ਹੈਦਰਾਬਾਦ : ਤਿਲੰਗਾਨਾ ਦੇ ਸੀ ਪੀ ਆਈ ਆਗੂ ਦੀ ਮੰਗਲਵਾਰ ਸਵੇਰ ਇੱਥੇ ਮਲਕਪੇਟ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਅਣਪਛਾਤੇ ਹਮਲਾਵਰ ਇੱਕ ਕਾਰ ਵਿੱਚ ਆਏ ਅਤੇ ਪਤਨੀ ਤੇ ਬੇਟੇ ਨਾਲ ਸਵੇਰ ਦੀ ਸੈਰ ਕਰ ਰਹੇ ਕਮਿਊਨਿਸਟ ਪਾਰਟੀ ਦੀ ਸਟੇਟ ਕੌਂਸਲ ਦੇ ਮੈਂਬਰ ਕੇ ਚੰਦੂ ਨਾਇਕ ’ਤੇ ਗੋਲੀਆਂ ਚਲਾ ਦਿੱਤੀਆਂ। ਕਈ ਗੋਲੀਆਂ ਲੱਗਣ ਕਾਰਨ ਆਗੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲਾਵਰ ਫਰਾਰ ਹੋ ਗਏ।
ਦੋ ਯਾਤਰੀ ਜਹਾਜ਼ ਤੋਂ ਉਤਾਰੇ
ਨਵੀਂ ਦਿੱਲੀ : ਸੋਮਵਾਰ ਦਿੱਲੀ ਤੋਂ ਮੁੰਬਈ ਜਾਣ ਲਈ ਰਨਵੇਅ ’ਤੇ ਤਿਆਰ ਸਪਾਈਸਜੈੱਟ ਦੇ ਜਹਾਜ਼ ਦੀ ਕੌਕਪਿਟ ’ਚ ਜਬਰੀ ਦਾਖਲ ਹੋਣ ਦੀ ਕੋੋਸ਼ਿਸ਼ ਕਰਨ ਵਾਲੇ ਦੋ ਯਾਤਰੀਆਂ ਨੂੰ ਜਹਾਜ਼ ’ਚੋਂ ਉਤਾਰ ਕੇ ਸੀ ਆਈ ਐੱਸ ਐੱਫ ਦੇ ਹਵਾਲੇ ਕਰ ਦਿੱਤਾ ਗਿਆ। ਸਪਾਈਸਜੈੱਟ ਮੁਤਾਬਕ ਕੈਬਿਨ ਦੇ ਅਮਲੇ, ਸਾਥੀ ਯਾਤਰੀਆਂ ਅਤੇ ਕੈਪਟਨ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਦੋਵਾਂ ਯਾਤਰੀਆਂ ਨੇ ਆਪਣੀਆਂ ਸੀਟਾਂ ’ਤੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। ਫਲਾਈਟ, ਜੋ ਅਸਲ ਵਿੱਚ ਦੁਪਹਿਰ 12:30 ਵਜੇ ਰਵਾਨਾ ਹੋਣ ਵਾਲੀ ਸੀ, ਸ਼ਾਮ 7:21 ਵਜੇ ਰਵਾਨਾ ਹੋਈ।
ਆਤਮਦਾਹ ਕਰਨ ਵਾਲੀ ਵਿਦਿਆਰਥਣ ਦੀ ਮੌਤ
ਭੁਬਨੇਸ਼ਵਰ : ਪ੍ਰੋਫੈਸਰ ਵੱਲੋਂ ਜਿਨਸੀ ਤੌਰ ’ਤੇ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਖੁਦ ਨੂੰ ਅੱਗ ਲਗਾਉਣ ਵਾਲੀ ਓਡੀਸ਼ਾ ਦੀ ਵਿਦਿਆਰਥਣ ਦੀ ਏਮਜ਼ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਬਾਲਾਸੋਰ ਦੇ ਫਕੀਰ ਮੋਹਨ (ਆਟੋਨੋਮਸ) ਕਾਲਜ ਦੀ ਦੂਜੇ ਸਾਲ ਦੀ ਇੰਟੈਗ੍ਰੇਟਿਡ ਬੀ ਐੱਡ ਦੀ ਵਿਦਿਆਰਥਣ ਤਿੰਨ ਦਿਨ ਤੋਂ ਗੰਭੀਰ ਹਾਲਤ ਵਿਚ ਸੀ। ਉਸ ਨੇ ਪ੍ਰੋਫੈਸਰ ਵਿਰੁੱਧ ਕਾਰਵਾਈ ਨਾ ਹੋਣ ’ਤੇ ਸ਼ਨਿੱਚਰਵਾਰ ਨੂੰ ਇਹ ਵੱਡਾ ਕਦਮ ਚੁੱਕਿਆ ਸੀ ਅਤੇ 95 ਫੀਸਦੀ ਝੁਲਸ ਗਈ ਸੀ। ਕਾਲਜ ਦੇ ਸਿੱਖਿਆ ਵਿਭਾਗ ਦੇ ਮੁਖੀ ਸਮੀਰ ਕੁਮਾਰ ਸਾਹੂ ਅਤੇ ਪਿ੍ਰੰਸੀਪਲ ਦਿਲੀਪ ਘੋਸ਼ ਨੂੰ ਇਸ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।
