ਹਾਦਸਾ ਕੰਪਨੀ ਦੀ ਥਾਂ ਪਾਇਲਟਾਂ ਸਿਰ ਮੜ੍ਹਨ ਦੀ ਕੋਸ਼ਿਸ਼

0
96

ਨਵੀਂ ਦਿੱਲੀ : ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਹਾਦਸਗ੍ਰਸਤ ਹੋਏ ਜਹਾਜ਼ ਦੇ ਮਾਮਲੇ ਦੀ ਜਾਂਚ ਦੀ ਸ਼ੁਰੂਆਤੀ ਰਿਪੋਰਟ ਨੂੰ ਲੈ ਕੇ ਆਪੋਜ਼ੀਸ਼ਨ ਨੇ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਤਿ੍ਰਣਮੂਲ ਕਾਂਗਰਸ ਦੇ ਸਾਂਸਦ ਸਾਕੇਤ ਗੋਖਲੇ ਨੇ ਜਾਂਚ ਰਿਪੋਰਟ ਜਾਰੀ ਹੋਣ ਦੀ ਟਾਈਮਿੰਗ ਨੂੰ ਲੈ ਕੇ ਕਿਹਾ ਹੈ ਕਿ ਜਿਵੇਂ ਕਿ ਮੋਦੀ ਸਰਕਾਰ ਕਰਦੀ ਹੈ, ਉਸੇ ਤਰ੍ਹਾਂ ਰਿਪੋਰਟ ਰਾਤ ਦੋ ਵਜੇ ਹਨੇਰੇ ਤੇ ਸੰਨਾਟੇ ਦਰਮਿਆਨ ਜਾਰੀ ਕੀਤੀ ਗਈ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ ਏ ਆਈ ਬੀ) ਤੇ ਸਰਕਾਰ ਨੇ ਇੱਕ ਮਹੀਨਾ ਕੁਝ ਨਹੀਂ ਦੱਸਿਆ। ਅਮਰੀਕਾ, ਯੂ ਕੇ ਤੇ ਯੂਰਪੀ ਯੂਨੀਅਨ ਦੇ ਉਲਟ ਭਾਰਤ ਦਾ ਏਅਰ ਐਕਸੀਡੈਂਟ ਬਿਊਰੋ ਆਜ਼ਾਦ ਨਹੀਂ ਤੇ ਪੂਰੀ ਤਰ੍ਹਾਂ ਸਰਕਾਰ ਦੇ ਕੰਟਰੋਲ ਵਿੱਚ ਹੈ। ਕੁਦਰਤੀ ਹੈ ਕਿ ਇਹ ਸਰਕਾਰ ਦੀ ਨਾਕਾਮੀ ਵੱਲ ਧਿਆਨ ਨਹੀਂ ਦਿਵਾਏਗਾ, ਸਰਕਾਰ ਦੀ ਨਾਅਹਿਲੀ ’ਤੇ ਪਰਦਾ ਹੀ ਪਾਏਗਾ। ਰਾਜਦ ਦੇ ਸਾਂਸਦ ਮਨੋਜ ਝਾਅ ਨੇ ਕਿਹਾ ਕਿ ਮਾਮਲੇ ਵਿੱਚ ਬਹੁਤ ਵੱਡੀ ਜਹਾਜ਼ ਕੰਪਨੀ (ਬੋਇੰਗ) ਸ਼ਾਮਲ ਹੈ। ਅਸਲ ਵਿੱਚ ਬਹੁਤ ਵੱਡੀ ਰਕਮ ਸ਼ਾਮਲ ਹੈ। ਕੀ ਕੋਈ ਤਕਨੀਕੀ ਨੁਕਸ ਪਿਆ ਕਿ ਤੇਲ ਸਪਲਾਈ ਕਰਨ ਵਾਲਾ ਸਵਿੱਚ ਆਪ ਹੀ ਬੰਦ ਹੋ ਗਿਆ? ਕੌਣ ਪੁੱਛੇਗਾ? ਜਾਨਾਂ ਤਾਂ ਚਲੇ ਗਈਆਂ, ਸਰਕਾਰਾਂ ਧਨ-ਕੁਬੇਰਾਂ ਦੇ ਕੰਟਰੋਲ ਵਿੱਚ ਹਨ।
ਮੁਢਲੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੇ ਦੋਵੇਂ ਇੰਜਣਾਂ ਨੂੰ ਤੇਲ ਸਪਲਾਈ ਕਰਨ ਵਾਲੇ ਦੋਵੇਂ ਸਵਿੱਚ ਬੰਦ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਪਾਇਲਟ ਉਲਝਣ ਵਿੱਚ ਪੈ ਗਏ ਅਤੇ ਹਾਦਸਾ ਵਾਪਰ ਗਿਆ। ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਉਸ ਨੇ ਤੇਲ ਸਵਿੱਚ ਕਿਉਂ ਬੰਦ ਕੀਤਾ, ਤਾਂ ਦੂਜੇ ਨੇ ਜਵਾਬ ਦਿੱਤਾ ਕਿ ਉਸ ਨੇ ਅਜਿਹਾ ਨਹੀਂ ਕੀਤਾ।
12 ਜੂਨ ਨੂੰ ਹੋਏ ਇਸ ਹਾਦਸੇ ਵਿੱਚ 260 ਲੋਕ ਮਾਰੇ ਗਏ ਸਨ ਅਤੇ ਜਹਾਜ਼ ਵਿਚ ਸਵਾਰ ਸਿਰਫ ਇੱਕ ਵਿਅਕਤੀ ਹੀ ਬਚ ਸਕਿਆ ਸੀ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ ਏ ਆਈ ਬੀ) ਵੱਲੋਂ ਸਨਿੱਚਰਵਾਰ ਜਾਰੀ ਕੀਤੀ ਗਈ ਸ਼ੁਰੂਆਤੀ ਰਿਪੋਰਟ ਵਿੱਚ ਬੋਇੰਗ 787-8 ਜਹਾਜ਼ਾਂ ਦੇ ਸੰਚਾਲਕਾਂ ਲਈ ਫਿਲਹਾਲ ਕੋਈ ਕਾਰਵਾਈ ਦੀ ਸਿਫਾਰਸ਼ ਨਹੀਂ ਕੀਤੀ ਗਈ। ਜਿਸ ਸਮੇਂ ਜਹਾਜ਼ ਨੇ ਉਡਾਣ ਭਰੀ ਤਾਂ ਕੋ-ਪਾਇਲਟ ਜਹਾਜ਼ ਉਡਾ ਰਿਹਾ ਸੀ, ਜਦੋਂ ਕਿ ਕੈਪਟਨ ਨਿਗਰਾਨੀ ਕਰ ਰਿਹਾ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ, ‘ਜਹਾਜ਼ ਨੇ ਲਗਭਗ 08:08:42 ਵਜੇ ਯੂ ਟੀ ਸੀ ’ਤੇ 180 ਨੌਟਸ ਆਈ ਏ ਐੱਸ ਦੀ ਵੱਧ ਤੋਂ ਵੱਧ ਰਿਕਾਰਡ ਕੀਤੀ ਏਅਰ ਸਪੀਡ ਪ੍ਰਾਪਤ ਕੀਤੀ ਅਤੇ ਇਸ ਤੋਂ ਤੁਰੰਤ ਬਾਅਦ ਇੰਜਣ-1 ਅਤੇ ਇੰਜਣ-2 ਦੇ ਫਿਊਲ ਕੱਟ ਆਫ ਸਵਿੱਚ 01 ਸਕਿੰਟ ਦੇ ਸਮੇਂ ਦੇ ਅੰਤਰ ਨਾਲ ਇੱਕ ਤੋਂ ਬਾਅਦ ਇੱਕ ਰਨ ਤੋਂ ਕੱਟ ਆਫ ਸਥਿਤੀ ਵਿੱਚ ਤਬਦੀਲ ਹੋ ਗਏ (ਭਾਵ ਬੰਦ ਹੋ ਗਏ)।’
ਰਿਪੋਰਟ ਅਨੁਸਾਰ ਜਿਵੇਂ ਹੀ ਇੰਜਣਾਂ ਨੂੰ ਈਂਧਣ ਦੀ ਸਪਲਾਈ ਬੰਦ ਕਰ ਦਿੱਤੀ ਗਈ ਤਾਂ ਇੰਜਣ ਐੱਨ 1 ਅਤੇ ਐੱਨ 2 ਆਪਣੇ ਟੇਕ ਆਫ ਤੋਂ ਥੱਲੇ ਆਉਣੇ ਸ਼ੁਰੂ ਹੋ ਗਏ। ਇਸ ਵਿੱਚ ਕਿਹਾ ਗਿਆ ਹੈ, ‘ਕਾਕਪਿਟ ਵਾਇਸ ਰਿਕਾਰਡਿੰਗ ਵਿੱਚ ਇੱਕ ਪਾਇਲਟ ਨੂੰ ਦੂਜੇ ਨੂੰ ਇਹ ਪੁੱਛਦੇ ਸੁਣਿਆ ਗਿਆ ਕਿ ਉਸ ਨੇ ਕੱਟ ਆਫ ਕਿਉਂ ਕੀਤਾ। ਦੂਜੇ ਪਾਇਲਟ ਨੇ ਜਵਾਬ ਦਿੱਤਾ ਕਿ ਉਸ ਨੇ ਅਜਿਹਾ ਨਹੀਂ ਕੀਤਾ।’
ਜਹਾਜ਼ ਨੇ 08:08:39 ਯੂ ਟੀ ਸੀ (13:38:39 ਆਈ ਐੱਸ ਟੀ) ’ਤੇ ਟੇਕ ਆਫ ਕੀਤਾ ਅਤੇ ਲਗਭਗ 08:09:05 ਯੂ ਟੀ ਸੀ (13:39:05 ਆਈ ਐੱਸ ਟੀ) ’ਤੇ ਇੱਕ ਪਾਇਲਟ ਨੇ ‘ਮੇਅਡੇ ਮੇਅਡੇ ਮੇਅਡੇ’ ਪ੍ਰਸਾਰਤ ਕੀਤਾ। ਰਿਪੋਰਟ ਵਿੱਚ ਕਿਹਾ ਗਿਆ ਹੈ, ‘ਏ ਟੀ ਸੀ ਓ (ਏਅਰ ਟਰੈਫਿਕ ਕੰਟਰੋਲਰ) ਨੇ ਕਾਲ ਸਾਈਨ ਬਾਰੇ ਪੁੱਛਗਿੱਛ ਕੀਤੀ। ਏ ਟੀ ਸੀ ਓ ਨੂੰ ਕੋਈ ਜਵਾਬ ਨਹੀਂ ਮਿਲਿਆ, ਪਰ ਉਸ ਨੇ ਜਹਾਜ਼ ਨੂੰ ਹਵਾਈ ਅੱਡੇ ਦੀ ਹੱਦ ਤੋਂ ਬਾਹਰ ਕਰੈਸ਼ ਹੁੰਦੇ ਦੇਖਿਆ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੂੰ ਸਰਗਰਮ ਕੀਤਾ।’
ਰਿਪੋਰਟ ਵਿੱਚ ਏ ਏ ਆਈ ਬੀ ਨੇ ਇਹ ਵੀ ਕਿਹਾ ਕਿ ਜਹਾਜ਼ ਨੂੰ ਰੀਫਿਊਲ ਕਰਨ ਲਈ ਵਰਤੇ ਗਏ ਬੋਅਸਰਾਂ ਅਤੇ ਟੈਂਕਾਂ ਤੋਂ ਲਏ ਗਏ ਈਂਧਣ ਦੇ ਨਮੂਨੇ ਡੀ ਜੀ ਸੀ ਏ (ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ) ਲੈਬ ਵਿੱਚ ਟੈਸਟ ਕੀਤੇ ਗਏ ਸਨ ਅਤੇ ਤਸੱਲੀਬਖਸ਼ ਪਾਏ ਗਏ ਸਨ।
ਏ ਏ ਆਈ ਬੀ ਨੇ ਕਿਹਾ ਕਿ ਮਲਬੇ ਵਾਲੀ ਥਾਂ ’ਤੇ ਗਤੀਵਿਧੀਆਂ, ਜਿਸ ਵਿੱਚ ਡਰੋਨ ਫੋਟੋਗ੍ਰਾਫੀ/ ਵੀਡੀਓਗ੍ਰਾਫੀ ਸ਼ਾਮਲ ਹੈ, ਪੂਰੀਆਂ ਹੋ ਚੁੱਕੀਆਂ ਹਨ ਅਤੇ ਮਲਬਾ ਹਵਾਈ ਅੱਡੇ ਦੇ ਨੇੜੇ ਇੱਕ ਸੁਰੱਖਿਅਤ ਖੇਤਰ ਵਿੱਚ ਲਿਜਾਇਆ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ, ‘ਦੋਵੇਂ ਇੰਜਣ ਮਲਬੇ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਸਨ ਅਤੇ ਹਵਾਈ ਅੱਡੇ ਦੇ ਇੱਕ ਹੈਂਗਰ ਵਿੱਚ ਕੁਆਰੰਟੀਨ ਕੀਤੇ ਗਏ ਸਨ। ਅੱਗੇ ਦੀ ਜਾਂਚ ਲਈ ਮੁੱਖ ਹਿੱਸਿਆਂ ਦੀ ਪਛਾਣ ਕੀਤੀ ਗਈ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ, ‘ਜਾਂਚ ਦੇ ਇਸ ਪੜਾਅ ’ਤੇ, ਬੀ 787-8 ਅਤੇ/ਜਾਂ ਜੀ ਈ ਜੀ ਐੱਨ ਐੱਕਸ-1ਬੀ ਇੰਜਣ ਸੰਚਾਲਕਾਂ ਅਤੇ ਨਿਰਮਾਤਾਵਾਂ ਲਈ ਕੋਈ ਸਿਫਾਰਸ਼ੀ ਕਾਰਵਾਈਆਂ ਨਹੀਂ ਹਨ।’ ਕਰੈਸ਼ ਹੋਇਆ ਜਹਾਜ਼ ਜੀ ਐੱਨ ਐੱਕਸ-1ਬੀ ਇੰਜਣਾਂ ਨਾਲ ਸੰਚਾਲਤ ਸੀ। ਗਵਾਹਾਂ ਅਤੇ ਬਚੇ ਹੋਏ ਯਾਤਰੀ ਦੇ ਬਿਆਨ ਜਾਂਚਕਰਤਾਵਾਂ ਦੁਆਰਾ ਪ੍ਰਾਪਤ ਕੀਤੇ ਗਏ ਹਨ।
ਜਾਂਚ ਵਿੱਚ ਜਹਾਜ਼ ਦੇ ਤੇਲ ਕੰਟਰੋਲ ਸਵਿੱਚ ਵਿੱਚ ਕਿਸੇ ਵੀ ਨੁਕਸ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ, ਰਿਪੋਰਟ ਇਹ ਵੀ ਖੁਲਾਸਾ ਕਰਦੀ ਹੈ ਕਿ ਸੱਤ ਸਾਲ ਪਹਿਲਾਂ ਫੈਡਰਲ ਐਵੀਏਸ਼ਨ ਐਡਮਨਿਸਟਰੇਸ਼ਨ (ਐੱਫ ਏ ਏ) ਨੇ ਈਂਧਣ ਕੰਟਰੋਲ ਸਵਿੱਚ ਦੀ ਸੰਭਾਵਤ ਡਿਸਐਂਗੇਜਮੈਂਟ ਸਮੱਸਿਆ ਬਾਰੇ ਚੇਤਾਵਨੀ ਦਿੱਤੀ ਸੀ। ਰਿਪੋਰਟ ਦੇ ਇੱਕ ਅੰਸ਼ ਵਿੱਚ ਕਿਹਾ ਗਿਆ ਹੈ, ‘ਐੱਫ ਏ ਏ ਨੇ 17 ਦਸੰਬਰ, 2018 ਨੂੰ ਈਂਧਣ ਕੰਟਰੋਲ ਸਵਿੱਚ ਲਾਕਿੰਗ ਵਿਸ਼ੇਸ਼ਤਾ ਦੀ ਸੰਭਾਵਤ ਡਿਸਐਂਗੇਜਮੈਂਟ ਦੇ ਸੰਬੰਧ ਵਿੱਚ ਸਪੈਸ਼ਲ ਬੁਲੇਟਿਨ ਨੰ. ਐੱਨ ਐੱਮ-18-33 ਜਾਰੀ ਕੀਤਾ ਸੀ।’
ਰੱਖ-ਰਖਾਅ ਡਿਟੇਲਜ਼ ਦੀ ਸਮੀਖਿਆ ਤੋਂ ਪਤਾ ਚੱਲਿਆ ਕਿ ਥਰਾਟਲ ਕੰਟਰੋਲ ਮਡਿਊਲ ਨੂੰ 2019 ਅਤੇ 2023 ਵਿੱਚ ਬਦਲਿਆ ਗਿਆ ਸੀ। 