ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਣੀਪੁਰ ਦੇ ਪੰਜ ਜੇ ਡੀ (ਯੂ) ਵਿਧਾਇਕਾਂ ਦੇ ਭਾਜਪਾ ਵਿਚ ਸ਼ਾਮਲ ਹੋਣ ’ਤੇ ਸ਼ਨੀਵਾਰ ਸਖਤ ਗੁੱਸੇ ਦਾ ਇਜ਼ਹਾਰ ਕੀਤਾ। ਪਾਰਟੀ ਦਫਤਰ, ਜਿੱਥੇ ਪਾਰਟੀ ਦੀ ਕੌਮੀ ਮੀਟਿੰਗ ਚੱਲ ਰਹੀ ਹੈ, ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਭਾਜਪਾ ਦੀ ਹਰਕਤ ਦੀ ਸੰਵਿਧਾਨਕਤਾ ’ਤੇ ਕਿੰਤੂ ਕੀਤਾ। ਉਨ੍ਹਾ ਕਿਹਾ ਕਿ ਮਣੀਪੁਰ ਦੇ ਵਿਧਾਇਕਾਂ ਨੇ ਮੀਟਿੰਗ ਵਿਚ ਪੁੱਜਣ ਦੀ ਪੁਸ਼ਟੀ ਕੀਤੀ ਸੀ ਤੇ ਜੇ ਡੀ (ਯੂ) ਵੱਲੋਂ ਬਿਹਾਰ ’ਚ ਭਾਜਪਾ ਨਾਲ ਤੋੜ-ਵਿਛੋੜੇ ਦੇ ਫੈਸਲੇ ਦੀ ਵੀ ਹਮਾਇਤ ਕੀਤੀ ਸੀ। ਨਿਤੀਸ਼ ਨੇ ਕਿਹਾ-ਜਦੋਂ ਅਸੀਂ ਐੱਨ ਡੀ ਏ ਵਿਚ ਸੀ, ਭਾਜਪਾ ਨੇ ਸਾਡੇ ਵਿਧਾਇਕਾਂ ਨੂੰ ਕੁਝ ਨਹੀਂ ਦਿੱਤਾ ਤੇ ਜਦੋਂ ਐੱਨ ਡੀ ਏ ਛੱਡਿਆ ਤਾਂ ਦਲਬਦਲੀ ਕਰਵਾ ਲਈ। ਕੀ ਇਹ ਵਾਜਬ ਹੈ? ਕੀ ਇਹ ਸੰਵਿਧਾਨਕ-ਪਰਕ ਹੈ? ਭਾਜਪਾ ਹਰ ਕਿਤੇ ਇਹ ਕਰ ਰਹੀ ਹੈ। ਇਸ ਕਰਕੇ ਸਾਰੀਆਂ ਪਾਰਟੀਆਂ ਨੂੰ 2024 ਦੀਆਂ ਚੋਣਾਂ ਲਈ ਇਕੱਠੀਆਂ ਹੋ ਜਾਣਾ ਚਾਹੀਦਾ ਹੈ। ਕੁਝ ਦਿਨਾਂ ਵਿਚ ਦਿੱਲੀ ’ਚ ਵੱਡੇ ਆਗੂਆਂ ਨੂੰ ਮਿਲ ਕੇ ਆਪੋਜ਼ੀਸ਼ਨ ਏਕਤਾ ਬਾਰੇ ਗੱਲਬਾਤ ਕਰਨ ਦੀਆਂ ਰਿਪੋਰਟਾਂ ’ਤੇ ਨਿਤੀਸ਼ ਨੇ ਕਿਹਾ ਕਿ ਉਹ ਦਿੱਲੀ ਜਾ ਰਹੇ ਹਨ। ਉਨ੍ਹਾ ਕਿਹਾ ਕਿ ਜੇ ਆਪੋਜ਼ੀਸ਼ਨ ਪਾਰਟੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਲੋਕਾਂ ਦਾ ਫਤਵਾ ਬਹੁਤ ਚੰਗਾ ਹੋਵੇਗਾ। ਜੇ ਡੀ (ਯੂ) ਨੇ ਮਾਰਚ ਵਿਚ ਮਣੀਪੁਰ ਅਸੰਬਲੀ ਦੀਆਂ 38 ਸੀਟਾਂ ’ਤੇ ਚੋਣਾਂ ਲੜੀਆਂ ਸਨ ਤੇ ਉਸ ਦੇ ਛੇ ਉਮੀਦਵਾਰ ਵਿਧਾਇਕ ਚੁਣੇ ਗਏ ਸਨ। ਇਸੇ ਦੌਰਾਨ ਨਿਤੀਸ਼ ਨਾਲ ਉਪ ਮੁੱਖ ਮੰਤਰੀ ਰਹੇ ਭਾਜਪਾ ਆਗੂ ਸੁਸ਼ੀਲ ਕੁਮਾਰ ਨੇ ਟਾਂਚ ਕਰਦਿਆਂ ਟਵੀਟ ਕੀਤਾ ਹੈ-ਅਰੁਣਾਚਲ ਦੇ ਬਾਅਦ ਮਣੀਪੁਰ ਵੀ ਜੇ ਡੀ ਯੂ ਮੁਕਤ। ਬਹੁਤ ਛੇਤੀ ਲਾਲੂ ਜੀ ਬਿਹਾਰ ਨੂੰ ਵੀ ਜੇ ਡੀ ਯੂ ਮੁਕਤ ਕਰ ਦੇਣਗੇ। ਇਸ ਦੇ ਜਵਾਬ ਵਿਚ ਜੇ ਡੀ ਯੂ ਦੇ ਪ੍ਰਧਾਨ ਰਾਜੀਵ ਰੰਜਨ ਉਰਫ ਲੱਲਨ ਸਿੰਘ ਨੇ ਟਵੀਟ ਕੀਤਾ ਹੈ-ਸੁਸ਼ੀਲ ਮੋਦੀ ਜੀ, ਤੁਹਾਨੂੰ ਚੇਤੇ ਕਰਾਉਣਾ ਚਾਹੁੰਦਾ ਹਾਂ ਕਿ ਅਰੁਣਾਚਲ ਤੇ ਮਣੀਪੁਰ ਦੋਹੀਂ ਥਾਈਂ ਜੇ ਡੀ ਯੂ ਨੇ ਭਾਜਪਾ ਨੂੰ ਹਰਾ ਕੇ ਸੀਟਾਂ ਜਿੱਤੀਆਂ ਸਨ। ਇਸ ਲਈ ਜੇ ਡੀ ਯੂ ਤੋਂ ਮੁਕਤੀ ਦਾ ਭੈੜਾ ਸੁਫਨਾ ਦਾ ਦੇਖੋ। ਮਣੀਪੁਰ ਵਿਚ ਇਕ ਵਾਰ ਫਿਰ ਭਾਜਪਾ ਦਾ ਨੈਤਿਕ ਆਚਰਣ ਸਭ ਦੇ ਸਾਹਮਣੇ ਆਇਆ ਹੈ। ਉਸ ਨੇ ਪੈਸਿਆਂ ਨਾਲ ਵਿਧਾਇਕ ਖਰੀਦੇ ਹਨ। ਤੁਹਾਨੂੰ ਤਾਂ ਯਾਦ ਹੋਵੇਗਾ 2015 ਵਿਚ ਪ੍ਰਧਾਨ ਮੰਤਰੀ ਜੀ ਨੇ 42 ਰੈਲੀਆਂ ਕੀਤੀਆਂ ਸਨ, ਤਦ ਜਾ ਕੇ 53 ਸੀਟਾਂ ਹੀ ਜਿੱਤ ਸਕੇ ਸੀ। 2024 ਵਿਚ ਦੇਸ਼ ਜੁਮਲੇਬਾਜ਼ਾਂ ਤੋਂ ਮੁਕਤ ਹੋਵੇਗਾ, ਉਡੀਕ ਕਰੋ। ਲੱਲਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਦਿੱਲੀ ਤੇ ਝਾਰਖੰਡ ਵਿਚਲੇ ਐਕਸ਼ਨ ਦਰਸਾਉਦੇ ਹਨ ਕਿ ਭਾਜਪਾ 2024 ਨੂੰ ਲੈ ਕੇ ਕਿੰਨਾ ਡਰੀ ਹੋਈ ਹੈ।
ਜੇ ਡੀ ਯੂ ਦੇ ਇਕ ਆਗੂ ਨੇ ਦੱਸਿਆ ਕਿ ਨਿਤੀਸ਼ 5 ਤੋਂ 7 ਸਤੰਬਰ ਤਕ ਦਿੱਲੀ ਰਹਿਣਗੇ ਅਤੇ ਕੇਜਰੀਵਾਲ ਤੇ ਓਮ ਪ੍ਰਕਾਸ਼ ਚੌਟਾਲਾ ਸਣੇ ਵੱਖ-ਵੱਖ ਆਗੂਆਂ ਨੂੰ ਮਿਲਣਗੇ। ਸੋਨੀਆ ਨਾਲ ਉਹ ਪਹਿਲਾਂ ਹੀ ਸੰਪਰਕ ਵਿਚ ਹਨ।





