ਰਾਜ ਸਭਾ ਲਈ ਚਾਰ ਮੈਂਬਰ ਨਾਮਜ਼ਦ

0
125

ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਾਮਜ਼ਦ ਮੈਂਬਰਾਂ ਦੀ ਸੇਵਾਮੁਕਤੀ ਕਾਰਨ ਖਾਲੀ ਅਸਾਮੀਆਂ ਨੂੰ ਭਰਨ ਲਈ ਐਡਵੋਕੇਟ ਉੱਜਵਲ ਦੇਵਰਾਓ ਨਿਕਮ, ਕੇਰਲਾ ਭਾਜਪਾ ਦੇ ਆਗੂ ਸੀ ਸਦਾਨੰਦਨ ਮਾਸਟਰ, ਡਿਪਲੋਮੈਟ ਹਰਸ਼ਵਰਧਨ ਸ਼ਿ੍ਰੰਗਲਾ ਤੇ ਇਤਿਹਾਸਕਾਰ ਡਾ. ਮੀਨਾਕਸ਼ੀ ਜੈਨ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਰਾਸ਼ਟਰਪਤੀ ਵੱਖ-ਵੱਖ ਖੇਤਰਾਂ ਨਾਲ ਸੰਬੰਧਤ 12 ਹਸਤੀਆਂ ਨੂੰ ਰਾਜ ਸਭਾ ਲਈ ਨਾਮਜ਼ਦ ਕਰ ਸਕਦੇ ਹਨ।
ਉੱਜਵਲ ਨਿਕਮ ਨੇ 26/11 ਮੁੰਬਈ ਦਹਿਸ਼ਤੀ ਹਮਲੇ ਦੇ ਇਕਲੌਤੇ ਜਿਉਂਦੇ ਫੜੇ ਗਏ ਦਹਿਸ਼ਤਗਰਦ ਅਜਮਲ ਕਸਾਬ ਨੂੰ ਮੌਤ ਦੀ ਸਜ਼ਾ ਦਿਵਾਈ ਸੀ। ਨਿਕਮ ਨੇ 2024 ਵਿੱਚ ਭਾਜਪਾ ਦੀ ਟਿਕਟ ’ਤੇ ਮੁੰਬਈ ਉੱਤਰ-ਕੇਂਦਰੀ ਸੀਟ ਤੋਂ ਚੋਣ ਲੜੀ ਸੀ, ਪਰ ਹਾਰ ਗਏ ਸਨ।
ਨਿਕਮ ਨੇ ਕਈ ਹਾਈ-ਪ੍ਰੋਫਾਈਲ ਮਾਮਲਿਆਂ ਵਿਚ ਵਕਾਲਤ ਕੀਤੀ, ਜਿਨ੍ਹਾਂ ਵਿੱਚ 1993 ਦੇ ਮੁੰਬਈ ਧਮਾਕੇ, ਗੁਲਸ਼ਨ ਕੁਮਾਰ ਹੱਤਿਆ, ਪ੍ਰਮੋਦ ਮਹਾਜਨ ਹੱਤਿਆ, ਮਰੀਨ ਡਰਾਈਵ ਬਲਾਤਕਾਰ ਮਾਮਲਾ ਅਤੇ 2008 ਦੇ ਮੁੰਬਈ ਦਹਿਸ਼ਤੀ ਹਮਲੇ ਸ਼ਾਮਲ ਹਨ। ਸ਼ਿ੍ਰੰਗਲਾ ਭਾਰਤ ਦੇ ਵਿਦੇਸ਼ ਸਕੱਤਰ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ, ਬੰਗਲਾਦੇਸ਼ ਵਿੱਚ ਹਾਈ ਕਮਿਸ਼ਨਰ ਅਤੇ ਥਾਈਲੈਂਡ ਵਿੱਚ ਰਾਜਦੂਤ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਕਮਿਊਨਿਸਟ ਪਰਵਾਰ ਵਿੱਚ ਪੈਦਾ ਹੋਏ ਸੀ ਸਦਾਨੰਦਨ ਮਾਸਟਰ ਕੇਰਲਾ ਭਾਜਪਾ ਦੇ ਆਗੂ ਹਨ। ਸੀ ਪੀ ਆਈ (ਐੱਮ) ਵਰਕਰਾਂ ਨਾਲ ਲੜਾਈ ਵਿੱਚ ਉਨ੍ਹਾ ਦੀਆਂ ਲੱਤਾਂ ਵੱਢੀਆਂ ਗਈਆਂ ਸਨ। ਉਨ੍ਹਾ ਕੂਥੁਪਰਾਂਬੂ ਹਲਕੇ ਤੋਂ ਅਸੈਂਬਲੀ ਚੋਣ ਲੜੀ ਸੀ, ਪਰ ਹਾਰ ਗਏ ਸਨ। ਡਾ. ਮੀਨਾਕਸ਼ੀ ਜੈਨ ਭਾਰਤੀ ਦਿ੍ਰਸ਼ਟੀਕੋਣ ਵਾਲੀ ਇਤਿਹਾਸਕਾਰ ਹੈ ਅਤੇ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਇਤਿਹਾਸ ਪੜ੍ਹਾਉਂਦੀ ਰਹੀ ਹੈ।