰ ਸਨ।




