ਜਲੰਧਰ (ਸ਼ੈਲੀ ਐਲਬਰਟ)
ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ (ਸੀ ਆਈ) ਜਲੰਧਰ ਦੀ ਟੀਮ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਆਪਰੇਟਿਵ ਨੂੰ ਦੋ ਪਿਸਤੌਲਾਂ ਸਮੇਤ ਗਿ੍ਰਫਤਾਰ ਕਰਕੇ ਗਰੋਹ ਵੱਲੋਂ ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਮਿੱਥ ਕੇ ਹੱਤਿਆ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਫਗਵਾੜਾ ਵਿੱਚ ਰਹਿਣ ਵਾਲੇ ਹਿਮਾਂਸ਼ੂ ਸੂਦ ਦੇ ਕਬਜ਼ੇ ’ਚੋਂ ਇੱਕ .30 ਬੋਰ ਦਾ ਚੀਨੀ ਪੀ ਐੱਕਸ 3 ਪਿਸਤੌਲ, ਇੱਕ .32 ਬੋਰ ਦਾ ਪਿਸਤੌਲ ਅਤੇ ਦੋ ਮੈਗਜ਼ੀਨਾਂ ਸਮੇਤ ਸੱਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਿਮਾਂਸ਼ੂ ਦੁਬਈ ਸਥਿਤ ਹੈਂਡਲਰ ਨਮਿਤ ਸ਼ਰਮਾ ਦੇ ਨਿਰਦੇਸ਼ਾਂ ਹੇਠ ਇੱਕ ਅੰਤਰਰਾਜੀ ਗੈਂਗ ਚਲਾ ਰਿਹਾ ਸੀ। ਨਮਿਤ ਸ਼ਰਮਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ।ਉਨ੍ਹਾ ਕਿਹਾ ਕਿ ਜੂਨ 2025 ਵਿੱਚ ਮੁਲਜ਼ਮ ਹਿਮਾਂਸ਼ੂ ਸੂਦ ਨੇ ਹੋਰ ਗੈਂਗ ਮੈਂਬਰਾਂ ਨਾਲ ਮਿਲ ਕੇ ਆਪਣੇ ਹੈਂਡਲਰ ਨਮਿਤ ਸ਼ਰਮਾ ਦੇ ਨਿਰਦੇਸ਼ਾਂ ’ਤੇ ਹਰਿਦੁਆਰ ਵਿੱਚ ਇੱਕ ਹੋਟਲ ਮਾਲਕ ਅਰੁਣ ’ਤੇ ਗੋਲੀਆਂ ਚਲਾਈਆਂ ਸਨ।
ਡੀ ਜੀ ਪੀ ਨੇ ਕਿਹਾ ਕਿ ਹਿਮਾਂਸ਼ੂ ਨੂੰ ਉਸ ਦੇ ਹੈਂਡਲਰ ਨੇ ਕ੍ਰਮਵਾਰ ਮੱਧ ਪ੍ਰਦੇਸ਼, ਲੁਧਿਆਣਾ ਅਤੇ ਕਪੂਰਥਲਾ ਸਮੇਤ ਤਿੰਨ ਟਾਰਗੇਟਸ ਨੂੰ ਖਤਮ ਕਰਨ ਦਾ ਕੰਮ ਸੌਂਪਿਆ ਸੀ।
ਏ ਆਈ ਜੀ ਸੀ ਆਈ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਹਿਮਾਂਸ਼ੂ ਸੂਦ ਨੂੰ ਦਕੋਹਾ ਰੇਲਵੇ ਕਰਾਸਿੰਗ, ਜਲੰਧਰ ਦੇ ਨੇੜੇ ਹਥਿਆਰਾਂ ਸਮੇਤ ਉਦੋਂ ਗਿ੍ਰਫਤਾਰ ਕੀਤਾ, ਜਦੋਂ ਉਕਤ ਆਪਣੇ ਸਾਥੀ ਦੀ ਉਡੀਕ ਕਰ ਰਿਹਾ ਸੀ।





