ਚੇਤਨਪੁਰਾ (ਸੁਖਵੰਤ ਚੇਤਨਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੀ ਨੈਸ਼ਨਲ ਕਾਂਗਰਸ, ਜੋ 21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋਣੀ ਹੈ, ਲਈ ਉੱਘੇ ਦੇਸ਼ ਭਗਤ, ਪ੍ਰਸਿੱਧ ਅਜ਼ਾਦੀ ਘੁਲਾਟੀਏ, ਪੰਜਾਬੀ ਪੱਤਰਕਾਰੀ ਦੇ ਪਿਤਾਮਾ ਅਤੇ ਕਮਿਊਨਿਸਟ ਪਾਰਟੀ ਦੇ ਬਾਨੀ ਕਾਮਰੇਡ ਸੋਹਨ ਸਿੰਘ ਜੋਸ਼ ਦੇ ਪੋਤਰੇ ਡਾਕਟਰ ਪਰਮਜੀਤ ਸਿੰਘ ਵੱਲੋਂ ਅੰਮਿ੍ਰਤਸਰ ਜ਼ਿਲ੍ਹਾ ਕਮਿਊਨਿਸਟ ਪਾਰਟੀ ਦੇ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰਾ ਅਤੇ ਪਾਰਟੀ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਅਮਰਜੀਤ ਸਿੰਘ ਆਸਲ ਨੂੰ 25000 ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਡਾ. ਪਰਮਜੀਤ ਸਿੰਘ ਕਾਮਰੇਡ ਸੋਹਨ ਸਿੰਘ ਜੋਸ਼ ਦੇ ਛੋਟੇ ਬੇਟੇ ਦਵਿੰਦਰ ਸਿੰਘ ਦੇ ਸਪੁੱਤਰ ਹਨ, ਜੋ ਸਿਹਤ ਅਤੇ ਪਰਵਾਰ ਭਲਾਈ ਮਹਿਕਮੇ ਵਿੱਚ ਡਾਕਟਰੀ ਸੇਵਾਵਾਂ ਨਿਭਾ ਚੁੱਕੇ ਹਨ।
ਵਰਨਣਯੋਗ ਹੈ ਕਿ ਕਾਮਰੇਡ ਜੋਸ਼ ਉਹਨਾਂ ਕਮਿਊਨਿਸਟ ਆਗੂਆਂ ਵਿੱਚੋਂ ਇੱਕ ਸਨ, ਜਿਹਨਾਂ ਉਪਰ ਮੇਰਠ ਸਾਜ਼ਿਸ਼ ਕੇਸ ਚੱਲਿਆ ਅਤੇ ਲੰਮੀਆਂ ਸਜ਼ਾਵਾਂ ਭੁਗਤੀਆਂ। ਬਾਅਦ ਵਿੱਚ ਉਹ ਰਾਜਾਸਾਂਸੀ ਹਲਕੇ ਤੋਂ ਰਾਜਾਸਾਂਸੀ ਦੇ ਸਰਦਾਰ ਰਘਬੀਰ ਸਿੰਘ ਸੰਧਾਵਾਲੀਆ, ਜਿਨ੍ਹਾ ਨੂੰ ਅੰਗਰੇਜ਼ਾਂ ਦੀ ਹਮਾਇਤ ਪ੍ਰਾਪਤ ਸੀ, ਨੂੰ ਹਰਾ ਕੇ ਪੰਜਾਬ ਅਸੰਬਲੀ ਵਿੱਚ ਪਹੁੰਚੇ। ਉਸ ਸਮੇਂ ਉਹ ਇੱਕੋ-ਇੱਕ ਕਮਿਊਨਿਸਟ ਆਗੂ ਸਨ, ਜਿਹਨਾ ਕਮਿਊਨਿਸਟ ਪਾਰਟੀ ਦੀ ਟਿਕਟ ’ਤੇ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ।





