ਆਫਤ ਵੇਲੇ ਬੌਬੀ ਹੀ ਬਹੁੜਿਆ

0
151

ਸ਼ਿਮਲਾ : ਹਿਮਾਚਲ ’ਚ ਭਾਰੀ ਮੀਂਹ ਤੇ ਬੱਦਲ ਫਟਣ ਕਰਕੇ ਮਚੀ ਤਬਾਹੀ ਦੌਰਾਨ ਸਿਆਸੀ ਪਾਰਟੀਆਂ ਦੇ ਆਗੂ ਜਿੱਥੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਇਕ-ਦੂਜੇ ’ਤੇ ਇਲਜ਼ਾਮਤਰਾਸ਼ੀ ਕਰ ਰਹੇ ਹਨ, ਉਥੇ ਮੰਡੀ ਜ਼ਿਲ੍ਹੇ ਵਿੱਚ ਹੜ੍ਹ ਦੇ ਝੰਬੇ ਸਿਰਾਜ ’ਚ ਸਰਬਜੀਤ ਸਿੰਘ ਬੌਬੀ ਨੇ ਅੱਗੇ ਹੋ ਕੇ ਮਦਦ ਦਾ ਹੱਥ ਵਧਾਇਆ ਹੈ। ਬੌਬੀ, ਜਿਹੜਾ ਸ਼ਿਮਲਾ ਵਿੱਚ ਜੁੱਤੀਆਂ ਦੀ ਦੁਕਾਨ ਦਾ ਮਾਲਕ ਹੈ, ਨੇ ਬਿਨਾਂ ਕਿਸੇ ਪ੍ਰਚਾਰ ਦੇ ਰਾਹਤ ਸਮੱਗਰੀ ਨਾਲ ਭਰੇ ਦੋ ਟਰੱਕ ਭੇਜੇ। ਇਨ੍ਹਾਂ ਵਿੱਚ 5,000 ਕਿੱਲੋ ਚੌਲ, 1,800 ਕਿੱਲੋ ਦਾਲ, 1,500 ਕੰਬਲ, 600 ਸੌਣ ਵਾਲੀਆਂ ਚਟਾਈਆਂ ਅਤੇ 21,000 ਰੁਪਏ ਦੇ ਭਾਂਡੇ ਸ਼ਾਮਲ ਸਨ, ਜਿਸ ਨਾਲ ਕੁਦਰਤ ਦੀ ਮਾਰ ਝੱਲ ਰਹੇ ਪਰਵਾਰਾਂ ਨੂੰ ਲੋੜੀਂਦੀ ਮਦਦ ਮਿਲੀ।
ਨਿਰਸਵਾਰਥ ਸੇਵਾ ਲਈ ਮਕਬੂਲ ਬੌਬੀ ਪਿਛਲੇ ਇੱਕ ਦਹਾਕੇ ਤੋਂ ਲੋੜਵੰਦਾਂ ਦੀ ਮਦਦ ਕਰਦਾ ਆ ਰਿਹਾ ਹੈ, ਜਿਸ ਵਿੱਚ ਲਾਵਾਰਸ ਲਾਸ਼ਾਂ ਲਈ ਮੁਫਤ ਅੰਤਮ ਸੰਸਕਾਰ ਵੈਨ ਚਲਾਉਣ ਤੋਂ ਲੈ ਕੇ, ਖੂਨਦਾਨ ਕੈਂਪਾਂ ਦਾ ਆਯੋਜਨ ਅਤੇ ਯਤੀਮਖਾਨਿਆਂ ਤੇ ਬਿਰਧ ਆਸ਼ਰਮਾਂ ਦੀ ਮਦਦ ਆਦਿ ਸ਼ਾਮਲ ਹਨ। ਬੌਬੀ ਨੇ 2014 ਵਿੱਚ ਇੰਦਰਾ ਗਾਂਧੀ ਮੈਡੀਕਲ ਕਾਲਜ ਸ਼ਿਮਲਾ ਵਿੱਚ ਹਿਮਾਚਲ ਦੀ ਪਹਿਲੀ ਮੁਫਤ ਕੰਟੀਨ ਸ਼ੁਰੂ ਕੀਤੀ ਸੀ, ਜਿੱਥੇ ਗਰੀਬ ਮਰੀਜ਼ਾਂ ਅਤੇ ਉਨ੍ਹਾਂ ਦੇ ਤਿਮਾਰਦਾਰਾਂ ਨੂੰ ਰੋਜ਼ਾਨਾ ਚਾਹ, ਬਿਸਕੁਟ ਅਤੇ ਭੋਜਨ ਦਿੱਤਾ ਜਾਂਦਾ ਸੀ। ਬੌਬੀ ਨੇ ਕਿਹਾ, ‘ਮੈਂ ਸਿਰਫ ਇੱਕ ਆਮ ਆਦਮੀ ਹਾਂ, ਪਰ ਮੈਨੂੰ ਉਮੀਦ ਹੈ ਕਿ ਦੇਸ਼ ਭਰ ਵਿੱਚ ਮੇਰੇ ਵਰਗੇ ਬਹੁਤ ਸਾਰੇ ਹੋਣਗੇ।’
ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਮੰਗਲਵਾਰ ਅਗਲੇ 24 ਘੰਟਿਆਂ ਵਿੱਚ ਸੱਤ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਘੱਟ ਤੋਂ ਦਰਮਿਆਨੇ ਅਚਾਨਕ ਹੜ੍ਹਾਂ ਦੇ ਖਤਰੇ ਦੀ ਚੇਤਾਵਨੀ ਦਿੱਤੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਚੰਬਾ, ਕਾਂਗੜਾ, ਮੰਡੀ, ਕੁੱਲੂ, ਸ਼ਿਮਲਾ, ਸੋਲਨ ਅਤੇ ਸਿਰਮੌਰ ਸ਼ਾਮਲ ਹਨ। 225 ਸੜਕਾਂ, ਜਿਨ੍ਹਾਂ ਵਿੱਚੋਂ 153 ਸਭ ਤੋਂ ਵੱਧ ਪ੍ਰਭਾਵਤ ਮੰਡੀ ਜ਼ਿਲ੍ਹੇ ਵਿੱਚ ਹਨ, ਬੰਦ ਹਨ।
ਇਸ ਤੋਂ ਇਲਾਵਾ ਰਾਜ ਵਿੱਚ 163 ਟਰਾਂਸਫਾਰਮਰ ਅਤੇ 174 ਜਲ ਸਪਲਾਈ ਯੋਜਨਾਵਾਂ ਪ੍ਰਭਾਵਤ ਹੋਈਆਂ ਹਨ। 20 ਜੂਨ ਤੋਂ ਬਾਅਦ 80 ਮੌਤਾਂ ਦਰਜ ਕੀਤੀਆਂ ਗਈਆਂ ਹਨ। 80 ਵਿੱਚੋਂ 52 ਮੌਤਾਂ ਮੀਂਹ ਨਾਲ ਸੰਬੰਧਤ ਘਟਨਾਵਾਂ, ਜਿਵੇਂ ਕਿ ਬੱਦਲ ਫਟਣ, ਅਚਾਨਕ ਹੜ੍ਹ ਅਤੇ ਢਿੱਗਾਂ ਡਿੱਗਣ ਨਾਲ ਜੁੜੀਆਂ ਸਨ। ਬਾਕੀ 28 ਮੌਤਾਂ ਸੜਕ ਹਾਦਸਿਆਂ ਨਾਲ ਸਬੰਧਤ ਸਨ।