ਟੈਸਲਾ ਦੀ ਐਂਟਰੀ, ਕੀਮਤ 60 ਲੱਖ
ਮੁੰਬਈ : ਐਲਨ ਮਸਕ ਦੀ ਮਾਲਕੀ ਵਾਲੀ ਟੈਸਲਾ ਕਾਰ ਦੀ ਮੰਗਲਵਾਰ ਭਾਰਤ ਵਿੱਚ ਐਂਟਰੀ ਹੋ ਗਈ, ਜਦੋਂ ਇਲੈਕਟਿ੍ਰਕ ਵਾਹਨ ਬਣਾਉਣ ਵਾਲੀ ਕੰਪਨੀ ਦੇ ਪਹਿਲੇ ਸ਼ੋਅਰੂਮ ਦਾ ਇੱਥੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਦਘਾਟਨ ਕੀਤਾ। ਟੈਸਲਾ ਭਾਰਤ ਵਿੱਚ ਫਿਲਹਾਲ ਮਾਡਲ ਵਾਈ ਕਾਰਾਂ ਵੇਚੇਗੀ। ਰੀਅਰ-ਵ੍ਹੀਲ ਡਰਾਈਵ ਮਾਡਲ ਦੀ ਕੀਮਤ 60.1 ਲੱਖ ਰੁਪਏ ਹੈ ਅਤੇ ਲੰਬੀ ਰੇਂਜ ਵਾਲਾ ਵੈਰੀਐਂਟ 67.8 ਲੱਖ ਰੁਪਏ ਦਾ ਹੈ। ਇਹ ਕੀਮਤਾਂ ਦੂਜੇ ਬਾਜ਼ਾਰਾਂ ਨਾਲੋਂ ਕਾਫੀ ਜ਼ਿਆਦਾ ਹਨ। ਇਹੀ ਵਾਹਨ ਅਮਰੀਕਾ ਵਿੱਚ 38.6 ਲੱਖ, ਚੀਨ ਵਿੱਚ 30.5 ਲੱਖ ਅਤੇ ਜਰਮਨੀ ਵਿੱਚ 46 ਲੱਖ ਰੁਪਏ ਤੋਂ ਸ਼ੁਰੂ ਹੁੰਦਾ ਹੈ। ਕੀਮਤਾਂ ਵਿਚਲਾ ਇਹ ਫ਼ਰਕ ਮੁੱਖ ਤੌਰ ’ਤੇ ਭਾਰਤ ਵੱਲੋਂ ਲਾਇਆ ਭਾਰੀ ਦਰਾਮਦ ਟੈਕਸ ਹੈ।
ਟੈਂਪੂ ਖੱਡ ’ਚ, 5 ਮੌਤਾਂ
ਜੰਮੂ : ਪਹਾੜੀ ਜ਼ਿਲ੍ਹੇ ਡੋਡਾ ਵਿੱਚ ਮੰਗਲਵਾਰ ਸਵੇਰੇ ਟੈਂਪੂ ਟਰੈਵਲਰ ਦੇ ਡੂੰਘੀ ਖੱਡ ਵਿਚ ਡਿੱਗਣ ਨਾਲ ਮਹਿਲਾ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 17 ਜਣੇ ਜ਼ਖਮੀ ਹੋ ਗਏ। ਹਾਦਸਾ ਡੋਡਾ ਤੋਂ 30 ਕਿੱਲੋਮੀਟਰ ਦੂਰ ਡੋਡਾ-ਭਾਰਥ ਰੋਡ ’ਤੇ ਪੌਂਡਾ ਨੇੜੇ ਹੋਇਆ। ਟੈਂਪੂ ਟਰੈਵਲਰ ਵਿੱਚ ਸਮਰੱਥਾ ਨਾਲੋਂ ਵੱਧ ਸਵਾਰੀਆਂ ਸਨ ਤੇ ਸਵੇਰੇ 9 ਵਜੇ ਦੇ ਕਰੀਬ ਇਕ ਕੂਹਣੀ ਮੋੜ ’ਤੇ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗਾ। ਮਿ੍ਰਤਕਾਂ ਦੀ ਪਛਾਣ ਮੁਹੰਮਦ ਅਸ਼ਰਫ਼ (35), ਮੰਗਤਾ ਵਾਨੀ (51), ਅਤਾ ਮੁਹੰਮਦਾ (33), ਤਾਲਿਬ ਹੁਸੈਨ (35) ਤੇ ਰਫ਼ੀਕਾ ਬੇਗ਼ਮ (60) ਵਜੋਂ ਹੋਈ ਹੈ।




