ਲੋਹੇ ਦੇ ਮੰਜੇ ’ਚ ਕਰੰਟ ਆਉਣ ਨਾਲ ਤਿੰਨ ਬੱਚੀਆਂ ਦੀ ਮੌਤ

0
150

ਪਾਤੜਾਂ, (ਨਿਸ਼ਾਨ ਸਿੰਘ ਬਣਵਾਲਾ)
ਸ਼ਹਿਰ ਦੀ ਅਨਾਜ ਮੰਡੀ ਦੇ ਪੰਜ ਕਿੱਲਿਆਂ ਵਾਲੇ ਫੜ੍ਹਾਂ ਦੇ ਨਜ਼ਦੀਕ ਇੱਕ ਪਲਾਟ ਵਿੱਚ ਕਿਰਾਏ ਉਤੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਪਰਵਾਰ ਦੀਆਂ ਤਿੰਨ ਮਾਸੂਮ ਬੱਚੀਆਂ ਦੀ ਬੁੱਧਵਾਰ ਦੁਪਹਿਰ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਬਿਹਾਰ ਤੋਂ ਪਾਤੜਾਂ ਵਿਖੇ ਕੰਮ ਕਰਨ ਆਏ ਪ੍ਰਵਾਸੀ ਮਜ਼ਦੂਰ ਪਰਵਾਰ ਨਾਲ ਸੰਬੰਧਤ ਮਿ੍ਰਤਕ ਬੱਚੀਆਂ ਦੀ ਉਮਰ 7 ਸਾਲ, 5 ਸਾਲ ਅਤੇ 3 ਸਾਲ ਦੱਸੀ ਜਾ ਰਹੀ ਹੈ। ਤਿੰਨੋਂ ਭੈਣਾਂ ਹਾਦਸੇ ਸਮੇਂ ਘਰ ਵਿੱਚ ਇਕੱਲੀਆਂ ਸਨ। ਮਿ੍ਰਤਕ ਬੱਚੀਆਂ ਦੇ ਮਾਂ-ਬਾਪ ਮਜ਼ਦੂਰੀ ਲਈ ਘਰ ਤੋਂ ਬਾਹਰ ਗਏ ਹੋਏ ਸਨ। ਘਟਨਾ ਦਾ ਪਤਾ ਲੱਗਣ ’ਤੇ ਪਾਵਰਕਾਮ ਅਤੇ ਪੁਲਸ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਵਾਪਰੀ। ਜਦੋਂ ਬੱਚੀਆਂ ਦੇ ਮਾਪੇ ਕੰਮ ਤੋਂ ਵਾਪਸ ਆਏ ਤਾਂ ਤਿੰਨੋਂ ਘਰ ਦੇ ਅੰਦਰ ਬੇਹੋਸ਼ ਪਈਆਂ ਸਨ। ਪਤਾ ਲੱਗਾ ਹੈ ਕਿ ਪੱਖਾ ਲੋਹੇ ਦੇ ਮੰਜੇ ਦੇ ਬਹੁਤ ਨੇੜੇ ਸੀ, ਜਿਸ ਉੱਤੇ ਤਿੰਨੋਂ ਸੁੱਤੀਆਂ ਹੋਈਆਂ ਸਨ। ਅਚਾਨਕ ਪੱਖੇ ਦੀ ਤਾਰ ਮੰਜੇ ਨੂੰ ਛੂਹ ਗਈ, ਜਿਸ ਕਾਰਨ ਮੰਜੇ ਵਿੱਚ ਕਰੰਟ ਆ ਗਿਆ। ਮਿ੍ਰਤਕ ਬੱਚੀਆਂ ਦੀ ਪਛਾਣ ਨਗਮਾ ਖਾਤਿਮ (7) ਰੁਕਸਾਰ ਖਾਤਿਮ (5) ਅਤੇ ਖੁਸ਼ੀ ਖਾਤਿਮ (3) ਪੁੱਤਰੀਆਂ ਮੁਹੰਮਦ ਫਾਰੂਕਦੀਨ ਪੁੱਤਰ ਮੁਹੰਮਦ ਸਲੀਮ ਵਾਸੀ ਪਿੰਡ ਲੱਖਰਾ ਬਸਤੀ ਜ਼ਿਲ੍ਹਾ ਰਈਆ (ਬਿਹਾਰ) ਵਜੋਂ ਹੋਈ ਹੈ।