ਹੁਕਮਨਾਮੇ ਦਾਖਲ-ਦਫਤਰ

0
113

ਅੰਮਿ੍ਰਤਸਰ : ਤਖਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਵਿਚਾਲੇ ਪੈਦਾ ਹੋਇਆ ਵਿਵਾਦ ਦੋਵਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਇੱਕ-ਦੂਜੇ ਖਿਲਾਫ ਕੀਤੇ ਗਏ ਫੈਸਲੇ ਵਾਪਸ ਲੈ ਲੈਣ ਤੋਂ ਬਾਅਦ ਖਤਮ ਹੋ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਦਾ ਫੈਸਲਾ ਵੀ ਹੈ। ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੋਮਵਾਰ ਇੱਥੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਸੋਹੀ ਵੱਲੋਂ ਭੇਜੇ ਗਏ ਪੱਤਰ ’ਤੇ ਵਿਚਾਰ ਕਰਦਿਆਂ ਵਿਵਾਦ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਕਤ ਪੱਤਰ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਰਬਉੱਚ ਹੈ ਅਤੇ ਉਹ ਸ੍ਰੀ ਅਕਾਲ ਤਖਤ ਨੂੰ ਸਮਰਪਤ ਹਨ। ਇਸ ਦੇ ਨਾਲ ਹੀ ਉਨ੍ਹਾ ਵੱਲੋਂ 21 ਮਈ ਨੂੰ ਕੀਤੇ ਗਏ ਫੈਸਲਿਆਂ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਜੱਥੇਦਾਰ ਗੜਗੱਜ ਨੇ ਦੱਸਿਆ ਕਿ ਪੱਤਰ ’ਤੇ ਵਿਚਾਰ ਕਰਨ ਲਈ ਸਿੰਘ ਸਾਹਿਬਾਨ ਦੀ ਮੀਟਿੰਗ ਦੌਰਾਨ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਤੇ ਹੈੱਡ ਗ੍ਰੰਥੀ ਗਿਆਨੀ ਬਲਦੇਵ ਸਿੰਘ ਅਤੇ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਗੁਰਦਿਆਲ ਸਿੰਘ ਦੀਆਂ ਸੇਵਾਵਾਂ ’ਤੇ ਲਾਈ ਗਈ ਰੋਕ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਗਿਆਨੀ ਗੁਰਦਿਆਲ ਸਿੰਘ ਤੇ ਪ੍ਰਬੰਧਕੀ ਕਮੇਟੀ ਦੇ ਦੋ ਮੈਂਬਰਾਂ ਨੂੰ ਤਨਖਾਹੀਆ ਕਰਾਰ ਦੇਣ ਦਾ ਫੈਸਲਾ ਵੀ ਵਾਪਸ ਲੈ ਲਿਆ ਹੈ। ਇਹ ਕਾਰਵਾਈ ਪੰਥ ਦੇ ਵਡੇਰੇ ਹਿੱਤਾਂ ਅਤੇ ਤਖਤਾਂ ਦੀ ਮਾਣ-ਮਰਿਆਦਾ ਨੂੰ ਧਿਆਨ ’ਚ ਰੱਖਦੇ ਹੋਏ ਕੀਤੀ ਗਈ ਹੈ। ਇਸ ਤੋਂ ਪਹਿਲਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਵੀ 21 ਮਈ ਅਤੇ ਉਸ ਤੋਂ ਬਾਅਦ ਕੀਤੇ ਸਾਰੇ ਫੈਸਲੇ ਵਾਪਸ ਲੈ ਲਏ ਗਏ ਹਨ। ਇਸ ਸੰਬੰਧ ’ਚ ਉਨ੍ਹਾਂ ਇੱਕ ਪੱਤਰ ਭੇਜ ਕੇ ਸ੍ਰੀ ਅਕਾਲ ਤਖਤ ਨੂੰ ਜਾਣੂ ਕਰਵਾਇਆ ਹੈ। ਇੱਕ ਹੋਰ ਫੈਸਲੇ ਤਹਿਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਪ੍ਰਬੰਧਕੀ ਕਮੇਟੀ ਖਿਲਾਫ ਕੀਤਾ ਅਦਾਲਤੀ ਕੇਸ ਵਾਪਸ ਲੈਣ ਅਤੇ ਪ੍ਰਬੰਧਕੀ ਕਮੇਟੀ ਨੂੰ ਉਨ੍ਹਾ ਦੇ ਬਣਦੇ ਲਾਭ ਜਾਰੀ ਕਰਨ ਲਈ ਕਿਹਾ ਗਿਆ ਹੈ। ਸਾਬਕਾ ਜਥੇਦਾਰ ਅਤੇ ਹੋਰ ਸੰਬੰਧਤਾਂ ਨੂੰ ਵੀ ਆਦੇਸ਼ ਕੀਤਾ ਹੈ ਕਿ ਉਹ ਇਸ ਮਾਮਲੇ ’ਚ ਸੋਸ਼ਲ ਮੀਡੀਆ ਜਾਂ ਮੀਡੀਆ ਵਿੱਚ ਕੋਈ ਬਿਆਨਬਾਜ਼ੀ ਨਾ ਕਰਨ।