ਨਵੀਂ ਦਿੱਲੀ : ਬੈਂਕਿੰਗ, ਬੀਮਾ, ਡਾਕ ਸੇਵਾ ਤੋਂ ਲੈ ਕੇ ਕੋਲ ਮਾਈਨਿੰਗ ਤੱਕ ਦੇ 25 ਕਰੋੜ ਤੋਂ ਵੱਧ ਵਰਕਰ ਬੁੱਧਵਾਰ ਨੂੰ ਆਮ ਹੜਤਾਲ ਵਿੱਚ ਸ਼ਾਮਲ ਹੋਣਗੇ। 10 ਸਰਕਰਦਾ ਟਰੇਡ ਯੂਨੀਅਨਾਂ ਦੇ ਮੰਚ ਨੇ ਕੇਂਦਰ ਸਰਕਾਰ ਦੀਆਂ ਵਰਕਰ ਵਿਰੋਧੀ, ਕਿਸਾਨ ਵਿਰੋਧੀ ਅਤੇ ਕੌਮ ਵਿਰੋਧੀ ਕਾਰਪੋਰੇਟ-ਪੱਖੀ ਨੀਤੀਆਂ ਖਿਲਾਫ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੈ। ਟਰੇਡ ਯੂਨੀਅਨਾਂ ਨੇ ਰਸਮੀ ਤੇ ਗੈਰਰਸਮੀ ਖੇਤਰਾਂ ਵਿੱਚ ਹੜਤਾਲ ਲਈ ਮਹੀਨਿਆਂ-ਬੱਧੀ ਤਿਆਰੀ ਕੀਤੀ ਹੈ। ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਦੱਸਿਆ ਕਿ 25 ਕਰੋੜ ਤੋਂ ਵੱਧ ਵਰਕਰ ਹੜਤਾਲ ਕਰਨਗੇ ਅਤੇ ਕਿਸਾਨ ਤੇ ਪੇਂਡੂ ਮਜ਼ਦੂਰ ਵੀ ਦੇਸ਼ਵਿਆਪੀ ਪ੍ਰੋਟੈਸਟ ’ਚ ਸ਼ਾਮਲ ਹੋਣਗੇ।
ਹਿੰਦ ਮਜ਼ਦੂਰ ਸਭਾ ਦੇ ਹਰਭਜਨ ਸਿੰਘ ਸਿੱਧੂ ਨੇ ਦੱਸਿਆ ਕਿ ਹੜਤਾਲ ਦਾ ਅਹਿਮ ਜਨਤਕ ਅਦਾਰਿਆਂ ਤੇ ਸਨਅਤਾਂ ’ਤੇ ਵਿਆਪਕ ਅਸਰ ਹੋਵੇਗਾ। ਬੈਂਕਿੰਗ, ਡਾਕ, ਕੋਲ ਮਾਈਨਿੰਗ, ਫੈਕਟਰੀਆਂ ਤੇ ਸੂਬਾਈ ਟਰਾਂਸਪੋਰਟ ਸੇਵਾਵਾਂ ਬੰਦ ਰਹਿਣਗੀਆਂ।
ਟਰੇਡ ਯੂਨੀਅਨਾਂ ਨੇ ਪਿਛਲੇ ਸਾਲ ਕੇਂਦਰੀ ਲੇਬਰ ਮੰਤਰੀ ਮਨਸੁਖ ਮਾਂਡਵੀਆ ਨੂੰ 17 ਮੰਗਾਂ ਦਾ ਚਾਰਟਰ ਸੌਂਪਿਆ ਸੀ। ਯੂਨੀਅਨਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਸਰਕਾਰ ਨੇ ਇੱਕ ਦਹਾਕੇ ਤੋਂ ਸਾਲਾਨਾ ਲੇਬਰ ਕਾਨਫਰੰਸ ਵੀ ਨਹੀਂ ਸੱਦੀ। ਇਸ ਤੋਂ ਸਰਕਾਰ ਦੀ ਕਿਰਤੀਆਂ ਪ੍ਰਤੀ ਬੇਰੁਖੀ ਸਾਫ ਝਲਕਦੀ ਹੈ। ਯੂਨੀਅਨਾਂ ਨੇ ਕਿਹਾ ਕਿ ਚਾਰ ਨਵੇਂ ਲੇਬਰ ਕੋਡ ਵਰਕਰਾਂ ਦੀ ਹੱਕਾਂ ਨੂੰ ਖੋਰਾ ਲਾਉਣ ਵਾਲੇ ਹਨ। ਇਹ ਸਮੂਹਕ ਸੌਦੇਬਾਜ਼ੀ ਨੂੰ ਖਤਮ ਕਰਦੇ ਹਨ, ਯੂਨੀਅਨ ਸਰਗਰਮੀਆਂ ਨੂੰ ਕਮਜ਼ੋਰ ਕਰਦੇ ਹਨ, ਕੰਮ ਦੇ ਘੰਟੇ ਵਧਾਉਦੇ ਹਨ ਤੇ ਮਾਲਕਾਂ ਨੂੰ ਲੇਬਰ ਕਾਨੂੰਨਾਂ ਤਹਿਤ ਜਵਾਬਦੇਹੀ ਤੋਂ ਬਚਾਉਦੇ ਹਨ।
ਐਸੋਸੀਏਸ਼ਨ ਆਫ ਬੈਂਕ ਇੰਪਲਾਈਜ਼ ਨੇ ਕਿਹਾ ਕਿ ਉਹ ਭਾਰਤ ਬੰਦ ਵਿੱਚ ਹਿੱਸਾ ਲਵੇਗੀ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨਾਲ ਜੁੜੀ ਬੰਗਾਲ ਪ੍ਰੋਵਿਨਸ਼ੀਅਲ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਕਿਹਾ ਕਿ ਬੀਮਾ ਖੇਤਰ ਦੇ ਵਰਕਰ ਵੀ ਹੜਤਾਲ ’ਤੇ ਰਹਿਣਗੇ। ਦੇਸ਼ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਤ ਹੋਵੇਗੀ, ਕਿਉਕਿ 27 ਲੱਖ ਪਾਵਰ ਵਰਕਰ ਹੜਤਾਲ ’ਤੇ ਰਹਿਣਗੇ।
ਬੰਤ ਬਰਾੜ ਅੰਮਿ੍ਰਤਸਰ ’ਚ
ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)- ਦੇਸ਼-ਵਿਆਪੀ ਹੜਤਾਲ ਦੇ ਸੰਬੰਧ ਵਿੱਚ ਅੰਮਿ੍ਰਤਸਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਵੱਖ-ਵੱਖ ਅਦਾਰਿਆਂ ਵਿੱਚ ਹੜਤਾਲ ਕਰਨ ਉਪਰੰਤ ਬੱਸ ਅੱਡਾ ਅੰਮਿ੍ਰਤਸਰ ਵਿਖੇ 11 ਵਜੇ ਵਿਸ਼ਾਲ ਰੈਲੀ ਕੀਤੀ ਜਾਵੇਗੀ।ਇਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਸੀਨੀਅਰ ਆਗੂ ਹੜਤਾਲ ਦੇ ਮੁੱਦਿਆਂ ਉਪਰ ਚਰਚਾ ਕਰਨਗੇ।ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਇਸ ਰੈਲੀ ਵਿੱਚ ਪੁੱਜ ਰਹੇ ਹਨ। ਇਹ ਜਾਣਕਾਰੀ ਅਮਰਜੀਤ ਸਿੰਘ ਆਸਲ ਨੇ ਦਿੱਤੀ।