2023 ਤੋਂ ਬਾਅਦ ਕੋਈ ਨੁਕਸ ਰਿਪੋਰਟ ਨਹੀਂ ਕੀਤਾ ਗਿਆ ਹੈ। ਅਥਾਰਟੀ ਹਾਦਸੇ ਦੇ ਪਿੱਛੇ ਦੇ ਹੋਰ ਸੰਭਾਵਤ ਕਾਰਨਾਂ ਦੀ ਜਾਂਚ ਕਰ ਰਹੀ ਹੈ, ਪਰ ਈਂਧਣ ਕੰਟਰੋਲ ਸਵਿੱਚ ਨੂੰ ਅਧਿਕਾਰਤ ਤੌਰ ’ਤੇ ਨੁਕਸ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਜਹਾਜ਼ ਵਿੱਚ 230 ਯਾਤਰੀ ਸਵਾਰ ਸਨ15 ਬਿਜ਼ਨਸ ਕਲਾਸ ਵਿੱਚ ਸਨ ਅਤੇ 215, ਜਿਨ੍ਹਾਂ ਵਿੱਚ ਦੋ ਨਵਜੰਮੇ ਬੱਚੇ ਵੀ ਸ਼ਾਮਲ ਸਨ, ਇਕਾਨਮੀ ਕਲਾਸ ਵਿੱਚ ਸਨ। ਪਾਇਲਟ ਇਨ ਕਮਾਂਡ (ਪੀ ਆਈ ਸੀ) ਕੋਲ 15,638 ਘੰਟਿਆਂ ਤੋਂ ਵੱਧ ਦਾ ਉਡਾਣ ਦਾ ਤਜਰਬਾ ਸੀ, ਜਦੋਂ ਕਿ ਪਹਿਲੇ ਅਧਿਕਾਰੀ ਕੋਲ 3,403 ਘੰਟਿਆਂ ਤੋਂ ਵੱਧ ਦਾ ਉਡਾਣ ਦਾ ਤਜਰਬਾ ਸੀ।
ਏਅਰ ਇੰਡੀਆ ਸ਼ਨੀਵਾਰ ਕਿਹਾ ਕਿ ਉਹ ਰੈਗੂਲੇਟਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਨੇੜਿਓਂ ਮਿਲ ਕੇ ਕੰਮ ਕਰ ਰਹੀ ਹੈ ਅਤੇ ਜਹਾਜ਼ ਹਾਦਸੇ ਦੀ ਚੱਲ ਰਹੀ ਜਾਂਚ ਵਿੱਚ ਅਧਿਕਾਰੀਆਂ ਨਾਲ ਸਹਿਯੋਗ ਦੇਣਾ ਜਾਰੀ ਰੱਖੇਗੀ।
ਰਿਪੋਰਟ ਜਾਰੀ ਹੋਣ ਦੇ ਤੁਰੰਤ ਬਾਅਦ ਬੀ ਬੀ ਸੀ ਨੇ ਇਹ ਖਬਰ ਧੁਮਾ ਦਿੱਤੀ ਕਿ ਹਾਦਸਾ ਪਾਇਲਟਾਂ ਵੱਲੋਂ ਤੇਲ ਬੰਦ ਕਰਨ ਕਰਕੇ ਹੋਇਆ ਤੇ ਜਹਾਜ਼ ਵਿੱਚ ਕੋਈ ਨੁਕਸ ਨਹੀਂ ਸੀ। ਉੱਘੇ ਪੱਤਰਕਾਰ ਵੀਰ ਸੰਘਵੀ ਨੇ ਕਿਹਾ ਕਿ ਬੀ ਬੀ ਸੀ ਨੇ ਜਿਸ ਤਰ੍ਹਾਂ ਖਬਰ ਉਛਾਲੀ, ਉਸ ਤੋਂ ਸਾਫ ਹੈ ਕਿ ਉਹ ਜਹਾਜ਼ ਬਣਾਉਣ ਵਾਲੀ ਕੰਪਨੀ ਨੂੰ ਬਚਾਉਣ ਲਈ ਦੋਸ਼ ਪਾਇਲਟਾਂ ਸਿਰ ਮੜ੍ਹਨਾ ਚਾਹੁੰਦੀ ਹੈ। ਬੋਇੰਗ ਜਹਾਜ਼ ਪੱਛਮ ਵਿੱਚ ਬਣਦੇ ਹਨ। ਇੱਕ ਹੋਰ ਉੱਘੀ ਪੱਤਰਕਾਰ ਬਰਖਾ ਦੱਤ ਨੇ ਕਿਹਾ ਕਿ ਬੀ ਬੀ ਸੀ ਨੇ ਗਲਤ ਖਬਰ ਦਿੱਤੀ ਹੈ। ਰਿਪੋਰਟ ਵਿੱਚ ਕਿਤੇ ਵੀ ਨਹੀਂ ਕਿਹਾ ਗਿਆ ਕਿ ਪਾਇਲਟਾਂ ਨੇ ਤੇਲ ਬੰਦ ਕੀਤਾ ਅਤੇ ਨਾ ਹੀ ਇਹ ਕਿ ਜਹਾਜ਼ ਵਿੱਚ ਕੋਈ ਨੁਕਸ ਨਹੀਂ ਸੀ।