ਭਾਰਤ, ਜਿਸ ਦੀਆਂ ਰਗਾਂ ਵਿੱਚ ਅਨੇਕਾਂ ਭਾਸ਼ਾਵਾਂ ਵਹਿੰਦੀਆਂ ਹਨ, ਅੱਜ ਇੱਕ ਅਜੀਬ ਸੰਕਟ ਵਿੱਚੋਂ ਲੰਘ ਰਿਹਾ ਹੈ। ਭਾਸ਼ਾ ਨੂੰ ਸੰਵਾਦ ਦੇ ਜ਼ਰੀਏ ਦੀ ਥਾਂ ਪਛਾਣ ਦੀ ਕੰਧ ਬਣਾਇਆ ਜਾ ਰਿਹਾ ਹੈ। ਹਾਲ ਹੀ ਵਿੱਚ ਮਹਾਰਾਸ਼ਟਰ ’ਚ ਹੋਈਆਂ ਘਟਨਾਵਾਂ ਨੇ ਸਥਿਤੀ ਹੋਰ ਗੰਭੀਰ ਬਣਾ ਦਿੱਤੀ ਹੈ, ਜਿੱਥੇ ਲੋਕਾਂ ’ਤੇ ਸਿਰਫ ਇਸ ਲਈ ਹਮਲੇ ਕੀਤੇ ਜਾ ਰਹੇ ਹਨ ਕਿ ਉਹ ਮਰਾਠੀ ਨਹੀਂ ਬੋਲ ਸਕਦੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਬਿਆਨ ਦਿੱਤਾ ਹੈ ਕਿ ਸੂਬੇ ਵਿੱਚ ਰਹਿਣ ਵਾਲੇ ਤੋਂ ਮਰਾਠੀ ਬੋਲਣ ਦੀ ਆਸ ਤਾਂ ਕੀਤੀ ਜਾ ਸਕਦੀ ਹੈ, ਪਰ ਕੁੱਟ ਕੇ ਉਸ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ, ਪਰ ਮਾਮਲਾ ਸਿਰਫ ਬਿਆਨ ਦੇ ਕੇ ਹੱਲ ਹੋਣ ਵਾਲਾ ਨਹੀਂ, ਸਰਕਾਰ ਨੂੰ ਮਰਾਠੀ ਦੇ ਅਜਿਹੇ ਵਕੀਲਾਂ ਨਾਲ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਭਾਯੰਦਰ (ਠਾਣੇ) ਵਿੱਚ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਕਾਰਕੁਨਾਂ ਨੇ ਇੱਕ ਫੂਡ ਸਟਾਲ ਮਾਲਕ ’ਤੇ ਹਮਲਾ ਕਰ ਦਿੱਤਾ, ਕਿਉਕਿ ਉਹ ਮਰਾਠੀ ਨਹੀਂ ਬੋਲ ਸਕਿਆ। ਸ਼ਿਵ ਸੈਨਾ (ਊਬਾਠਾ) ਦੇ ਕਾਰਕੁਨ ਨੇ ਮਰਾਠੀ ਨਾ ਬੋਲਣ ਵਾਲੇ ਆਟੋ ਚਾਲਕ ਨੂੰ ਥੱਪੜ ਜੜ ਦਿੱਤੇ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਭਾਸ਼ਾ ਨੂੰ ਹਥਿਆਰ ਬਣਾ ਕੇ ਸਭ ਤੋਂ ਵੱਧ ਹਮਲੇ ਹਮੇਸ਼ਾ ਗਰੀਬ ਤੇ ਕਮਜ਼ੋਰ ਲੋਕਾਂ ’ਤੇ ਹੀ ਹੁੰਦੇ ਹਨ। ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਹਰ ਕੋਨੇ ਦੇ ਲੋਕਾਂ ਨੂੰ ਅਪਣਾਉਣ ਤੇ ਅੱਗੇ ਵਧਾਉਣ ਵਾਲਾ ਮਹਾਰਾਸ਼ਟਰ ਹੁਣ ਤੰਗਨਜ਼ਰ ਸਿਆਸਤ ਦੇ ਜਾਲ ਵਿੱਚ ਉਲਝਦਾ ਜਾ ਰਿਹਾ ਹੈ। ਮੁੰਬਈ ਨੂੰ ਮਾਇਆ ਨਗਰੀ ਬਣਾਉਣ ਵਿੱਚ ਉੱਤਰ ਭਾਰਤੀਆਂ, ਗੁਜਰਾਤੀਆਂ, ਮਾਰਵਾੜੀਆਂ, ਦੱਖਣੀ ਭਾਰਤੀਆਂ ਤੇ ਮਰਾਠੀ ਸਮਾਜ ਸਭ ਦਾ ਬਰਾਬਰ ਯੋਗਦਾਨ ਰਿਹਾ ਹੈ। ਸ਼ੇਅਰ ਬਾਜ਼ਾਰ ਤੋਂ ਲੈ ਕੇ ਬਾਲੀਵੁੱਡ ਤੱਕ ਹਰ ਥਾਂ ਇਸ ਗੰਗਾ-ਜਮਨੀ ਸੰਸ�ਿਤੀ ਦੀ ਝਲਕ ਮਿਲਦੀ ਹੈ। ਇਹ ਵੰਨਸੁਵੰਨਤਾ ਮੁੰਬਈ ਦੀ ਅਸਲੀ ਤਾਕਤ ਹੈ ਤੇ ਅੱਜ ਇਸ ’ਤੇ ਚੋਟ ਕੀਤੀ ਜਾ ਰਹੀ ਹੈ।
ਇਤਿਹਾਸ ਦੱਸਦਾ ਹੈ ਕਿ ਸ਼ਿਵਾ ਜੀ ਨੇ ਮਰਾਠੀ ਨੂੰ ਮਜ਼ਬੂਤੀ ਨਾਲ ਅੱਗੇ ਵਧਾਇਆ, ਪਰ ਕਦੇ ਹੋਰਨਾਂ ਭਾਸ਼ਾਵਾਂ ਦੀ ਤੌਹੀਨ ਨਹੀਂ ਕੀਤੀ। ਮਹਾਤਮਾ ਗਾਂਧੀ ਤੇ ਡਾ. ਭੀਮ ਰਾਓ ਅੰਬੇਡਕਰ ਨੇ ਵੀ ਭਾਸ਼ਾ ਨੂੰ ਜੋੜਨ ਦਾ ਜ਼ਰੀਆ ਮੰਨਿਆ, ਤੋੜਨ ਦਾ ਨਹੀਂ। ਭਾਰਤ ਦੀ ਆਤਮਾ ਇਸ ਦੀ ਭਾਸ਼ਾਈ ਵੰਨਸੁਵੰਨਤਾ ਵਿੱਚ ਵਸਦੀ ਹੈ। ਅਸਾਮੀ, ਬੰਗਾਲੀ, ਗੁਜਰਾਤੀ, ਹਿੰਦੀ, ਕਸ਼ਮੀਰੀ, ਕੰਨੜ, ਮੈਥਿਲੀ, ਮਲਿਆਲਮ, ਮਨੀਪੁਰੀ, ਮਰਾਠੀ, ਪੰਜਾਬੀ, ਸੰਸਕਿ੍ਰਤ, ਸਿੰਧੀ, ਤਾਮਿਲ, ਤੇਲਗੂ, ਉਰਦੂ ਸਿਰਫ ਸ਼ਬਦ ਨਹੀਂ ਹਨ, ਸਾਡੀ ਸੰਸ�ਿਤੀ ਦੇ ਫੁੱਲ ਹਨ।
ਵਿਡੰਬਨਾ ਦੇਖੋ, ਜਦੋਂ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ (ਸਿਰਫ ਮਹਾਰਾਸ਼ਟਰ ਵਿੱਚ ਹੀ ਇਸ ਸਾਲ 776 ਕਿਸਾਨ ਜਾਨ ਦੇ ਚੁੱਕੇ ਹਨ), ਜਦ ਹਜ਼ਾਰਾਂ ਪਿੰਡਾਂ ਵਿੱਚ ਸਕੂਲ ਨਹੀਂ ਹਨ, ਤਦ ਨੇਤਾ ਭਾਸ਼ਾ ’ਤੇ ਸਿਆਸਤ ਕਰ ਰਹੇ ਹਨ। ਅਸਲੀ ਸਮੱਸਿਆਵਾਂ ਤੋਂ ਧਿਆਨ ਹਟਾ ਕੇ ਲੋਕਾਂ ਨੂੰ ਵੰਡ ਰਹੇ ਹਨ। ਭਾਰਤ ਦੇ ਕਰੀਬ ਸਾਢੇ 6 ਲੱਖ ਪਿੰਡਾਂ ਵਿੱਚੋਂ ਹਰ ਸੱਤਵੇਂ ਪਿੰਡ ਵਿੱਚ ਸਕੂਲ ਨਹੀਂ। ਨੇਤਾਵਾਂ ਨੇ ਪਹਿਲਾਂ ਧਰਮ ਦੇ ਨਾਂਅ ’ਤੇ ਲੜਾਇਆ, ਫਿਰ ਜਾਤ ਦੇ ਨਾਂਅ ’ਤੇ ਅਤੇ ਹੁਣ ਭਾਰਤ ਦੇ ਨਾਂਅ ’ਤੇ ਲੜਾ ਰਹੇ ਹਨ। ਭਾਰਤ ਦਾ ਸੰਵਿਧਾਨ 22 ਭਾਸ਼ਾਵਾਂ ਨੂੰ ਮਾਨਤਾ ਦਿੰਦਾ ਹੈ। ਭਾਸ਼ਾ ਕਿਸੇ ਇੱਕ ਵਿਅਕਤੀ ਜਾਂ ਇੱਕ ਪਾਰਟੀ ਦੀ ਜਗੀਰ ਨਹੀਂ, ਇਹ ਤਾਂ ਉਹ ਨਦੀ ਹੈ, ਜਿਹੜੀ ਦਿਲਾਂ ਵਿੱਚ ਵਹਿੰਦੀ ਹੈ ਅਤੇ ਲੋਕਾਂ ਨੂੰ ਜੋੜਦੀ ਹੈ। ਲੋੜ ਹੈ ਕਿ ਅਸੀਂ ਭਾਸ਼ਾ ਦੀਆਂ ਕੰਧਾਂ ਢਾਹ ਦੇਈਏ, ਨਾ ਕਿ ਉਸ ਨੂੰ ਹਥਿਆਰ ਬਣਾਈਏ। ਇਹ ਸਵਾਲ ਸਭ ਲਈ ਹੈ : ਕੀ ਅਸੀਂ ਭਾਸ਼ਾ ਨੂੰ ਪਛਾਣ ਦੀ ਬੰਦ ਕੋਠੜੀ ਬਣਾਵਾਂਗੇ ਜਾਂ ਸੰਵਾਦ ਦਾ ਪੁਲ? ਕੀ ਅਸੀਂ ਹਰ ਭਾਸ਼ਾ ਨੂੰ ਉਸ ਦੀ ਸੁੰਦਰਤਾ ਤੇ ਯੋਗਦਾਨ ਲਈ ਸਨਮਾਨ ਦੇਵਾਂਗੇ ਜਾਂ ਫਿਰ ਹਰ ਰਾਜ ਨੂੰ ਅਜਿਹਾ ਗੜ੍ਹ ਬਣਾ ਦੇਵਾਂਗੇ, ਜਿੱਥੇ ਬਾਹਰੀ ਲਈ ਕੋਈ ਥਾਂ ਨਾ ਹੋਵੇ? ਭਾਰਤ ਦੀ ਅਸਲੀ ਤਾਕਤ ਇਸ ਦੀ ਇੱਕਰੂਪਤਾ ਵਿੱਚ ਨਹੀਂ, ਬਹੁਰੂਪਤਾ ਵਿੱਚ ਹੈ। ਭਾਸ਼ਾ ਭਾਵਨਾ ਹੈ, ਹਥਿਆਰ ਨਹੀਂ।



